ਲੋਕ-ਚੇਤਨਾ ਤੇ ਡਰਗਜ਼

ਲੋਕ-ਚੇਤਨਾ ਤੇ ਡਰਗਜ਼

ਅੱਜ ਸਭ ਕੁਝ ਭੁਲ ਕੇ ਅਸੀਂ ਪੰਜਾਬ ਵਿਚਲੇ ਨਸ਼ਿਆਂ ਬਾਰੇ ਚਿੰਤਤ ਹਾਂ। ਇੰਝ ਲਗਦੈ ਕਿ ਇਸ ਸਮਸਿਆ ਨੂੰ ਹੱਲ ਕਰਨ ਤੋਂ ਬਗੈਰ ਹੋਰ ਕੁਝ ਵੀ ਕੀਤਾ ਸਾਰਥਕ ਨਹੀ ਹੋਵੇਗਾ। ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਵੀ ਮੁਆਫ ਨਹੀ ਕਰਨਗੀਆਂ।

ਸਹਿਜੇ ਹੀ ਅਸੀਂ ਦੋਸ਼ ਸਰਕਾਰ ਤੇ ਲੀਡਰਾਂ ਤੇ ਲਗਾ ਦਿੰਦੇ ਹਾਂ। ਅਸਲ ਵਿਚ ਇਹ ਜ਼ਿੰਦਗੀ ਤੋਂ ਭਜਣ ਵਾਲੀ ਗੱਲ ਹੈ। ਜ਼ਿੰਦਗੀ ਦਾ ਕੋਈ ਉਪਾਅ ਕਿਸੇ ਵੀ ਦਲੀਲ ਕੋਲ ਨਹੀ ਹੁੰਦਾ। ਨੈਤਿਕਤਾ ਬੋਲਣ ਵਿਚ ਨਹੀ ਸਗੋਂ ਸੁਭਾਅ ਵਿਚ ਹੋਣੀ ਚਾਹੀਦੀ ਹੈ।

ਬਹੁਤ ਵਾਰੀ ਨਸ਼ਿਆਂ ਨੂੰ ਅਸੀਂ ਸਮਾਜਿਕ ਸਮਸਿਆ  ਸਮਝ ਲੈਂਦੇ ਹਾਂ ਤੇ ਇਹ ਹੈ ਵੀ ਕੌੜਾ ਸੱਚ। ਇਸ ਆਦਤ ਨੂੰ ਵਿਅਕਤੀਗਤ ਸਮਝ ਕੇ ਪਰੋਖੋਂ  ਕਰ ਦਿੰਦੇ ਹਾਂ। ਜਦ ਵਿਅਕਤੀ ਦਰ ਵਿਅਕਤੀ,ਪਿੰਡ,ਸ਼ਹਿਰ ਤੇ ਸਮਾਜ ਇਸ ਦੀ ਲਪੇਟ ਵਿਚ ਆ ਜਾਂਦਾ ਹੈ ਜਿਵੇਂ ਅੱਜ ਪੰਜਾਬ ਆ ਗਿਆ ਹੈ ਤਾਂ ਸੋਚਣ ਵਾਲੀ ਗੱਲ ਹੈ ਕਿ ਇਸ ਨਾਲ ਕਿਵੇਂ ਸਿਝਿਆ ਜਾਵੇ?

Slide4

ਕੀ ਜੋ ਅਸੀਂ ਅੱਜ ਕਰ ਰਹੇ ਹਾਂ ਇਹ ਕਾਫੀ ਹੈ?

ਹਫਤਾ,ਮਹੀਨਾ ਤੇ ਪਿੰਡਾ ਸ਼ਹਿਰਾਂ ਵਿਚ ਨਸ਼ਾ ਤਸਕਰਾਂ ਨੂੰ ਫੜਣਾ,ਪੁਲੀਸ ਦੇ ਹਵਾਲੇ ਕਰਨਾ,ਕਾਨੂੰਨ ਅਨੁਸਾਰ ਉਨ੍ਹਾਂ ਨੂੰ ਸਜਾ ਦਿਵਾਉਣੀ ਕੀ ਇਸ ਨਾਲ ਸਮਸਿਆ ਹੱਲ ਹੋ ਜਾਵੇਗੀ?

ਇਹ ਜ਼ਰੂਰੀ ਹੈ ਪਰ ਇਸ ਨਾਲ  ਉਸ ਜ਼ਹਿਰ ਨੂੰ ਨੱਥ ਨਹੀ ਪਾਈ ਸਕਦੀ ਜੋ ਸਾਡੇ ਤਾਣੇ ਬਾਣੇ ਦੀਆਂ ਨਾੜਾਂ ਵਿਚ ਰਚ ਮਿਚ ਗਈ ਹੈ।

ਨਸ਼ੇ ਕਰਨ ਵਾਲੇ ਆਦੀ ਦਾ  ਕੀ ਕਰਾਂਗੇ  ਜਿਸਦੇ ਦਿਮਾਗ ਨੂੰ ਇਸਦੀ ਲੋੜ ਹੈ? ਉਹ ਕੋਈ ਵੀ ਗੱਲ ਨਹੀ ਸੁਣੇਗਾ। ਇਹ ਹੋਰ ਮਸਲਾ ਹੈ ਜੋ ਅੱਜ ਦੇ ਮੁੱਦੇ ਨਾਲ ਢੁਕਦਾ ਨਹੀ, ਇਸ ਬਾਰੇ ਵਖਰੀ ਗੱਲ ਕੀਤੀ ਜਾ ਸਕਦੀ ਹੈ।

ਦੁਨੀਆਂ ਦੇ  ਲੱਖਾਂ ਹੀ ਲੋਕ ਹਰ ਰੋਜ਼ ਨਸ਼ਾ ਕਰਨ ਦੇ ਆਦੀ ਹਨ। ਕੀ ਕਾਰਣ ਹਨ ਕਿ ਨਸ਼ੇ ਕਰਨ ਵਾਲੇ ਜ਼ਿੰਦਗੀ ਦੀਆਂ ਸਮਸਿਆਵਾਂ ਤੋਂ ਭਜ ਰਹੇ ਹਨ।

ਦਿਮਾਗੀ ਸੰਤੁਲਨ  ਵਿਗੜ  ਜਾਂਦਾ  ਹੈ ਇਸਦੇ ਕਾਰਣ ਮਨੋਵਿਗਿਆਨੀ, ਉਦਾਸੀ, ਚਿੰਤਾ,  ਤਨਾਵਾ ਤੇ ਮੂਡ ਤਬਦੀਲੀ ਦਸਦੇ ਹਨ।

ਇਸਦਾ ਕਾਰਣ ਇਹ ਹੈ ਕਿ ਹਾਲਾਤ ਇਹੋ ਜਿਹੇ ਹਨ ਜਿਨ੍ਹਾਂ ਦਾ ਮੁਕਾਬਲਾ ਕਰਨਾ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੈ।  ਬਾਹਰੀ ਤਾਕਤ ਭਾਵੇਂ ਕਾਰਪੋਰੇਟ ਦਾ ਪਸਾਰਾ ਹੋਵੇ ਤੇ ਭਾਵੇਂ ਕਿਸੇ ਵੀ ਕੀਮਤ ਤੇ ਤਾਕਤ ਹਾਸਲ ਕਰਨ ਵਾਲੇ ਲੌਰਡਜ਼। ਇਸਦਾ ਸਿਧਾ ਸਬੰਧ ਵਿਅਕਤੀ ਨਾਲ ਜੁੜਦਾ ਹੈ।

ਉਹ ਇਨ੍ਹਾਂ ਹਲਾਤਾਂ ਨੂੰ ਮੰਨਜ਼ੂਰ ਨਹੀ ਕਰਦਾ ਤੇ ਨਸ਼ੇ ਨਾਲ ਆਪਣਾ ਖਾਲੀਪਨ ਭਰਨ ਦੀ ਕੋਸ਼ਿਸ਼ ਆਰੰਭ ਕਰ ਦਿੰਦਾ ਹੈ। ਨਤੀਜਨ ਉਹ ਇੱਕ ਦਿਨ ਨਸ਼ਿਆਂ ਦਾ ਗੁਲਾਮ ਬਣ ਜਾਂਦਾ ਹੈ ਉਸਨੂੰ ਪਤਾ ਨਹੀ ਹੁੰਦਾ ਕਿ ਉਸਦੀ ਗੁਲਾਮੀ ਦਾ ਅਸਲ ਕਾਰਣ ਕੀ ਹੈ?

ਵਿਅਕਤੀ ਦੀ ਪਰਵਰਿਸ਼  ਤੇ ਉਸਨੂੰ ਪ੍ਰਵਾਨ ਚੜਦਿਆਂ ਉਹ ਮਹਿਸੂਸ ਕਰਦਾ ਹੈ ਕਿ ਉਸ ਤੇ ਕਿਸੇ ਹੋਰ ਦਾ ਪ੍ਰਭਾਵ ਹੈ ਤੇ ਡਰ ਵਿਚ ਜੀਅ ਰਿਹਾ ਹੈ। ਇਹ ਡਰ ਭਾਵੇਂ ਜਾਹਰਾ ਨਹੀ ਹੁੰਦਾ ਪਰ ਅਚੇਤ ਵਿਚ ਇਸਦੀ ਕੁੰਜ ਸਾਂਭੀ ਜਾਂਦੀ ਹੈ। ਇਸ ਭਾਰੇ ਪ੍ਰਭਾਵ ਨੂੰ ਆਪਣੇ ਸੰਸਕਾਰਾਂ ਨਾਲ  ਤੁਲਨਾਉਂਦਾ ਹੋਇਆ, ਉਸਦਾ ਜੋਸ਼ ਹੋਸ਼ ਸਭ ਮਨਫੀ ਹੋਕੇ ਡਰਗ ਦਾ ਸਹਾਰਾ ਲੈਂਦਾ ਹੈ।

ਹੋਰ ਕਿਹੜੇ ਕਾਰਣ ਹਨ ਉਨ੍ਹਾਂ ਨੂੰ ਸਮਝਣ ਤੋਂ ਪਹਿਲੇ ਅਸੀਂ ਸਿਰਫ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪੰਜਾਬ ਵਿਚ ਇਹ  ਕਿਉਂ ਹੋ ਰਿਹਾ ਹੈ? ਇਸਦੇ ਕਾਰਣ ਤੇ ਉਨ੍ਹਾਂ ਦਾ ਹੱਲ ਕੀ ਹੈ?

ਸਮਾਜ ਦੇ ਵਰਗ ਅੱਜਕਲ ਸੰਸਕਾਰੀ ਨਹੀ ਰਹੇ। ਇਮਾਨਦਾਰੀ ਨਾਲ ਜ਼ਿੰਦਗੀ ਬਿਤਾਉਣ ਵਾਲੇ ਦਾ ਸਟੇਟਸ, ਦਬ ਕੇ ਰਹਿ ਗਿਆ  ਹੈ ਤੇ ਬੇਈਮਾਨੀ ਦਾ ਬੋਲਬਾਲਾ ਵੀ ਹੈ ਤੇ ਉਨ੍ਹਾਂ ਵਿਚ ਮੁਕਾਬਲਾ ਵੀ ਹੈ ਤੇ  ਇਸ ਮੁਕਾਬਲੇ ਨੇ ਸਮਾਜ ਵਿਚ ਸੰਨ ਲਾ ਲਈ ਹੈ। ਅੱਜ ਸਿਸਟਮ ਤੇ ਪਹਿਰਾ ਦੇਣ ਦੀ ਲੋੜ ਪਹਿਲੇ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਹੈ।

ਅਸੀਂ ਆਮ ਲੋਕ, ਸਿਸਟਮ ਤੇ ਸੰਵਿਧਾਨ ਦੇ ਵਿਸ਼ਵਾਸ਼ੀ ਨਾਗਰਿਕ ਹਾਂ ਤੇ ਸਾਡੇ ਤੇ ਹੁਕਮ ਕਰਨ  ਵਾਲੇ,  ਸਿਸਟਮ  ਤੇ ਸੰਵਿਧਾਨ  ਨੂੰ ਨਾਕਸ ਕਰਨ ਦੇ ਆਹਰ ਵਿਚ ਹਨ ਤੇ ਸਾਡੀ ਸਭਤੋਂ ਵਡੀ ਸਮਸਿਆ ਹੀ ਇਹ ਹੈ ਕਿ ਉਹ ਕਾਮਯਾਬ ਹਨ। ਉਨ੍ਹਾਂ ਨੇ ਸਮਾਨਤੰਤਰ ਸਿਸਟਮ ਸਿਰਜ ਲਿਆ ਹੈ ਤੇ ਉਸ ਸਿਸਟਮ ਮੁਤਾਬਕ ਹੀ ਸਮਾਜਿਕ ਜ਼ਿੰਦਗੀ ਬਸਰ ਹੋ ਰਹੀ ਹੈ ਤੇ ਇਹ ਸਾਡੇ ਵੇਖਦਿਆਂ ਵੇਖਦਿਆਂ ਹੀ ਹੋਇਆ ਹੈ। ਘੇਸਲ ਮਾਰੀ ਸਾਡੀ ਜ਼ਿੰਦਗੀ ਨੇ ਸਾਨੂੰ ਅਗਲੀ ਪੀੜੀ ਦੇ ਗੁਨਾਹਗਾਰ ਬਣਾ ਦਿੱਤਾ ਹੈ।

Slide3

ਸਾਡੀ ਘੇਸਲ,  ਯਕੀਨਨ, ਇਤਿਹਾਸ ਵਿਚ ਵੀ ਲਿਖੀ ਜਾਵੇਗੀ।

 

ਅੱਜ ਅਸੀਂ ਕਿੱਥੇ ਖੜੇ ਹਾਂ? ਕੀ ਅਸੀਂ ਸੋਚਦੇ ਹਾਂ ਕਿ ਅਗਲੇ ਸਾਲ, ਇਸੇ ਹੀ ਦਿਨ ਅਸੀਂ ਕਿੱਥੇ ਹੋਵਾਂਗੇ? ਸੋਚਦੇ ਹਾਂ ਜਾਂ ਨਹੀ ਪਰ ਇਹ ਬਹੁਤ ਹੀ ਪ੍ਰਭਾਵੀ ਸੁਆਲ ਹੈ ਜਿਸਦਾ ਜੁਆਬ ਲੋਂਗ ਡਰਾਈਵ ਵਰਗਾ ਹੈ। ਹੁਣ ਇਹ ਸਾਡੇ ਲੌਂਗ ਡਰਾਈਵ ਦੇ ਕੰਨਸੈਪਟ ਨਾਲ ਕਿਤਨਾ ਕੁ ਜੁੜਦਾ ਹੈ ਇਹ ਸੋਚਣ ਵਾਲੀ ਗੱਲ ਹੈ।

ਸੋਚਣ ਨਾਲ ਹੀ ਵਿਚਾਰਾਂ ਵਿਚ ਇੱਕ ਵਡੀ ਤਬਦੀਲੀ ਆ ਸਕਦੀ ਹੈ। ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਸਾਡੀਆਂ ਸੋਚਾਂ ਸਾਡੇ ਕਰਮ ਨੂੰ ਪ੍ਰਭਾਵਿਤ ਕਰਦੀਆਂ ਹਨ ਤੇ ਕਰਮ ਹੀ ਉਹ ਸ਼ਕਤੀ ਹੈ ਜੋ ਵਧੀਆ ਜ਼ਿੰਦਗੀ ਦੀ ਤਾਕਤ ਨੂੰ ਨਿਰਧਾਰਤ ਕਰਦੀ ਹੈ। ਇਹ ਹੀ ਉਹ ਪਿੱਠ ਭੂਮੀ ਹੈ ਜਿਸਨੇ ਇੱਕ ਚੰਗੇ ਸਮਾਜ ਦਾ ਨਿਰਮਾਣ ਕਰਨਾ ਹੈ।

ਜੇ ਇਹੋ ਗੱਲ ਹੈ ਤਾਂ ਫਿਰ ਇੰਤਜਾਰ ਕਾਹਦੀ ਹੈ? ਹੁਣੇ ਹੀ ਤਿਆਰ ਹੋ ਜਾਵੋ ਆਪਣੀ ਆਉਣ ਵਾਲੀ ਖੁਸ਼ਹਾਲ ਜ਼ਿੰਦਗੀ ਦਾ ਸੁਆਗਤ ਕਰਨ ਲਈ। ਉਦਾਸ ਕਰਨ ਵਾਲੀ ਗੱਲ ਇਹ ਨਹੀ ਹੈ ਕਿ ਤੁਹਾਡਾ ਹੋਰ ਕੋਈ ਸਾਥ ਨਹੀ ਦੇ ਰਿਹਾ,ਸ਼ਾਇਦ ਕੁਝ ਹੋਰ ਤੁਹਾਡੇ ਵਰਗੇ ਵਧੀਆ ਸੋਚ ਵਾਲੇ ਵੀ ਇਹੋ ਸੋਚ ਰਹੇ ਹੋਣ। ਇੱਕ ਸ਼ਾਇਰਾਨਾ ਗੱਲ ਹੈ ਕਿ ਸੁਰੰਗ ਕਿਤਨੀ ਵੀ ਲੰਮੀ ਹੋਵੇ ਉਸਦਾ ਦੂਜਾ ਸਿਰਾ ਜ਼ਰੂਰ ਹੁੰਦਾ ਹੈ। ਇਹ ਔਖਾ ਹੈ, ਕਿਉਂਕਿ ਆਲੇ ਦੁਆਲੇ ਨੇ ਤੁਹਾਨੂੰ ਸਾਹੋ ਸਾਹੀ ਕਰ ਦਿੱਤਾ ਹੈ, ਤੁਸੀਂ ਸਾਹ ਲੈਣ ਲਈ ਹੀ ਰੁਕੇ ਹੋ, ਪੱਥਰ ਨਹੀ ਬਣ ਗਏ, ਤੁਹਾਡੀ ਹੌਲੀ ਤੋਰ ਵੀ ਰੌਸ਼ਨੀ ਵੱਲ ਹੀ ਜਾਵੇਗੀ।

ਬਹੁਤ ਔਖਾ ਹੈ ਗੱਲਾਂ ਕਰਨੀਆਂ, ਬਹੁਤ ਔਖਾ ਹੈ ਆਪਣੇ ਮੰਨ ਨੂੰ ਕਾਬੂ ਵਿਚ ਰਖਣਾ ਪਰ ਇੱਕ ਵਾਰ ਵੀ ਕਾਰਣ ਢੂੰਡਣ ਲੱਗ ਪਵੋਗੇ ਤਾਂ ਉਹੋ ਕੁਝ, ਜੋ ਤੁਸੀਂ ਕਰ ਰਹੇ ਹੋ, ਉਹਦੇ ਵਿਚੋਂ ਵੀ ਮਹਿਕ ਆਉਣ ਲਗ ਪਵੇਗੀ। ਗੱਲ ਤੇ ਸਿਰਫ ਸਪੇਸ ਪੈਦਾ ਕਰਨ ਦੀ ਹੈ। ਆਪਣੀ ਜ਼ਿੰਦਗੀ ਨੂੰ ਕਾਬੂ ਕਰਨ ਲਈ ਸਿਖਣਾ ਤੇ ਪਵੇਗਾ ਹੀ। ਆਲੇ ਦੁਆਲੇ ਫੈਲਿਆ ਪ੍ਰਦੂਸ਼ਣ, ਆਪਣੇ ਆਪ ਨਹੀ ਫੈਲ ਗਿਆ। ਉਹ ਸਿਰਫ ਇਹ ਜਾਣਦੇ ਹਨ ਕਿ ਤੁਸੀਂ ਕਮਜ਼ੋਰ ਹੋ।

ਆਪਣੇ ਨਸ਼ੇ ਵਾਲਾ ਹਥਿਆਰ ਉਨ੍ਹਾਂ ਸਾਡੇ ਹੱਥ ਵਿਚ ਫੜਾ ਦਿੱਤਾ ਹੈ,ਅਸੀਂ ਨਸ਼ਾ ਕਰੀਏ ਪਰ ਸੁਆਲ ਨਾ ਕਰੀਏ।

ਆਪਣੇ ਹੱਕਾਂ ਲਈ ਜਾਗਰੂਕ ਨਹੀ ਹਾਂ। ਉਹ ਕਾਨੂੰਨ ਵੀ ਜੋ ਤੁਹਾਡੇ ਹੱਕ ਵਿਚ ਜਾਂਦਾ ਹੈ, ਤੁਸੀਂ ਉਸਤੋਂ ਵੀ ਵਾਂਝੇ ਹੋ ਰਹੇ ਹੋ।ਸਮਝੌਤਾ ਕਰਨਾ ਸਾਡੀ ਆਦਤ ਹੈ ਤੇ ਸੌਣ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੀਆ ਸਮਸਿਆਵਾਂ ਨੂੰ ਖਤਮ ਕਰਨਾ ਚਾਹੁੰਦੇ ਹਾਂ।

ਜ਼ਿੰਦਗੀ ਦਾ ਸਫਰ ਤੇ ਬਹੁਤ ਹੀ ਖੂਬਸੂਰਤ ਹੈ। ਛੋਟੇ ਛੋਟੇ ਕਦਮਾਂ ਨਾਲ, ਖਿੜੇ ਹੋਏ ਫੁਲਾਂ ਨੂੰ ਮਿਲਿਆ ਜਾ ਸਕਦਾ ਹੈ ਤੇ ਆਸ ਕੀਤੀ ਜਾ ਸਕਦੀ ਹੈ ਕਿ ਅਗਲੀ ਸਵੇਰ ਇਹ ਫੁਲ ਹੋਰ ਵੀ ਜਲਾਲ ਵਿਚ ਹੋਣਗੇ, ਸੋ ਅੱਜ ਦੀ ਖੁਸ਼ਬੋ, ਸਿਰਫ ਅੱਜ ਲਈ ਹੈ।

ਨਿੱਕੇ ਨਿੱਕੇ ਕੰਮਾਂ ਲਈ ਮਾਲੀਆਂ ਨੂੰ ਉਹ ਨਾ ਦੇਵੋ,ਜੋ ਮਹਿਕ ਵਿਹੂਣਾ ਹੈ। ਮਾਲੀ ਸਾਡੇ ਫੁਲਾਂ ਨੂੰ ਪਾਣੀ ਨਹੀ ਦੇ ਰਿਹਾ ਕਿਉਂਕਿ ਉਹ ਪਾਣੀ ਤੁਹਾਡੇ ਲਈ ਖਰਚ ਹੀ ਨਹੀ ਕਰਨਾ ਚਾਹੁੰਦਾ। ਉਹ ਜਾਣਦਾ ਹੈ ਕਿ ਜੋ ਫੁਲ ਮਹਿਕਣੇ ਹਨ ਉਹ ਸਾਰਿਆਂ ਲਈ ਵਧੀਆ ਹਨ ਪਰ ਉਹ ਇਹ ਵੀ ਜਾਣਦਾ ਹੈ ਕਿ ਕਿਉਂ ਨਾ ਉਹ ਸਾਰੀ ਮਹਿਕ ਆਪਣੇ ਹੀ ਬੱਚਿਆਂ ਨੂੰ, ਖਾਨਦਾਨ ਨੂੰ ਦੇ ਦੇਵੇ। ਉਹ ਦੇ ਰਿਹਾ ਹੈ, ਉਹ ਜਾਣਦਾ ਹੈ ਕਿ ਤੁਸੀਂ ਕੁਝ ਨਹੀ ਕਹੋਗੇ।

ਕੀ ਕਦੇ ਸੁਣਿਆ ਸੀ ਕਿ ਡਾਕਟਰ ਵੀ ਆਪਣੇ ਨਿਆਣਿਆਂ ਨੂੰ ਪਹਿਲ  ਦੇਣ ਲਈ ਸਾਡੇ ਘਰ ਉਜਾੜ ਦੇਵੇਗਾ? ਉਹ ਵੀ ਕੀ ਕਰੇ ਉਸਦਾ ਮੁਕਾਬਲਾ ਵੀ ਤੇ ਮੁਥਾਜ਼ੀ ਵੀ, ਇਨ੍ਹਾਂ ਲੌਰਡਜ਼  ਨੇ ਜਿੱਤ ਲਈ ਹੈ।

ਆਪਣੇ ਉਸ ਮਾਲੀ ਨੂੰ ਜੇ ਪੁੱਛਾਂਗੇ ਜਿਸਨੂੰ ਅਸੀਂ ਹੀ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਫੁਲਵਾੜੀ ਨੂੰ ਪਾਣੀ ਕਿਉਂ ਨਹੀ ਦੇ ਰਿਹਾ, ਤਾਂ ਉਹ ਕੁਝ ਵੀ ਜੁਆਬ ਨਹੀ ਦੇ ਸਕੇਗਾ ਪਰ ਜੇ ਅਸੀਂ ਉਲਝ ਜਾਵਾਂਗੇ ਤਾਂ ਉਹ ਪਹਿਲਾਂ ਤਾਂ ਤੁਹਾਨੂੰ ਆਪਣੇ ਲੈਵਲ ਤੇ ਲੈ ਆਵੇਗਾ ਤੇ ਫਿਰ ਆਪਣੇ ਤਜ਼ਰਬੇ ਨਾਲ ਤੁਹਾਨੂੰ ਲਾਜਵਾਬ ਕਰ ਦੇਵੇਗਾ। ਤੁਹਾਨੂੰ ਇੰਤਜਾਰ ਦੀ ਐਸੀ ਭਸੂੜੀ ਵਿਚ ਪਾ ਦੇਵੇਗਾ ਕਿ ਜੁਗ ਬੀਤ ਜਾਣਗੇ।

ਇਹ ਜੋ ਕਾਰਜ ਤੁਸੀਂ ਆਰੰਭ ਕੀਤਾ ਹੈ ਇਹ ਸਲਾਹੁੰਣਯੋਗ ਵੀ ਹੈ ਪਰ ਇਹ ਸਿਰਫ ਸਾਧਨ ਹੈ ਮੰਜ਼ਿਲ ਨਹੀ ਹੈ।

ਇੱਕ ਗੱਲ ਦੀ ਤਸੱਲੀ ਹੈ ਕਿ ਸਾਡੇ ਵਿਚ ਕੁਝ ਲੋਕ ਜੋ ਫਿਕਰਮੰਦ ਹਨ ਤੇ ਅੱਜ ਅਗਵਾਈ ਵੀ ਕਰ ਰਹੇ ਹਨ,ਉਹ ਬਹੁਤ ਸੁਹਿਰਦ ਹਨ।

ਅਸੀਂ ਸਾਰੇ ਜਾਣਦੇ ਹਾਂ ਕਿ ਲੋਕ ਤਬਦੀਲੀ ਚਾਹੁੰਦੇ ਹਨ। ਅੱਜ ਦੀ ਤਰੀਕ ਵਿਚ ਇਹ ਤਬਦੀਲੀ ਵੋਟਾਂ ਨਾਲ ਆਉਣ ਵਾਲੀ ਨਹੀ ਹੈ।

ਹਰ ਸੰਭਵ ਤਬਦੀਲੀ ਨੇ ਸਮੇ ਨੂੰ ਦਹਾਕਿਆਂ ਪਿੱਛੇ ਪਾ ਦਿੱਤਾ ਹੈ।

Slide2

ਆਉ ਬੂਥ ਲੈਵਲ ਤੇ ਗਰੁਪ ਬਣਾਈਏ ਜੋ ਛੋਟੇ ਯੁਨਿਟ ਵਿਚ ਬੈਠੇ ਹਰ ਨਾਗਰਿਕ ਦੇ ਅਧਿਕਾਰਾਂ ਦਾ ਖਿਆਲ ਰਖਣ। ਉਨ੍ਹਾਂ ਨੂੰ ਕਾਨੂੰਨ ਤੋਂ ਜਾਣੂ ਵੀ ਕਰਵਾਇਆ ਜਾਵੇ ਤੇ ਉਨ੍ਹਾਂ ਨੂੰ ਸਮੂਹਿਕ ਜ਼ਿੰਮੇਵਾਰੀਆਂ  ਦਾ ਅਹਿਸਾਸ ਵੀ ਕਰਵਾਇਆ ਜਾਵੇ।

ਵੋਟਾਂ  ਵੂਟਾਂ ਨੂੰ ਛਡੋ, ਇਸ ਨਾਲ ਕੁਝ ਨਹੀ ਹੋਣਾ। ਕੋਈ ਵੀ ਜਿੱਤੇ ਉਸ  ਨਾਲ ਆਮ ਨਾਗਰਿਕ ਨੂੰ ਕੋਈ ਫਰਕ ਨਹੀ ਪੈਣਾ।

ਜਿਤਨਾ ਚਿਰ ਲੋਕ-ਚੇਤਨਾ ਪੈਦਾ ਨਹੀ ਹੋਵੇਗੀ,ਕੋਈ ਵੀ ਸਥਾਈ ਹੱਲ ਸੰਭਵ ਹੀ ਨਹੀ ਹੈ।

ਆਉ ਯਾਦ ਕਰੀਏ ਉਹ ਦਿਨ, ਜਦੋਂ ਇੱਕ ਦੀ ਸਮਸਿਆ ਸਾਰੇ ਪਿੰਡ ਦੀ ਸਮਸਿਆ ਹੁੰਦੀ ਸੀ।

ਕੀ ਇਹੋ ਜਿਹੇ ਮਾਹੌਲ ਵਿਚ ਅਜੇ ਵੀ ਸਾਨੂੰ ਪਿੰਡ ਵਿਚ ਧੜੇਬੰਦੀ ਚਾਹੀਦੀ ਹੈ?

ਇਹ ਕੋਈ ਆਦਰਸ਼ਕ ਗੱਲਾਂ ਨਹੀ ਸਗੋਂ ਇਸਦਾ ਜੇ ਕੋਈ ਵਿਕਲਪ ਹੈ ਤਾਂ ਤੁਸੀਂ  ਦਸ ਦੇਵੋ।

ਅਸੀਂ ਤੇ ਸਿਰਫ ਕਾਨੂੰਨ ਤੋੜਣ ਵਾਲਿਆਂ ਨੂੰ ਹੀ ਰੋਕਣਾ ਹੈ।

ਛਾਨਣੀਆਂ ਦੇ ਢੇਰ ਸਿਰਫ ਲੋਕ ਚੇਤਨਾ ਨਾਲ ਹੀ ਲਥਣੇ ਹਨ।

Slide1

 

Advertisements