ਕੁਲਵੰਤ ਸਿੰਘ  ਵਿਰਕ ਨਾਲ ਮੁਲਾਕਾਤ

ਕੁਲਵੰਤ ਸਿੰਘ  ਵਿਰਕ ਨਾਲ ਮੁਲਾਕਾਤ

ਇਹ ਗੱਲ ਅੱਜ ਜ਼ਹਿਨ ਵਿਚ ਆਈ ਤੇ ਤੁਹਾਡੇ ਨਾਲ ਸਾਂਝੀ ਕਰਨ ਨੂੰ ਜੀਅ ਕੀਤਾ। ਜ਼ਿੰਦਗੀ ਵਿਚ ਕੁਝ ਲੋਕ ਮਿਲਦੇ ਹਨ ਉਹ ਹੁੰਦੇ ਨਹੀ ਹਨ ਜੋ ਉਹ ਦਿਸਦੇ ਹਨ। ਆਪਣੇ ਦਿਸਣ ਦੇ ਅੰਦਾਜ਼ ਤੋਂ ਉਨਾਂ ਦਾ ਵੇਖਰੇਵਾਂ ਹੁੰਦਾ ਹੈ। ਇਹ ਸਮਝ ਆਉਣ ਵਾਲੀ ਗੱਲ ਹੈ ਤੇ ਬੇਫਿਕਰੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਦੁਨੀਆਂ ਵਿਚ ਹਰ ਭਾਂਤ ਦੇ ਲੋਕ ਮੌਜੂਦ ਹਨ। ਸਿਰਫ ਉਨਾਂ ਬਾਰੇ ਸਹੀ ਤਸਵੀਰ ਜਾਣ ਲੈਣੀ ਹੀ ਕਾਫੀ ਹੁੰਦੀ ਹੈ। ਕਹਿੰਦੇ ਹਨ ਕਿ ਸਮਝ ਲੈਂਦੇ ਹਾਂ ਮਜ਼ਬੂਨ ਨੂੰ ਲਿਫਾਫਾ ਵੇਖਕੇ। ਦੂਜੇ ਸ਼ਬਦਾਂ ਵਿਚ ਕਿਤਾਬ ਦੇ ਕਵਰ ਤੋਂ ਉਸ ਬਾਰੇ ਅੰਦਾਜ਼ਾ ਲਾ ਲੈਣਾ, ਜਿੱਥੇ ਭਰਮ ਸਿਰਜ ਦਿੰਦਾ ਹੈ ਉੱਥੇ ਤੁਹਾਡਾ ਸਮਾਂ ਵੀ ਦਾਅ ਤੇ ਲੱਗ ਜਾਂਦਾ ਹੈ। ਕਿਸੇ ਵਿਦਵਾਨ ਨੇ ਕਿਹਾ ਸੀ ਕਿ ਮੈਂ ਕਿਤਾਬਾਂ ਨਹੀ ਪੜ੍ਹਦਾ ਸਿਰਫ ਚੰਗੀਆ ਕਿਤਾਬਾਂ ਹੀ ਪੜ੍ਹਦਾ ਹਾਂ।

ਇਸਤੋਂ ਪਹਿਲਾਂ ਕਿ ਗੱਲ ਦਾ ਮੰਥਨ ਸਮਝ ਆਵੇ, ਤੁਹਾਨੂੰ ਇੱਕ ਐਸੀ ਗਾਥਾ ਦਸਦਾ ਹਾਂ ਜਿਸ ਵਿਚ ਇੱਕ ਵਿਅਕਤੀ ਨਾਲ ਮੇਰੀ ਮੁਲਾਕਾਤ ਹੋਈ।

ਬਹੁਤ ਸਾਰੇ ਲੇਖਕਾਂ ਦੇ ਇੱਕਠ ਵਿਚ ਜਾਣ ਦਾ ਮੌਕਾ ਅਕਸਰ ਮਿਲਦਾ ਰਹਿੰਦਾ ਹੈ।

ਸੁਆਲ ਵੀ ਉਤਪੰਨ ਹੁੰਦੇ ਹਨ। ਸੁਆਲ  ਵੀ ਠਰਦੇ ਹਨ  ਉਨ੍ਹਾਂ ਦੇ ਜੁਆਬ ਸੁਣਕੇ ਪਰ ਕਈ ਵਾਰੀ ਕੁਝ ਵਿਚ ਵਿਚਾਲੇ ਦੇ ਲੋਕ ਤੁਹਾਡੀ ਮਨਸ਼ਾ ਨੂੰ ਸਮਝ ਹੀ ਨਹੀ ਸਕਦੇ। ਜਦ ਕਿ ਸਮਝ ਕੋਈ ਰਾਕੇਟ ਸਾਇੰਸ ਵੀ ਨਹੀ ਹੁੰਦੀ, ਉਨ੍ਹਾ ਦਾ ਮਕਸਦ ਹੀ ਹੋਰ ਹੁੰਦਾ ਹੈ। ਉਹ ਤੁਹਾਡੇ ਸੁਆਲ ਤੋਂ ਡਰ ਜਾਂਦੇ ਹਨ ਕਿਉਂਕਿ ਇਹ ਸੁਆਲ ਉਨ੍ਹਾਂ ਦੇ ਜ਼ਹਿਨ  ਵਿਚ  ਉੱਘਿਆ  ਹੀ ਨਹੀ ਹੁੰਦਾ।  ਉਹ ਉਸ ਤਾਸੀਰ  ਤੱਕ ਪਹੁੰਚੇ ਹੀ ਨਹੀ ਹੁੰਦੇ ਤੇ ਨਾਂਹ ਹੀ ਉਸ ਵਡੇ ਲੇਖਕ ਬਾਰੇ ਉਨ੍ਹਾਂ ਦੀ ਕੋਈ ਸਮਝ ਹੁੰਦੀ ਹੈ।

ਉਹ ਖਿਚ  ਲਿਆਂਉਂਦੇ ਹਨ,ਸੁਆਲ ਤੇ ਜੁਆਬ ਨੂੰ, ਰੜੇ ਹੀ ਜਿੱਥੇ ਉਹ ਅਸਾਨੀ ਨਾਲ ਰੋੜੇ ਮਾਰ ਸਕਣ।ਜਦੋਂ ਗੁੰਜਾਇਸ਼ ਖਤਮ ਹੋ ਜਾਵੇ ਤਾਂ ਅਫਸੋਸ ਵੀ ਦਮ ਤੋੜ ਦਿੰਦਾ ਹੈ।

ਬਹੁਤ ਹੀ ਚੁਪਚਾਪ ਰਹਿੰਣ ਵਾਲੇ ਲੋਕ, ਆਪਣੇ ਅੰਦਰ ਭਾਵਨਾਵਾਂ ਦਾ ਅੰਬਾਰ ਸਮੋਈ ਬੈਠੇ ਹੁੰਦੇ ਹਨ, ਉਹ ਹਮੇਸ਼ਾਂ ਹੀ ਕੁਝ ਕਹਿੰਣ ਲਈ ਉਤਸੁਕ ਰਹਿੰਦੇ ਹਨ, ਇਸੇ ਲਈ ਉਹ ਐਸੇ ਮੌਕੇ ਭਾਲਦੇ ਹਨ ਜਿਨ੍ਹਾਂ ਤੋਂ ਉਨ੍ਹਾ ਨੂੰ ਸਹੀ ਸੇਧ ਮਿਲੇ। ਉਹ ਬਹੁਤ ਸੰਵੇਦਨਸ਼ੀਲ ਵੀ ਹੁੰਦੇ ਹਨ। ਜਿਨ੍ਹਾਂ ਵਿਚ ਵਿਸ਼ਵਾਸ਼ ਦੀ ਘਾਟ ਆਪਣੀ ਚਰਮ ਸੀਮਾ ਤੇ ਹੁੰਦੀ ਹੈ ਉਹ ਹੀ ਤਿੜਕਮ ਲੜਾਉਂਦੇ ਹਨ। ਚੁਪ ਉਨ੍ਹਾਂ ਕੋਲ ਵੀ ਹੁੰਦੀ ਹੈ ਪਰ ਉਹ ਚੁੱਪ, ਹਮੇਸ਼ਾਂ ਬਾਹਰ ਆਉਣ ਨੂੰ ਤਰਲੋਮੱਛੀ ਹੁੰਦੀ ਹੈ। ਚੁੱਪ ਦੀ ਪਹਿਲੀ ਪਰਤ ਤਾਂ ਸਹਿਜਤਾ ਵਿਚ ਹੀ ਹੋਣੀ ਚਾਹੀਦੀ ਹੈ।

ਇਹ ਆਪਾ ਵਿਰੋਧੀ ਵਿਚਾਰਾਂ ਦੀਆ ਬਹੁਤ ਹੀ ਉਦਾਹਰਣਾਂ ਹਨ, ਕੁਝ ਸਿਖਾਉਣ ਵਾਲੀਆਂ ਤੇ ਕੁਝ ਵਜੂਦ ਬਚਾਉਣ ਵਾਲੀਆਂ। ਇੱਕ ਉਦਾਹਰਣ ਕੁਝ ਇਸਤਰ੍ਹਾਂ ਹੈ—-

ਇੱਕ ਐਸਾ ਪੰਛੀ ਜੋ ਉੱਚਾ ਉਡਿਆ ਹੋਵੇ ਤੇ ਕਦੇ ਤੁਹਾਡੇ ਬਨੇਰੇ ਤੇ ਵੀ ਬੈਠਾ ਹੋਵੇ, ਤੁਹਾਡਾ ਬਨੇਰਾ ਭਾਵੇਂ ਕੱਚੀ ਮਿੱਟੀ ਦਾ ਹੀ ਕਿਉਂ ਨਾ ਹੋਵੇ ਉਹ ਸਦਾ ਲਈ ਤੁਹਾਡੀਆਂ ਰਗਾਂ ਵਿਚ ਵਸ ਜਾਂਦਾ ਹੈ। ਇਸ ਦਾ ਇੱਕ ਨੁਕਸਾਨ ਵੀ ਹੈ। ਤੁਹਾਡੀਆਂ ਧਾਰਨਾਵਾਂ ਸ਼ਹਿਨਸ਼ਾਹੀ ਹੋ ਜਾਂਦੀਆਂ ਹਨ। ਜਰਾ ਜਿੰਨੀ ਵੀ ਉਣੀ ਗੱਲ ਤੁਹਾਨੂੰ ਤੰਗ ਕਰਦੀ ਹੈ।

ਹੁਣ ਜਦੋਂ ਕੁਲਜੀਤ ਨੂੰ ਕੁਲਵੰਤ ਸਿੰਘ ਵਿਰਕ ਸਹਿਜਤਾ ਨਾਲ ਮਿਲਿਆ ਹੋਵੇ ਤਾਂ ਕੁਲਜੀਤ ਦੀ ਤੱਵਕੋ,ਆਪਣਾ ਅਚੇਤ ਉਸਾਰ ਲੈਂਦੀ ਹੈ। ਉਹ ਸਮਝਣ ਲੱਗ ਪੈਂਦਾ ਹੈ ਕਿ ਬਾਕੀ ਵਡੇ ਲੋਕ ਵੀ ਇੰਝ ਦੇ ਹੀ ਹੋਣਗੇ। ਹੋਣੇ ਵੀ ਚਾਹੀਦੇ ਹਨ।

 

ਸੰਨ 1984-85 ਦੀ ਗੱਲ ਹੈ। ਉਦੋਂ ਅਸੀਂ ਵਿਲਸਨ ਐਵੀਨਿਉ ਰਹਿੰਦੇ ਸਾਂ। ਵਿਲਸਨ ਤੇ ਬੈਥਰਸਟ ਦੇ ਚੌਰਾਹੇ ਕੋਲ। ਇਹ ਇੱਕ ਤਿੰਨ ਮੰਜਿਲਾ ਅਪਾਰਟਮੈਂਟ ਬਿਲਡਿੰਗ ਸੀ ਤੇ ਅਸੀਂ ਦੂਜੀ ਮੰਜਿਲ ਦੇ ਪੰਜ ਨੰਬਰ ਅਪਾਰਟਮੈਂਟ ਵਿਚ ਰਹਿੰਦੇ ਸਾਂ। ਪੁਰਾਣੀ ਬਿਲਡਿੰਗ, ਕਾਕਰੋਚਾਂ ਨਾਲ ਭਰੀ ਹੋਈ। ਜਿਤਨੇ ਮਰਜੀ ਮਾਰੀ ਜਾਵੋ। ਅਗਲੇ ਹਫ਼ਤੇ ਫਿਰ ਉਤਨੇ ਹੀ ਹੋ ਜਾਂਦੇ।

ਕਵਰਡ ਵਿਚ ਸਲ੍ਹਾਬ, ਜਿੱਥੇ ਵਰੀ ਦੇ ਸੂਟ ਵੀ ਖਰਾਬ ਹੋ ਗਏ ਪਰ ਕਿਰਾਇਆ ਥੋੜਾ ਸੀ। ਸ਼ਾਇਦ ਤਿੰਨ ਸੌਂ ਡਾਲਰ ਸੀ,ਦੋ ਰੂਮਾਂ ਦੇ ਇਸ ਯੁਨਿਟ ਦਾ। ਸਨੋ ਦਾ ਵਕਤ ਸੀ ਤੇ ਮੈਂ ਆਫਟਰ-ਨੂਨ ਸ਼ਿਫਟ ਕਰਦਾ ਸੀ। ਸਾਡੇ ਘਰ ਦੇ ਬਿਲਕੁਲ ਸਾਹਮਣੇ ਅਖਬਾਰਾਂ ਦੇ ਬਕਸੇ ਸਨ। ਟਰਾਂਟੋ ਸਟਾਰ, ਟਰਾਂਟੋ ਸਨ ਤੇ ਗਲੋਬ ਐਂਡ ਮੇਲ ਦੇ। ਇੱਕ ਸਰਦਾਰ ਨੀਲੀ ਪੱਗ ਬੰਨ੍ਹੀ ਉੱਥੇ ਆਉਂਦਾ ਤੇ ਕੁਆਟਰ ਪਾਕੇ ਟਰਾਂਟੋ ਸਟਾਰ ਕਢਕੇ ਲੈ ਜਾਂਦਾ।

ਉਨ੍ਹਾਂ ਦਿਨਾਂ ਵਿਚ ਪੂਰਨ ਗੁਰਸਿੱਖ ਉਸ ਇਲਾਕੇ ਵਿਚ ਬਹੁਤ ਘਟ ਸਨ। ਕਦੇ ਕਦੇ ਹੀ ਕੋਈ ਦਿਖਾਈ ਦਿੰਦਾ ਸੀ। ਦਿਲ ਕਰਦਾ ਸੀ ਕੋਈ ਮਿਲੇ ਤੇ ਉਸ ਨਾਲ ਗਲਬਾਤ ਕੀਤੀ ਜਾਵੇ। ਦੂਜੇ ਤੀਜੇ ਦਿਨ ਮੈਂ ਫੈਸਲਾ ਕੀਤਾ ਕਿ ਤਿਆਰ ਰਹਿੰਣਾ ਹੈ ਤੇ ਜਦੋਂ ਵੀ ਸਰਦਾਰ ਜੀ ਆਉਂਣ, ਉਨ੍ਹਾਂ ਨੂੰ ਜਾਕੇ ਮਿਲਣਾ ਹੈ। ਉਹ ਆਏ ਤੇ ਮੈਂ ਬਾਹਰ ਜਾਕੇ ਮਿਲਿਆ। ਬੜੇ ਤਪਾਕ ਨਾਲ ਮਿਲੇ। ਮੈਂ ਘਰ ਆਉਂਣ ਦਾ ਸੱਦਾ ਦਿੱਤਾ ਤਾਂ ਬੋਲੇ, “ਅੱਜ ਨਹੀ, ਕਲ ਆਵਾਂਗਾ। ” ਅਖਬਾਰ ਲੈਕੇ ਚਲੇ ਗਏ। ਮੈਂ ਅਗਲੇ ਦਿਨ ਉਡੀਕ ਰਿਹਾ ਸੀ। ਉਹ ਆਏ ਤੇ ਸਿਧੇ ਹੀ ਬਕਸਿਆਂ ਦੀ ਬਜਾਇ ਮੇਰੇ ਘਰ ਵੱਲ ਵੇਖਣ ਲੱਗ ਪਏ।

ਮੈਂ ਸ਼ੀਸ਼ੇ ਵਿਚੋਂ ਹੀ ਸੈਨਤ ਮਾਰੀ ਤੇ ਉਹ ਆ ਗਏ। ਅਸੀਂ ਇੱਕਠਿਆਂ ਚਾਹ ਪੀਤੀ। ਜਾਣ ਲਗਿਆਂ ਮੈਂ ਕਿਹਾ ਕਿ ਤੁਸੀਂ ਆ ਜਾਇਆ ਕਰੋ। ਉਹ ਬੋਲੇ, “ਬੇਟਾ ਮੇਰਾ ਤੇ ਕੋਈ ਨਹੀ ਪਰ ਮੇਰੀ ਪਤਨੀ ਦਾ ਦਿਲ ਨਹੀ ਲਗਦਾ। ਅਸੀਂ ਆਪਣੀ ਬੇਟੀ ਕੋਲ ਠਹਿਰੇ ਹੋਏ ਹਾਂ।” ਮੈਂ ਕਿਹਾ ਕੋਈ ਗੱਲ ਨਹੀ ਤੁਸੀਂ ਸ਼ਨੀਵਾਰ ਆ ਜਾਇਉ, ਮੇਰੀ ਪਤਨੀ ਘਰ ਹੁੰਦੀ ਹੈ, ਆਪਾਂ ਦੋਵਾਂ ਨੂੰ ਮਿਲਾ ਦਿਆਂਗੇ।

ਸ਼ਨੀਵਾਰ ਦੋਵੇਂ ਜੀਅ ਆ ਗਏ। ਅਸੀਂ ਸਾਰਿਆਂ ਰਲਕੇ ਲੰਚ ਕੀਤਾ। ਉਸਤੋਂ ਬਾਦ ਉਨ੍ਹਾਂ ਦੀ ਪਤਨੀ ਮੇਰੀ ਪਤਨੀ ਨੂੰ ਹਰ ਰੋਜ਼ ਫੋਨ ਕਰਨ ਲੱਗ ਪਈ। ਹਫਤੇ ਕੁ ਬਾਦ ਹੀ ਮੇਰੀ ਸਸ ਵੀ ਸਾਡੇ ਕੋਲ ਵੈਨਕੂਵਰ ਤੋਂ ਆ ਗਏ। ਹੁਣ ਤਿੰਨਾਂ ਦਾ ਜੁਟ ਬਣ ਗਿਆ ਸੀ। ਮਿਲਦਿਆਂ ਗਿਲਦਿਆਂ ਤਿੰਨ ਹਫਤੇ ਬੀਤ ਚੁੱਕੇ ਸਨ। ਸਵੇਰੇ ਅਖਬਾਰ ਲੈਣ ਆਏ ਕਦੇ ਆ ਜਾਂਦੇ ਤੇ ਕਦੇ ਦੂਰੋਂ ਹੀ ਫਤਿਹ ਬੁਲਾਕੇ ਚਲੇ ਜਾਂਦੇ।

ਉਸ ਦਿਨ ਐਤਵਾਰ ਸੀ। ਬੀਬੀਆਂ ਨੇ ਸਲਾਹ ਬਣਾਈ ਹੋਈ ਸੀ ਘਰੇ ਪਿੰਨੀਆ ਬਨਾਉਣ ਦੀ। ਰਾਸ਼ਨ ਸ਼ਨੀਵਾਰ ਹੀ ਇੱਕਠਾ ਕਰ ਲਿਆ ਸੀ। ਦਸ ਕੁ ਵਜੇ ਉਨ੍ਹਾ ਦੀ ਕਾਰਵਾਈ ਸ਼ੁਰੂ ਹੋ ਗਈ। ਬਾਰਾਂ ਵਜੇ ਸਰਦਾਰ ਜੀ ਵੀ ਆ ਗਏ। ਅਸੀਂ ਦੋਵੇਂ ਟੀਵੀ ਦੇਖ ਰਹੇ ਸਾਂ, ਚਾਹ ਦੇ ਕੱਪ ਹੱਥਾਂ ਵਿਚ ਸਨ ਕਿ ਅਚਾਨਕ ਮੈਂ ਪੁੱਛਿਆ, “ਅੰਕਲ ਇਤਨੇ ਦਿਨ ਹੋ ਗਏ, ਲਗਦੈ ਮਹੀਨਾ ਹੀ ਬੀਤ ਗਿਆ ਪਰ ਅਜੇ ਤੱਕ ਮੈ ਤੁਹਾਡਾ ਨਾਮ ਨਹੀ ਪੁੱਛਿਆ। ਉਹ ਬੋਲੇ, “ ਕੁਲਜੀਤ, ਮੇਰਾ ਨਾਮ ਕੁਲਵੰਤ ਸਿੰਘ ਵਿਰਕ ਹੈ।”

ਮੈਂ ਕੋਈ ਬਹੁਤਾ ਧਿਆਨ ਨਹੀ ਦਿੱਤਾ। ਬੇਧਿਆਨੀ ਵਿਚ ਹੀ ਕਿਹਾ, “ਵਾਹ ਬੜਾ ਵਧੀਆ ਨਾਮ ਹੈ। ਇਸ ਨਾਮ ਦਾ ਤੇ ਇੱਕ ਪੰਜਾਬੀ ਲੇਖਕ ਵੀ ਹੈ।”

ਉਹ ਬੋਲੇ, “ਹਾਂ ਬੇਟਾ ਮੈ ਹੀ ਹਾਂ ਉਹ।” ਤੁਸੀਂ ਅੰਦਾਜਾ ਲਾ ਸਕਦੇ ਹੋ ਕਿ ਇਸ ਗੱਲ ਨਾਲ ਮੇਰੇ ਤੇ ਕੀ ਅਸਰ ਹੋਇਆ ਹੋਵੇਗਾ। ਉਨ੍ਹਾਂ ਦਿਨ ਵਿਚ ਮੈਂ ਲਿਖਦਾ ਨਹੀ ਸੀ। ਸੰਜੀਦਾ ਪਾਠਕ ਵੀ ਨਹੀ ਸੀ। ਬਸ ਲੇਖਕ ਦਾ ਹੋਣਾ ਮੇਰੇ ਲਈ ਸ਼ਰਧਾ ਭਾਵ ਸੀ। ਮੈਂ ਆਪਣੀ ਜਗ੍ਹਾ ਤੋਂ ਉੱਠਿਆ ਤੇ ਉਨ੍ਹਾ ਦੇ ਪੈਰੀਂ ਹੱਥ ਲਾਇਆ। ਮੇਰੇ ਇਸ ਕਾਰਜ ਨੂੰ ਮੇਰੀ ਪਤਨੀ ਨੇ ਵੇਖਿਆ। ਮੇਰੇ ਮੂੰਹ ਵਿਚੋਂ ਕੋਈ ਗੱਲ ਨਹੀ ਨਿਕਲ ਰਹੀ ਸੀ।

ਦਿਲ ਕਰਦਾ ਸੀ ਕਿ ਆਪਣੇ ਪੁਰਾਣੇ ਯੂਜਡ ਖਰੀਦੇ ਸੋਫੇ ਨੂੰ ਬਾਹਰ ਸੁਟ ਦੇਵਾਂ। ਜਿਸਤੇ ਮੈਂ ਇਨ੍ਹਾ ਨੂੰ ਬਠਾਲ ਰਖਿਆ ਹੈ। ਇਹ ਵੀ ਪਤਾ ਨਹੀ ਬੀਤੇ ਮਹੀਨੇ ਵਿਚ ਕਿਤੇ ਕੋਈ ਹਲਕੀ ਗੱਲ ਹੀ ਨਾ ਕੀਤੀ ਹੋਵੇ। ਮੇਰੇ ਇਸ ਜਜ਼ਬਾਤੀ ਰੌੰਅ ਨੂੰ ਵੇਖਕੇ ਮੈਨੂੰ ਕੁਲਵੰਤ ਸਿੰਘ ਵਿਰਕ ਨੇ ਆਪਣੇ ਕਲਾਵੇ ਵਿਚ ਲੈ ਲਿਆ। “ਤੁਸੀਂ ਦਸਿਆ ਹੀ ਨਹੀ! ”

“ਲੈ ਇਹਦੇ ਵਿਚ ਦਸਣ ਵਾਲੀ ਕਿਹੜੀ ਗੱਲ ਸੀ?” ਮੈਂ ਉਹ ਦਿਨ ਗਿਣ ਰਿਹਾ ਸੀ ਜੋ ਮੈਂ ਸਰਦਾਰ ਜੀ ਨਾਲ ਬਿਤਾਏ ਸਨ ਬਿਨ੍ਹਾਂ ਜਾਣੇ ਕਿ ਇਹ ਇਤਨਾ ਵਡਾ ਲੇਖਕ ਮੇਰੇ ਨਾਲ ਚਾਹ ਪੀ ਰਿਹਾ ਹੈ। ਮੇਰੇ ਬਾਰੇ ਜਾਣਕਾਰੀ ਲੈ ਰਿਹਾ ਹੈ। ਮੈਨੂੰ ਆਪਣੀ ਪੜ੍ਹਾਈ ਜਾਰੀ ਰਖਣ ਦੀ ਤਾਕੀਦ ਕਰ ਰਿਹਾ ਹੈ। ਇਕ ਵਾਰ ਵੀ ਉਨ੍ਹਾਂ ਨੇ ਆਪਣਾ ਤੇ ਕੀ ਕਹਾਣੀ ਵਿਧਾ ਬਾਰੇ ਵੀ ਕੋਈ ਗੱਲ ਨਹੀ ਕੀਤੀ ਸੀ।

ਉਸਤੋਂ ਬਾਦ ਉਹ ਜਦ ਵੀ ਆਏ, ਉਨ੍ਹਾਂ ਨੇ ਹਮੇਸ਼ਾਂ ਮੈਨੂੰ ਸਹਿਜ ਰਖਣ ਦੀ ਕੋਸ਼ਿਸ਼ ਕੀਤੀ। ਜਿਸ ਦਿਨ ਕਨਿਸ਼ਕ ਏਅਰ ਇੰਡੀਆ ਦਾ ਜਹਾਜ਼ ਹਾਦਸਾ ਗ੍ਰਸਤ ਹੋਇਆ ਉਸ ਦਿਨ ਅਸੀਂ ਵੈਸਟਨ ਰੋਡ ਦੇ ਗੁਰਦੁਆਰੇ ਵਿਚ ਮੱਥਾ ਟੇਕਣ ਗਏ ਸੀ। ਇਹ ਖਬਰ ਵੀ ਸਾਨੂੰ ਉਥੋਂ ਹੀ ਮਿਲੀ ਸੀ ਤੇ ਉਨ੍ਹਾ ਦੇ ਇਹ ਸ਼ਬਦ ਅੱਜ ਵੀ ਯਾਦ ਹਨ, “ਬਹੁਤ ਮਾੜਾ ਹੋਇਆ।” ਕਹੇ ਹੋਏ ਤਿੰਨ ਸ਼ਬਦ ਮੇਰੇ ਲਈ ਇੰਝ ਹਨ ਜਿਵੇਂ ਕੋਈ ਅਫਸੋਸ ਪ੍ਰਗਟ ਕਰਨ ਦੀ ਇੰਤਹਾ ਹੋਵੇ।

ਵਕਤ ਪਾਕੇ ਉਹ ਚਲੇ ਗਏ। ਮੁੜ ਗਏ ਇੰਡੀਆ ਨੂੰ। ਮੇਰੇ ਲਈ ਸਿਰਫ ਸ਼ਰਧਾ ਸੀ ਕੋਈ ਜਾਤੀ ਸਾਂਝ ਨਹੀ ਸੀ। ਇਹ ਸਾਂਝ ਤਾਂ ਉਂਨ੍ਹਾਂ ਦੀ ਹਰ ਪੰਜਾਬੀ ਨਾਲ ਸੀ।

ਦੁਬਾਰਾ ਆਏ, ਮੇਰੇ ਨਾਲ ਸੰਪਰਕ ਨਹੀ ਹੋਇਆ। ਆਖਰੀ ਸਮੇਂ ਦਾ ਹਾਲ ਤਾਂ ਹੁਣ ਲਿਖਤਾਂ ਤੋਂ ਮਿਲਦਾ ਹੈ। ਬਲਬੀਰ ਮੋਮੀ ਹੋਰਾਂ ਲਿਖਿਆ ਹੈ। ਜਗਦੇਵ ਨਿੱਜਰ ਜ਼ਬਾਨੀ ਸੁਣਾਉਂਦਾ ਹੈ। ਹੋਰ ਵੀ ਹੋਣਗੇ ਪਰ ਮੈਂ ਨਹੀ ਸੀ। ਮੈਂ ਕਿਉਂ ਨਹੀ ਸੀ, ਇਸਨੂੰ ਤੁਸੀਂ ਮੇਰੀ ਕੰਮਜੋਰੀ, ਕਮੀਨਗੀ ਜਾਂ ਸਮਾਜ ਨਾਲੋਂ ਟੁਟਿਆ ਹੋਇਆ ਸਮਝ ਸਕਦੇ ਹੋ। ਸਟਗਲਰ ਸਾਂ, ਸੋਲਾਂ ਘੰਟੇ ਕੰਮ ਕਰਨ ਵਾਲਾ।

ਅਸੀਂ ਜਗ੍ਹਾ ਬਦਲ ਲਈ ਸੀ। ਇੱਕ ਦਿਨ ਫੋਨ ਆਇਆ, ਮਿਸਜ਼ ਵਿਰਕ ਸਨ। ਮੈਂ ਜਾਕੇ ਲੈ ਆਇਆ। ਸਾਡੇ ਕੋਲ ਦੋ ਦਿਨ ਰਹੇ। ਉਹ ਮੈਨੂੰ ਲਭਦੇ ਰਹੇ ਸਨ, ਆਖਰ ਮਿਲ ਗਿਆ। ਕੁਝ ਅਮ੍ਰਿਤਸਰ ਦਾ ਵਾਸੀ ਹੋਣ ਦਾ ਵੀ ਲਿਹਾਜ਼ ਸੀ, ਉਨ੍ਹਾਂ ਨੂੰ। ਬੇਟੇ ਦੀ ਸ਼ਾਦੀ ਹੋ ਚੁੱਕੀ ਸੀ। ਬਾਕੀ ਗੱਲਾਂ ਦਾ ਇੱਥੇ ਸਬੰਧ ਨਹੀ ਜੁੜਦਾ ਪਰ ਇੱਕ ਗੱਲ ਤਾਂ ਕਹਿ ਹੀ ਦਿੰਦਾ ਹਾਂ।

 

ਮਿਸਜ਼ ਹਰਬੰਸ ਵਿਰਕ ਦਾ ਇਹ ਕਹਿਣਾ ਸੀ ਕਿ ਸਾਨੂੰ ਤੇ ਉਨ੍ਹਾ ਦੀ ਮੌਤ ਤੋਂ ਬਾਦ ਪਤਾ ਲੱਗਾ ਕਿ ਉਹ ਇਤਨੇ ਮਹਾਨ ਸਨ। ਲੇਖਕ ਹੋਣਾ ਹੋਰ ਗੱਲ ਹੈ ਤੇ ਮਹਾਨ ਹੋਣਾ ਹੋਰ ਗੱਲ। ਇਹ ਮਹਾਨਤਾ ਕੋਈ ਬਾਹਰੋਂ ਦਸ ਗਿਆ ਸੀ ਤੇ ਉਨ੍ਹਾਂ ਨੇ ਮੰਨ ਲਈ ਸੀ।

ਕਿਸੇ ਐਸੇ ਵਿਅਕਤੀ ਨੂੰ ਕੋਈ ਛਿਣ ਦੇ ਜਾਣਾ ਜਿਸਨੂੰ ਤੁਸੀਂ ਜਾਣਦੇ ਵੀ ਨਾ ਹੋਵੋ ਤੇ ਉਹ ਤੁਹਾਡੀ ਸ਼ਾਨ ਨੂੰ ਪਹਿਚਾਣਦਾ ਵੀ ਨਾ ਹੋਵੇ ਇਹ ਵਿਲਖਣ ਮਹਾਨਤਾ ਹੈ। ਮੈਂ ਕੁਝ ਵੀ ਪੜ੍ਹ ਲਵਾਂ, ਕੁਲਵੰਤ ਸਿੰਘ ਵਿਰਕ ਬਾਰੇ ਪਰ ਉਸਨੂੰ ਜ਼ਰਬ ਮੇਰਾ ਉਹ ਸਮਾ ਹੀ ਦਿੰਦਾ ਹੈ ਜੋ ਸਿਰਫ ਮੇਰੇ ਹਿੱਸੇ ਹੀ ਆਇਆ।

 

 

 

Advertisements

One Reply to “ਕੁਲਵੰਤ ਸਿੰਘ  ਵਿਰਕ ਨਾਲ ਮੁਲਾਕਾਤ”

  1. ਕਿਸੇ ਐਸੇ ਵਿਅਕਤੀ ਨੂੰ ਕੋਈ ਛਿਣ ਦੇ ਜਾਣਾ ਜਿਸਨੂੰ ਤੁਸੀਂ ਜਾਣਦੇ ਵੀ ਨਾ ਹੋਵੋ ਤੇ ਉਹ ਤੁਹਾਡੀ ਸ਼ਾਨ ਨੂੰ ਪਹਿਚਾਣਦਾ ਵੀ ਨਾ ਹੋਵੇ ਇਹ ਵਿਲਖਣ ਮਹਾਨਤਾ ਹੈ, ……… Bahut khoob, Mann Sahib, ……..So nice Mulaakat with Kulwant Singh Virk Ji…….

Leave a Reply

This site uses Akismet to reduce spam. Learn how your comment data is processed.