ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ

Truth is high but higher still is truthful living

ਆਦਿ ਕਾਲ ਤੋਂ ਹੀ ਇਸ ਮੁੱਦੇ ਤੇ ਗੱਲ ਹੁੰਦੀ ਆਈ ਹੈ,ਹੋ ਰਹੀ ਹੈ ਤੇ ਅੱਗੇ ਤੋਂ ਵੀ ਹੁੰਦੀ ਰਹੇਗੀ। ਹਰ ਯੁੱਗ ਵਿਚ ਕੁਝ ਯੁੱਗ-ਪੁਰਸ਼ ਹੁੰਦੇ ਹਨ। ਸੰਦੇਸ਼ ਤਾਂ ਕਈ ਹੁੰਦੇ ਹਨ ਪਰ ਜੋ ਸਮਾਜ ਦੀ ਮੁਹਾਰ ਹੀ ਬਦਲ ਦੇਵੇ,  ਉਸ ਸੰਦੇਸ਼ ਨੂੰ ਲੋਕਾਈ ਸਹਿਜ ਨਾਲ ਮੰਨ ਵੀ ਲੈਂਦੀ ਹੈ, ਉਸਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਵੀ ਬਣਾ ਲੈਂਦੀ ਹੈ ਤੇ ਇਸਦਾ ਗਵਾਹ ਇਤਿਹਾਸ ਹੈ।  ਵੈਸੇ ਤਾਂ ਸੰਵੇਦਨਾ ਨੂੰ ਕਿਸੇ ਗਵਾਹ ਦੀ ਲੋੜ ਨਹੀ ਹੁੰਦੀ ਭਾਵੇਂ ਉਹ ਗਵਾਹੀ, ਇਤਿਹਾਸ ਹੀ ਕਿਉਂ ਨਾ ਦਿੰਦਾ ਹੋਵੇ। ਇਤਿਹਾਸ ਤਾਂ ਘਟਨਾਵਾਂ ਦਾ ਰਿਕਾਰਡ ਹੁੰਦਾ ਹੈ ਤੇ ਉਸਦੀ ਤਾਸੀਰ ਨੂੰ ਸਾਂਭਣਾ, ਸਮਾਜ ਦਾ ਫਰਜ ਹੁੰਦਾ ਹੈ ਪਰ ਹਰ ਯੁੱਗ ਵਿਚ ਕੁਤਾਹੀ ਹੁੰਦੀ ਆਈ ਹੈ, ਨਹੀ ਤਾਂ ਕੋਈ ਕਾਰਣ ਨਹੀ ਕਿ ਸਮਾਜ ਵਿਚ ਇਤਨਾ ਨਿਘਾਰ ਆ ਜਾਵੇ ਕਿ ਜਗਿਆਸੂ ਵਿਅਕਤੀਆਂ ਨੂੰ ਨਵੇਂ ਸਿਰਿਉਂ ਉਹ ਲੜ ਫੜਣ ਲਈ ਮਜ਼ਬੂਰ ਹੋਣਾ ਪਵੇ ਜੋ ਖਿਸਕ ਗਿਆ ਹੈ।

ਯੋਰਪ ਦੇ ਇਤਿਹਾਸ ਵਿਚ ਜੋ  ਡੂੰਘਾ ਤੇ ਫੈਸਲਾਕੁੰਨ ਮੋੜ ਆਇਆ ਉਸਨੂੰ ਫਰੈਂਚ ਰਿਵੋਲੂਸ਼ਨ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ। ਇਹ 1789 ਦੇ ਸ਼ੁਰੂ ਤੋਂ ਲੈਕੇ 1790 ਦੇ ਅੰਤ ਦੇ ਸਮੇਂ ਦੌਰਾਨ ਦਾ ਹੈ। ਨੋਪੀਲਅਨ ਬੋਨਾਪਾਰਟੇ ਦੇ ਤਖਤ ਦਾ ਸਮਾਂ ਸੀ। ਇਸ ਸਮੇਂ ਦੌਰਾਨ ਫਰੈਂਚ ਦੇ ਨਾਗਰਿਕਾਂ ਨੇ ਦੇਸ਼ ਦੀ ਰਾਜਨੀਤੀ ਦਾ ਨਕਸ਼ਾ ਨਵੇਂ ਸਿਰਿਉਂ ਉਸਾਰਿਆ ਤੇ ਸਦੀਆਂ ਤੋਂ ਚਲੀ ਆ ਰਹੀਆਂ ਬਿਸਵੀ ਸੰਸਥਾਵਾਂ ਨੂੰ ਹੂੰਝ ਕੇ ਰੱਖ ਦਿੱਤਾ ਤੇ ਇਸ ਸ਼ੁਭ ਕਰਮ ਨੇ, ਬਾਦਸ਼ਾਹਤ ਅਤੇ ਜਗੀਰਦਾਰੀ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਲੋਕਾਂ ਨੇ ਸੁਖਾਵੀਂ ਜੀਵਨ-ਜਾਚ ਅਪਣਾ ਲਈ।

ਇਸ ਪਿੱਛੇ ਵੀ ਉਹ ਲੋਕ ਸਨ ਜਿਨ੍ਹਾਂ ਨੇ ਸੱਚ ਨੂੰ ਸਮਝਿਆ ਤੇ ਸੱਚ ਦੇ ਅਧਾਰ ਤੇ ਜੀਵਨ ਬਸਰ ਕਰਨ ਦਾ ਲੋਕ ਹੋਕਾ ਦਿੱਤਾ।

ਖਾਸ ਕਰਕੇ ਹਰਮਨ ਪਿਆਰੀ ਪ੍ਰਭੂਸਤਾ ਤੇ ਐਸੇ ਮੌਲਿਕ ਅਧਿਕਾਰ ਜੋ ਖੋਹੇ ਨਾ ਸਕਦੇ ਹੋਣ, ਜੋ ਨਾਗਰਿਕ ਦੇ ਹੋਣ।

ਅੱਜ ਫੇਰ ਉਹੋ ਸਮਾਂ ਹੈ ਜਦੋਂ ਨਾਗਰਿਕ ਦੇ ਅਧਿਕਾਰ,  ਤਰਸ ਵਾਲੀ ਹਾਲਤ ਵਿਚ ਹਨ।

ਅਸੀਂ ਸੱਚ ਤੇ ਸਚਾਈ ਤੋਂ ਦੂਰ ਹੋ ਗਏ ਹਾਂ। ਨਤੀਜਨ ਅਸੀਂ ਆਪਣੇ ਪੂਰਵਜ਼ਾਂ ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ  ਮੋੜ ਲਿਆ ਹੈ।

ਜੇ ਅਸੀਂ ਯਾਦ ਕਰੀਏ,  ਜ਼ਬਾਨ ਤੇ ਖਰਾ ਉਤਰਨਾ, ਗੁਆਂਢੀ ਹੀ ਨਹੀ ਸਗੋਂ ਸਾਰੇ ਪਿੰਡ ਨਾਲ ਪਿਆਰ ਕਰਨਾ ਤੇ ਉਨ੍ਹਾਂ ਤੋਂ ਆਪਣੇ ਨਿਜੀ ਹਿੱਤ ਵਾਰ ਦੇਣੇ,ਅਸੀਂ ਸੁਣੇ ਹੀ ਨਹੀ ਸਗੋਂ ਵੇਖੇ ਹਨ।

ਖੂਹ ਦੀਆਂ ਟਿੰਡਾਂ ਤੋਂ ਸ਼ਰਬਤ ਵਰਗਾ ਪਾਣੀ ਵਗਦਾ ਸੀ। ਸ਼ਤੂਤ ਦੀ ਛਾਂ,ਰਾਹੀ ਦੀ ਸਾਰੀ ਥਕਾਵਟ ਲਾਹ ਦਿੰਦੀ ਸੀ ਤੇ ਚੰਗੇਰ ਵਿਚ ਹਮੇਸ਼ਾਂ ਲਪੇਟੇ ਹੋਏ ਫੁਲਕੇ,ਪ੍ਰਾਹੁਣੇ ਦਾ ਇੰਤਜਾਰ ਕਰਦੇ ਸਨ। ਸਰਘੀ ਵੇਲੇ ਝਾਟੀ ਵਿਚਲੀ ਲੱਸੀ ਵੀ ਸਾਂਝੀ ਹੁੰਦੀ ਸੀ ਕੋਈ ਵੀ ਮੰਗ ਸਕਦਾ ਸੀ ਤੇ ਦੇਣ ਲਗਿਆਂ ਬੇਬੇ ਦੇ ਮੂੰਹ ਤੇ ਨੂਰ ਆ ਜਾਂਦਾ ਸੀ।

ਵਕਤ ਖਲੋ ਜਾਂਦਾ ਹੈ ਜਿਵੇਂ ਦਾ ਸਾਡਾ ਖਲੋ ਗਿਆ ਹੈ। ਲੋਕ ਨਾਪਸੰਦ ਕਰਦੇ ਹਨ ਪਰ ਚੁੱਪ ਹਨ। ਇੱਕ ਚੁੱਪ ਤੇ ਸੌ ਸੁਖ ਵਾਲਾ ਵਰਤਾਰਾ,ਸਮਾਜ ਨੂੰ ਰਸਾਤਲ ਵੱਲ ਲਿਜਾ ਰਿਹਾ ਹੈ।

ਸਮਾਜ ਰਸਾਤਲ ਵਲ ਕਿਉਂ ਜਾ ਰਿਹਾ ਹੈ ਇਸਦਾ ਕਾਰਣ ਉਹ ਭੁਲੀ ਹੋਈ ਜੀਵਨ-ਜਾਚ ਹੈ ਜੋ ਸਾਡੇ ਸਭਿਆਚਾਰ ਦੀ ਪਹਿਚਾਣ ਸੀ।

ਇਸ ਵਿਚ ਕੋਈ ਸ਼ਕ ਨਹੀ ਕਿ ਅੱਜ ਅਸੀਂ ਡੰਗ-ਟਪਾਊ ਹੋ ਗਏ ਹਾਂ। ਉਡਦੀ ਹੋਈ ਗਰਦ ਨੂੰ ਭਾਣਾ ਮੰਨਕੇ, ਸਿਰਫ ਬਚਾਵ ਦੀ ਮੁਦਰਾ ਵਿਚ ਆ ਗਏ ਹਾਂ।

ਸਾਡੇ ਹੀ  ਪਰਿਵਾਰ ਦੇ ਦੂਜੇ ਜੀਅ ਕਹਿੰਦੇ ਹਨ ਕਿ ਸਭ ਠੀਕ ਹੋ ਜਾਵੇਗਾ, ਚਿੰਤਾ ਕਿਉਂ ਕਰਦੇ ਹੋ?

ਸਾਨੂੰ ਭੁਲ ਗਿਆ ਹੈ ਕਿ ਕੀ ਠੀਕ ਨਹੀ ਹੈ। ਸੱਚ ਤੇ ਅਸੱਚ ਦਾ  ਫਰਕ ਮਿਟ ਗਿਆ ਹੈ।  ਫਰਕ ਸਿਰਫ ਸੱਚ ਤੇ ਝੂਠ ਵਿਚ ਹੀ  ਦਰਜ਼ ਹੈ।

ਗੁਰੂ ਨਾਨਕ ਦੇਵ ਜੀ ਦੇ ਯੁੱਗ ਵਿਚਲਾ ਸੱਚ,ਅਸੱਚ ਨੇ ਢਕ ਲਿਆ ਸੀ। ਸੱਚ ਕਦੇ ਵੀ ਦੋ ਧਿਰੀ ਨਹੀ ਹੁੰਦਾ। ਹਾਂ ਅੱਸਚ ਯਕੀਨਨ ਦੋ ਧਿਰੀ ਹੁੰਦਾ ਹੈ। ਅਸੱਚ ਵਿਚਲੀ ਤਾਸੀਰ ਨੂੰ ਗੁਰੂ ਨਾਨਕ ਦੇਵ ਜੀ ਨੇ ਪਹਿਚਾਣਕੇ ਹੀ ਸੱਚ ਦਾ ਗੱਲ ਕੀਤੀ ਤੇ ਸਮਾਜ ਵਿਚ ਸੁਧਾਰ  ਵੀ ਲਿਆਂਦਾ ਤੇ ਸਿਧਾਂਤ ਵੀ ਪੇਸ਼ ਕੀਤੇ। ਕਿਰਤ ਕਰੋ, ਵੰਡ ਛਕੋ ਅੱਜ ਵੀ ਉਤਨਾ ਹੀ  ਪ੍ਰਸੰਗਿਕ  ਹੈ।
ਸਿਧਾਂਤ ਨਾਲ ਹੀ ਉਹ ਜੀਵਨ-ਜਾਚ ਬਣਦੀ ਹੈ ਜਿਸਨੂੰ ਸਚੁ ਆਚਾਰੁ ਕਿਹਾ  ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਸਾਡੇ ਜਿਉਣ ਦਾ ਢੰਗ।

ਅੱਜ ਸਾਨੂੰ  ਇਸ ਸੱਚ ਅਧਾਰਿਤ ਜਾਚ ਦੀ ਬਹੁਤ ਲੋੜ ਹੈ।

ਸਮਝਣਾ ਪਵੇਗਾ ਕਿ ਜੀਣ ਥੀਣ ਦੀ ਇਹੋ ਤਹਜ਼ੀਬ ਹੈ। ਸਾਡਾ ਫਰਜ਼ ਹੈ ਕਿ ਅਸੀਂ  ਵਕਤ ਰਹਿੰਦਿਆਂ,ਆਪਣੀ ਅਮੀਰ ਤਹਜ਼ੀਬ  ਨੂੰ ਸੇਹਤਮੰਦ ਕਰਕੇ ਹੀ ਅਗਲੀ ਪੀੜੀ ਨੂੰ ਸੋਂਪੀਏ। ਨਹੀ ਤਾਂ ਨਵੀ ਪੀੜ੍ਹੀ ਸਾਨੂੰ ਉਲ੍ਹਾਮਾ ਦੇਵੇਗੀ।

ਸੱਭਿਆਚਾਰਕ ਵਿਰਾਸਤ ਪੀੜ੍ਹੀ ਤੋਂ ਪੀੜ੍ਹੀ ਤੱਕ ਪਹੁੰਚ ਕਰਦੀ ਹੈ। ਸਾਨੂੰ ਯਾਦ ਹੈ ਪਰ ਕੀ ਅਸੀਂ ਵਿਰਾਸਤ ਨੂੰ ਕੁਝ ਹਾਂ-ਪੱਖ ਦੇ ਰਹੇ ਹਾਂ ਕਿ ਅਗਲੀ ਪੀੜ੍ਹੀ ਉਸਨੂੰ ਯਾਦ ਵੀ ਰਖ ਸਕੇ ਤੇ ਮਾਣ ਵੀ ਕਰ ਸਕੇ?

ਅਫਰਾ ਤਫਰੀ ਨਵੀ ਦਿਸ਼ਾ ਦੀ ਭਾਲ ਵਿਚ ਹੈ। ਗਲੋਬਲ ਪਿੰਡ ਨੇ ਸਾਡੇ  ਰਸਦੇ ਵਸਦੇ ਪਿੰਡ ਖਾ ਲਏ ਹਨ। ਇਸਦਾ ਇੱਕੋ ਇੱਕ ਬਦਲ ਲੋਕ-ਚੇਤਨਾ ਹੈ।

ਅਸਲ ਵਿਚ ਰਸਤੇ ਐਸੇ ਹਨ ਜੋ ਮੰਡੀ ਵਲ ਜਾਂਦੇ ਹਨ, ਵਹਿੰਦੇ ਪਾਣੀਆਂ ਵਾਂਗ।

 

ਵਿਰਾਸਤੀ  ਤਲਾਸ਼ ਜਾਰੀ ਹੈ ਇਸੇ ਲਈ ਅਸੀਂ ਅੱਜ ਇਕਠੇ ਹੋਏ ਹਾਂ।

ਸਿਸਟਮ ਦਾ ਸੰਦਰਭ ਸਾਡਾ ਸਮਾਜਿਕ ਜੀਵਨ ਹੈ ਨਾਂ ਕਿ ਕਿਸੇ ਦੇਸ਼ ਦੀ ਸਰਕਾਰ ਵਲੋਂ ਉਸਾਰਿਆ ਮਕੜ-ਜਾਲ।

ਕੁਝ ਵੀ ਬਦਲਣ ਦੀ ਲੋੜ ਨਹੀ ਹੈ ਜੋ ਹੈ ਉਸਨੂੰ ਸਾਂਭਣ ਦੀ ਲੋੜ ਹੈ। ਇਹ ਅਸੰਭਵ ਜਿਹਾ ਲਗਦਾ ਹੈ। ਹੈ ਵੀ ਮੁਸ਼ਕਲ ਪਰ ਅਸੰਭਵ ਕੁਝ ਵੀ ਨਹੀ ਹੁੰਦਾ ਤੇ ਇਹ ਸਭ ਹੌਲੀ ਹੌਲੀ ਹੀ ਹੋਣਾ ਹੈ। ਇਸ ਲਈ ਸਿਰਫ ਆਪਣੇ ਹੱਕਾਂ ਤੇ ਪਹਿਰਾ ਦੇਣ ਦੀ ਤੇ ਗੁਆਂਢੀ ਨਾਲ ਪਿਆਰ ਕਰਨ ਦੀ ਲੋੜ ਹੈ। ਅੱਜ ਸਾਨੂੰ ਲੋੜ ਹੈ ਕਲ ਨੂੰ ਗੁਆਂਢੀ ਦੀ ਲੋੜ ਹੈ।

ਸਹੀ ਦਿਸ਼ਾ ਵਿਚ ਜੀਣਾ ਥੀਣਾ ਕੀ ਹੈ  ਤੇ ਸਾਡੀ ਅਗਲੀ ਪੀੜੀ ਕਿਵੇਂ ਦਾ ਜੀਵੇਗੀ,ਕੀ ਉਹ ਉਲਾਂਭਾ ਤੇ ਨਹੀ ਦੇਵੇਗੀ? ਇਸ ਭਵਿਖੀ ਜੀਵਨ-ਜਾਚ ਨੇ ਉਲਾਂਭੇ ਪੈਦਾ ਕਰ ਦਿੱਤੇ ਹਨ।

ਵਿਰੋਧ ਤੋਂ ਬਚਦੇ ਅਸੀਂ ਖੁਦ ਦੀ ਜ਼ਮੀਰ ਦੇ ਹੀ ਵਿਰੋਧੀ ਬਣ ਜਾਂਦੇ ਹਾਂ। ਸਾਹਿਤ  ਦੇ ਰਣਤੱਤੇ ਵਿਚ ਤੇ ਸਾਡਾ  ਵਿਰਸਾ ਹੋਣਾ ਚਾਹੀਦਾ ਹੈ ਤੇ ਉਸਦੀ ਪ੍ਰਫੁਲਤਾ ਲਈ ਯਕੀਨਨ ਸਾਡੀ ਸਰਬ-ਸੋਚ ਵੀ ਨਿੱਗਰ ਹੋਣਾ ਚਾਹੀਦੀ ਹੈ।

ਅਸੀਂ ਪਹਿਲੇ ਹੀ ਅਚੇਤ ਵਿਚ ਵਸੇ ਹੋਏ ਪ੍ਰਭਾਵਾਂ  ਨਾਲ ਗੱਲ ਕਰਦੇ ਹਾਂ। ਸਾਡੀ ਆਗਾਮੀ ਸੋਚ, ਅਚੇਤ ਸੋਚ ਨਾਲ ਜਰਬਾਂ ਦੇਕੇ ਹੀ ਕੋਈ ਨੁਕਤਾ ਸੋਚਦੀ ਹੈ।

ਆਪਣੀ ਈਗੋ ਨੂੰ ਸੰਤੁਸ਼ਟ ਕਰਨ ਲਈ ਅਸੀਂ ਕਦੇ ਕਦੇ ਆਪਣੇ ਆਪ ਨੂੰ ਵੀ ਮੰਨਣ ਤੋਂ ਇਨਕਾਰੀ ਹੁੰਦੇ ਹਾਂ। ਦੂਜੇ ਸ਼ਬਦਾਂ ਵਿਚ ਨਵਾਂ ਗ੍ਰਹਿਣ ਹੀ ਨਹੀ ਕਰਨਾ ਚਾਹੁੰਦੇ। ਸਾਨੂੰ ਅਕਸਰ ਹਰ ਦਿਨ ਨਵੇਂ ਮੌਕੇ ਮਿਲਦੇ ਹਨ, ਨਵਾਂ ਸਿਖਣ ਲਈ। ਆਸੇ ਪਾਸੇ ਵਿਚਰਦੀ ਦੁਨੀਆਂ ਪਰਾਈ ਨਹੀ ਹੁੰਦੀ ਪਰ ਅੱਖਾਂ ਤੋਂ ਪੱਟੀ ਉਤਾਰਨ ਦੀ ਹਿੰਮਤ ਨਹੀ ਹੁੰਦੀ। ਖਦਸ਼ਾ ਹਾਜ਼ਰ ਹੁੰਦਾ ਹੈ ਕਿ ਕੌਣ ਇਤਨੀ ਰੌਸ਼ਨੀ ਬਰਦਾਸ਼ਤ ਕਰੇਗਾ? ਗੰਧਾਰੀ, ਸਾਡੇ ਰਗ ਰਗ ਵਿਚ ਵਸੀ ਹੋਈ ਹੈ।

ਵਿਅਕਤੀ ਆਪਣੇ ਅੰਦਰ ਧਸੇ ਹੋਏ ਤੇ ਖੋਪੜੀ ਵਿਚ ਉਣੇ ਹੋਏ ਰੇਸ਼ਿਆਂ ਨੂੰ ਬਚਾ ਕੇ ਰਖਦਾ ਹੈ। ਸੋਚ-ਤਕਨੀਕ ਨੂੰ ਦਿਲ ਤੇ ਮੰਨਦਾ ਹੈ ਪਰ ਦਿਮਾਗ ਦੀ ਖਲਬਲੀ ਬਹੁਤੀ  ਬਲਵਾਨ ਹੁੰਦੀ ਹੈ।

ਐਸਾ ਨਹੀ ਹੈ ਕਿ ਕੁਝ ਹੋ ਨਹੀ ਸਕਦਾ, ਬਿਲਕੁਲ ਹੋ  ਸਕਦਾ ਹੈ ਪਰ ਉਹਦੇ ਲਈ ਆਪਣੇ  ਆਪ ਨੂੰ ਐਸੇ ਵਰਤਾਰੇ ਤੋਂ ਨਿਰਲੇਪ ਕਰਨਾ ਪਵੇਗਾ। ਸਾਡੇ ਕੋਲ ਆਪਣੇ ਪੁਰਖਿਆਂ ਦਾ ਸਿਰਜਿਆ ਹੋਇਆ ਮਾਡਲ ਮੌਜੂਦ ਹੈ। ਉਹ ਮਾਡਲ ਸਾਡੇ ਅਚੇਤ ਵਿਚ ਵਸਿਆ ਹੋਇਆ ਹੈ ਪਰ ਦੁਨਿਆਂਦਾਰੀ ਦੇ ਸੁਚੇਤ ਵਰਤਾਰਿਆਂ ਨੇ ਉਸਨੂੰ ਦੂਸ਼ਿਤ ਕਰ ਦਿੱਤਾ ਹੈ। ਐਸਾ ਵੀ ਨਹੀ ਕਿ ਅਸੀਂ ਨਵੀਆਂ ਪ੍ਰਸਥਿਤੀਆਂ ਨੂੰ ਨਜ਼ਰ ਅੰਦਾਜ਼ ਕਰ ਦੇਈਏ। ਕਈ ਵਾਰ ਸਮਝੌਤੇ ਵੀ ਕਰਨੇ ਪੈਂਦੇ ਹਨ ਪਰ ਇਹ ਸਮਝੌਤੇ ਸੱਚ ਤੇ ਅਧਾਰਿਤ, ਸਿਧਾਂਤ ਦੇ ਅਨੁਸਰਣੀ ਤੇ ਵਰਤਮਾਨ ਦੇ ਹਾਣੀ ਹੋਣੇ ਚਾਹੀਦੇ ਹਨ। ਸਾਨੂੰ ਉਸ ਅਧਾਰ ਦੀ ਬੌਟਮ ਲਾਈਨ ਉਲੰਘਣੀ ਨਹੀ ਚਾਹੀਦੀ ਜੋ ਸਾਡੇ ਸਭਿਆਚਾਰ ਦੇ ਅਨੁਕੂਲ ਨਾ ਹੋਵੇ।

ਜੋ ਜਨਮ ਤੋਂ ਹੀ ਸੰਸਕਾਰਾਂ ਸਮੇਤ ਸਾਡੇ ਵਿਚ ਰਚਿਆ ਹੋਇਆ ਹੈ। ਵਕਤ ਦੀ ਧੂੜ ਨੇ ਉਸਨੂੰ ਮੈਲਾ ਕਰ  ਦਿੱਤਾ ਹੈ। ਸਚੁ ਆਚਾਰੁ ਸਾਡੇ ਅੰਦਰ ਹੈ ਪਰ ਅਸੀਂ ਹੀ ਅਵੇਸਲੇ ਹਾਂ।

ਸੋਚ-ਹਲੂਣਾ ਇਹ ਗੱਲ ਤਸਲੀਮ ਕਰਨ ਵਿਚ ਕੋਈ ਹਰਜ਼ ਨਹੀ ਸਮਝਦਾ ਕਿ ਸਾਡੇ ਸੰਸਕਾਰਾਂ ਤੇ ਜੰਮੀ ਧੂੜ ਨੇ ਸਾਡਾ ਫੱਕਾ ਨਹੀ ਛਡਣਾ।

ਇਹ ਆਸ ਰਖਣੀ  ਹੀ ਨਹੀ ਚਾਹੀਦੀ ਕਿ ਕੋਈ ਐਨ ਮਨੋਰਥ ਤੇ ਤਰਕ ਨਾਲ ਹੀ ਗੱਲ ਕਰੇਗਾ।

ਸਾਂਝੀ ਸੋਚ ਨੂੰ ਭਰਮ ਨਾਲ ਨਹੀ ਜੋੜ ਦੇਣਾ ਚਾਹੀਦਾ। ਇਹ ਸਮੇ ਸਮੇ ਸਮੂਹਿਕ ਹੁੰਦੀ ਆਈ ਹੈ ਤੇ ਇਸ ਇਕਾਗਰਤਾ ਦੀ ਸਾਨੂੰ ਲੋੜ ਹੈ।

ਇਸ ਇਕਸਾਰਤਾ ਦਾ ਧੁਰਾ ਉਹ ਜੀਵਨ-ਜਾਚ ਹੈ  ਜੋ ਸਾਡਾ ਵਿਰਸਾ ਰਹੀ ਹੈ ਤੇ ਹੁਣ ਪੇਤਲੀ ਪੈਂਦੀ ਜਾ ਰਹੀ ਹੈ।

ਸਾਡੇ ਕੋਲ ਇੱਕ ਸੋਚ ਆ ਪਹੁੰਚੀ ਹੈ ਕਿ ਸਰਕਾਰਾਂ ਕੁਝ ਨਹੀ ਕਰਦੀਆਂ। ਅਸੀਂ ਥਿੜਕੇ ਹੋਏ ਕਿਸੇ ਇੱਕ ਪਾਰਟੀ ਨਾਲ ਜੁੜ ਕੇ ਕੋਈ ਆਸ ਪੈਦਾ ਕਰ ਲੈਂਦੇ ਹਾਂ। ਇਹ ਭੁਲ ਜਾਂਦੇ ਹਾਂ ਕਿ ਨਿੱਕੀਆਂ ਨਿੱਕੀਆਂ ਛਾਨਣੀਆਂ ਨੇ ਸਾਡਾ ਆਲਾ ਦੁਆਲਾ ਧੁਆਂਖ ਦਿੱਤਾ ਹੈ। ਛਾਨਣੀਆਂ ਦਾ ਇਹ ਢੇਰ ਯਕਮੁੱਕਤ ਮਨਫੀ ਨਹੀ ਹੋ ਸਕਦਾ। ਸਾਨੂੰ ਤੇ ਇੱਕ ਇੱਕ ਛਾਨਣੀ ਦੀ ਪੁਣਛਾਣ ਕਰਨੀ ਪਵੇਗੀ। ਇਹ ਲੋੜ ਮੇਰੇ ਗੁਆਂਢੀ ਦੀ ਹੈ, ਉਹ ਕਰੇ ਤਾਂ ਹੀ ਮੇਰਾ ਸਾਹ ਸੌਖਾ ਹੋ ਸਕਦਾ ਹੈ। ਅਸੀਂ ਉਸ ਗੁਆਂਢੀ ਨੂੰ ਸਹੂਲਤ ਦੇ ਸਕਦੇ ਹਾਂ ਕਿ ਉਹ ਆਪਣੇ ਵਿਹਾਰ ਵਿਚ ਕੋਈ ਤਬਦੀਲੀ ਲਿਆਵੇ। ਗੁਆਂਢੀ ਤੇ ਲਾਈਆਂ ਪਾਬੰਧੀਆਂ,ਸਾਡੀਆਂ ਆਪਣੀਆਂ ਹਨ। ਸਾਡੇ ਵਿਚ ਹੀ ਨਿਘਾਰ ਹੈ ਸਾਨੂੰ ਉਸ ਨਿਘਾਰ ਦੀ ਪਹਿਚਾਣ ਕਰਨੀ ਪਵੇਗੀ।  ਗੁਆਂਢੀ ਨੂੰ ਪੁੱਛਣਾ ਪਵੇਗਾ ਕਿ ਉਸਦੀ ਲੋੜ ਕੀ ਹੈ?  ਕਿਤੇ ਉਸਨੂੰ  ਸਾਡੀ ਲੋੜ ਤੇ ਨਹੀ?

ਗੁਆਂਢੀ ਦਾ ਕੇਲੇ ਦਾ ਛਿਲਕਾ, ਸੜਕ ਤੇ ਸੁਟਿਆ ਸਾਨੂੰ ਚੁੱਕਣਾ ਪਵੇਗਾ। ਇੰਝ  ਹੁੰਦਾ ਆਇਆ ਹੈ ਤੇ ਇਹ ਹੋ ਸਕਦਾ ਹੈ।

ਇਹ ਹੀ ਹੈ ਦੋਸਤੀ ਦੀ ਉਹ ਰਿਸ਼ਤਗੀ ਜਿਸਨੇ ਸਾਡੇ ਸੋਚਣ ਸਮਝਣ ਤੇ ਪਾਬੰਧੀ ਲਗਾ ਦਿੱਤੀ ਹੈ। ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ। ਮਾਨਸਿਕ ਗੱਲ ਇਹ ਹੈ ਕਿ ਗੁਆਂਢੀ ਦੀ  ਇਹ ਮਰਜੀ ਨਹੀ ਹੈ।

ਉਸਨੇ ਇਹ ਗੱਲ ਅਸਿਧੇ ਰੂਪ ਵਿਚ, ਸਾਡੇ ਕੋਲੋਂ ਹੀ ਸਿਖੀ ਹੋਵੇਗੀ।

ਸਾਨੂੰ ਇਹ ਗੱਲ ਤਸਲੀਮ ਕਰ ਲੈਣੀ ਚਾਹੀਦੀ ਹੈ ਕਿ ਦੋਸਤੀਆਂ ਦੀ ਤਲਾਸ਼ ਅਜੇ ਖਤਮ ਨਹੀ ਹੋਈ।

ਇਸ ਬੁਨਿਆਦ ਨੂੰ ਹਕੀਕਤ ਮੰਨਕੇ ਬਹੁਤ ਕੁਝ ਕੀਤਾ ਜਾ ਸਕਦਾ ਹੈ ਤੇ ਇਸਦੀ ਲੋੜ ਅੱਜ ਤੋਂ ਵਧ ਕਦੇ ਵੀ ਨਹੀ ਸੀ।

ਅੱਜ ਅਸੀਂ ਨਿੱਕੇ ਨਿੱਕੇ ਫਾਇਦਿਆਂ ਦੀ ਖਾਤਰ,ਆਦਰਸ਼ਾਂ ਦਾ ਕਤਲ ਕਰ ਰਹੇ ਹਾਂ।

ਦੋਸਤੋ ਅੱਜ ਸਾਡਾ ਨਿੱਜਵਾਦ ਆਲਸੀ ਤੇ ਅਰਾਮ ਪ੍ਰਸਤ ਹੋ ਗਿਆ ਹੈ। ਐਸਾ  ਨਿੱਜਵਾਦ ਚੌਰਾਹੇ ਵਿਚ ਆਕੇ ਇਨਸਾਨੀਅਤ ਦਾ ਨੁਕਸਾਨ ਕਰੇਗਾ।

ਹੁਣ ਇਹ ਵੇਖਣ ਵਾਲੀ ਗੱਲ ਹੈ ਕਿ ਤੁਹਾਡੀ ਮਰਜੀ ਦਾ ਕਰਮ ਕੀ ਹੈ? ਕੀ ਤੁਸੀਂ ਕਿਸੇ ਦ੍ਰਿੜ ਕਥਨ ਕਹਿੰਣ ਵਾਲੇ ਤੇ ਸੁਨਣ ਵਾਲੇ ਹੋ? ਬਹੁਤੇ ਲੋਕ ਇਸਤਰ੍ਹਾਂ ਨਹੀ ਸੋਚਦੇ।  ਵਜ਼ੂਦ ਸੋਚਦਾ ਹੈ,ਜੋ ਮਿਲ ਗਿਆ ਸੱਚ ਬਚਨ, ਜੋ ਦਿਸ ਰਿਹਾ ਸੱਤ ਬਚਨ। ਜੋ ਮਹਿਸੂਸ ਹੋ ਰਿਹਾ, ਉਸਦਾ ਮਜਾ ਲਵੋ। ਜੋ ਦੁਖ ਦੇ ਰਿਹਾ ਹੈ ਉਸਤੋਂ ਅੱਖਾਂ ਬੰਦ ਕਰ ਲਵੋ। ਕਾਰਣ  ਇਹ ਹੈ ਕਿ ਸਭਿਆਚਾਰਕ, ਰੀੜ ਦੀ ਹੱਡੀ ਕਮਜੋਰ ਪੈ ਗਈ ਹੈ।

ਅਸੀਂ ਇੱਕ ਨਵਾਂ ਸ਼ਬਦ ਘੜ ਲਿਆ ਹੈ—ਯਥਾਰਥ।

ਯਥਾਰਥ  ਦੇ ਤਸਲੇ ਵਿਚ ਅਸੀਂ ਆਪਣੀ ਜੀਵਨ-ਜਾਚ ਉੱਲਦ ਦਿੱਤੀ ਹੈ। ਕੀ ਇੰਝ ਨਹੀ ਹੋ ਸਕਦਾ ਕਿ ਆਦਰਸ਼  ਨੂੰ ਸਮਝ ਕੇ ਉਸਨੂੰ ਯਥਾਰਥ ਨਾਲ ਜਰਬਿਆ ਜਾਵੇ ਜਾਂ ਉਸ ਯਥਾਰਥ ਨੂੰ ਨਿਕਾਰ  ਦਿੱਤਾ ਜਾਵੇ ਜਿਸ ਵਿਚ ਆਦਰਸ਼ ਨਾ ਹੋਵੇ?

ਖੋਜ ਬਹੁਤ ਜ਼ਰੂਰੀ ਹੈ, ਬਿਨ੍ਹਾਂ ਖੋਜ ਤੋਂ ਉਲਝਾ ਹੀ ਉਲਝਾ ਹੈ। ਸਿਧੇ ਪਾਣੀ ਸਾਨੂੰ ਕਦੇ ਵੀ  ਸਚੁ ਆਚਾਰੁ ਵਲ ਲੈਕੇ ਨਹੀ ਜਾਣਗੇ। ਜੋ ਹੋ ਰਿਹਾ ਹੈ ਇਹ ਸਾਡੇ ਅਨੁਕੂਲ ਨਹੀ ਤੇ ਕਿਉਂ ਅਨੁਕੂਲ ਨਹੀ ਇਹ ਸਮਝਣ ਦੀ ਲੋੜ ਹੈ।

ਅਸਲ ਵਿਚ,ਸਭਿਆਚਾਰ  ਨਾਲ ਜੁੜਿਆ ਸਿੱਧਾ ਰਸਤਾ ਤਾਂ ਬਹੁਤ ਔਖਾ ਹੋ ਗਿਆ ਹੈ। ਗਲੋਬਲ ਪਿੰਡ ਦੇ ਨਵੇਂ ਨਵੇਂ ਵਿਚਾਰ,ਸਾਡੇ ਘੜੇ ਹੋਏ ਨਹੀ ਹਨ ਪਰ ਨੁਕਸਾਨ ਸਭਤੋਂ ਬਹੁਤਾ ਸਾਡਾ ਹੀ ਕਰ ਰਹੇ ਹਨ।

ਸਾਡੇ ਤੋਂ ਭਾਵ ਹਰ ਉਸ ਸਭਿਆਚਾਰ  ਤੋਂ ਹੈ ਜੋ ਕਿਸੇ ਸਮੇਂ,ਸਥਿਤੀ ਤੇ ਭੂਗੋਲਿਕ ਪ੍ਰਸਥਿਤੀਆਂ ਅਨੁਸਾਰ,  ਧਰਤੀ ਦੇ ਕਿਸੇ ਵੀ ਖਿੱਤੇ ਵਿਚ ਪਨਪਿਆ ਹੈ। ਹਰ ਸਭਿਆਚਾਰ ਵਿਚ ਖਿੱਤੇ ਦੀ ਜ਼ਮੀਨੀ ਹਕੀਕਤ ਹੁੰਦੀ ਹੈ। ਉਸ ਹਕੀਕਤ ਨੂੰ ਰੱਦ ਨਹੀ ਕੀਤਾ ਜਾ ਸਕਦਾ ਪਰ ਕਾਰਪੋਰੇਟ ਦੇ ਵਿਰਾਟ ਰੂਪ ਨੇ ਧਾਵਾ ਬੋਲਿਆ ਹੋਇਆ ਹੈ।  ਉਹ ਸਿਰਫ ਆਪਣਾ ਨਫਾ ਵੇਖਦਾ ਹੈ ਭਾਵੇਂ ਯੂਨੈਸਿਕੋ ਨੇ ਇਸ ਬਾਰੇ ਡਾਇਸ ਵੀ ਬਣਾਇਆ ਹੈ ਪਰ ਇਸਦਾ ਪ੍ਰਭਾਵ ਦਿਸ ਨਹੀ ਰਿਹਾ।

ਅੱਜ ਫੋਕਸ ਵਿਚ ਮਨੁੱਖ ਨਹੀ ਸਗੋਂ ਵਸਤੂ ਹੈ। ਆਪਣੇ ਫਾਇਦੇ ਦੀ ਖਾਤਰ ਉਨ੍ਹਾਂ ਨੇ ਮਨੁੱਖ ਨੂੰ ਵਸਤੂ ਬਨਾਉਣ ਲਈ ਟਿੱਲ ਲਾਇਆ ਹੋਇਆ ਹੈ ਤੇ ਸਾਡੇ ਕੋਲ ਕੋਈ ਚਾਰਾ ਦਿਸਦਾ ਨਹੀ।

ਇਸਦਾ ਮੁੱਢਲਾ ਕਾਰਣ ਇਹ ਹੀ ਹੈ ਕਿ ਅੱਜ ਸਾਡਾ  ਗੁਆਂਢੀ, ਸਾਡੇ ਲਈ ਅਜਨਬੀ ਹੋ  ਗਿਆ ਹੈ।

ਆਉ ਉਨ੍ਹਾਂ ਛਾਨਣੀਆਂ ਨੂੰ ਇੱਕ ਇੱਕ ਕਰਕੇ ਉਤਾਰੀਏ। ਆਪਸੀ ਸਮਝ ਪੈਦਾ ਕਰੀਏ,ਆਪਣੀ ਲੋੜ ਨੂੰ ਇੱਕ  ਪਲੇਟਫਾਰਮ ਤੇ ਲਿਆਈਏ। ਕਰਿੰਗੜੀਆਂ ਪਾਕੇ ਆਪਣੇ ਪਿੰਡ ਨੂੰ ਬਚਾਈਏ।

ਧੀ ਦੇ ਵਿਆਹ ਲਈ ਮੰਜੇ ਇੱਕਠੇ ਕਰੀਏ।

ਸਾਡੀਆਂ ਪਗਡੰਡੀਆਂ ਗੁਆਚੀਆਂ ਨਹੀ ਹਨ,ਸਿਰਫ ਧੂੜ ਨਾਲ ਅੱਟੀਆਂ ਗਈਆਂ ਹਨ।

ਸਾਡੇ ਅੰਦਰੋਂ,ਅਲੋਪ ਹੋਇਆ ਮਨੁੱਖ ਇਸਦੀ ਕਾਮਨਾ ਕਰਦਾ ਹੈ,ਸਿਰਫ ਸਾਨੂੰ ਤੇਜ ਰੌਸ਼ਨੀ ਵਿਚ ਵਿਖਾਈ ਨਹੀ ਦੇ ਰਿਹਾ।

ਇਹ ਆਲੋਪ ਹੋਇਆ ਮਨੁੱਖ ਤੀਜਾ ਪਾਤਰ ਨਹੀ ਹੈ, ਮੈ ਵੀ ਹਾਂ, ਤੁਸੀਂ ਵੀ ਹੋ ਤੇ ਸਾਡੇ ਵਰਗੇ ਹੋਰ ਵੀ ਕਈ ਹਨ।

ਸੱਚ ਸਰਗੁਣ ਹੈ ਪਰ ਸਚਾਈ ਉਪਰ ਕਾਇਮ ਹੋਈ ਜੀਵਨ-ਜਾਚ, ਸਭਤੋਂ ਉੱਤਮ ਹੈ।ਇਹ ਮਾਰਗ ਹੀ ਅਸਲ ਹੈ ਤੇ ਇਸਦਾ ਕੋਈ ਵੀ ਵਿਕਲਪ ਨਹੀ ਹੈ।

 

 

 

 

Advertisements

Leave a Reply

This site uses Akismet to reduce spam. Learn how your comment data is processed.