ਪਿੱਛਾ ਰਹਿ ਗਿਆ ਦੂਰ- PUNJABI KAHANI BY DEEPTI BABUTA

 

ਦੀਪਤੀ ਬਬੂਟਾ, ਮੋਹਾਲੀ (98146-70707)                                

“ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ। ਉਹ ਵੀ ਕੋਈ ਬੰਦਾ ਹੋਇਆ ਜਿਹੜਾ ਸਿਰ ਲੁਕੋਣ ਲਈ ਇੱਕ ਕੁੱਲੀ ਨਾ ਛੱਤ ਸਕੇ। ਬੰਦੇ ਦੀ ਦੌੜ ਘਰ ਤੋਂ ਘਰ ਤੱਕ। ਪੰਛੀ ਜਨੌਰ ਵੀ ਤਿਣਕਾ-ਤਿਣਕਾ ਇਕੱਠਾ ਕਰਦੇ ਆ। ਬਿਜੜੇ ਵਰਗਾ ਆਲ੍ਹਣਾ ਨਾ ਬਣਾ ਸਕਣ ਪਰ ਚਿੜੀਆਂ ਵੀ ਅੰਡੇ ਦੇਣ ਤੋਂ ਪਹਿਲਾਂ ਕੱਖ-ਕਾਨਾ ਜੋੜਦੀਐਂ। ਧਰਤੀ ਦੇ ਜੀਵ ਖੁੱਡਾਂ ਪੁੱਟ ਕੇ ਪਰਿਵਾਰ ਦਾ ਸਿਰ ਢੱਕਣ ਦੀ ਚਾਰਾਜੋਈ ਕਰਦੇ ਆ। ਨਾ ਸਾਰੀ ਉਮਰ ਆਹ ਸਰਕਾਰੀ ਖੁੱਡੀ ’ਚ ਤੇ ਨਹੀਂ ਕੱਟ ਹੋਣੀ। ਨਵੀਂ ਥਾਂ ’ਤੇ ਸੈੱਟ ਹੋਏ ਨਹੀਂ ਹੁੰਦੇ ਤੇ ਆਰਡਰ ਆ ਜਾਣਗੇਬਦਲੀ ਹੋ ਗਈ। ਸਾਮਾਨ ਬੰਨ੍ਹੋ। ਕਦੀ ਇਸ ਸਟੇਸ਼ਨ ਕਦੀ ਉਸ। ਨੌਕਰੀ ਜਿੱਥੇ ਵੀ ਕਰੋ, ਜਿੱਥੇ ਸੌਖ ਹੋਵੇ ਉੱਥੇ ਰਵ੍ਹੋ, ਪਰ ਬੰਦੇ ਦਾ ਕੋਈ ਤਾਂ ਪੱਕਾ ਥਾਂ ਟਿਕਾਣਾ ਹੋਵੇ। ਇੱਥੋਂ ਪੁੱਟ ਕੇ ਉੱਥੇ ਲਾਉ, ਉੱਥੋਂ ਪੁੱਟ ਕੇ ਉੱਥੇ ਲਾਉਦਿਆਂ ਤਾਂ ਪੌਦਾ ਵੀ ਜੜ੍ਹ ਛੱਡ ਜਾਂਦੈ। ਰੱਬ ਜਾਣੇ ਬਾਲਾਂ ਦੇ ਸਕੂਲਾਂ ਦੀ ਅਦਲਾ-ਬਦਲੀ ਕੀ ਚੰਨ ਚੜ੍ਹਾੳੂਗੀ! ਪਤਾ ਲੱਗੂ ਜਿੱਦਣ ਰਿਟਾਇਰ ਹੋਏ ਤੇ ਜੁੱਲੀ ਬਿਸਤਰਾ ਲੈ ਕੇ ਰਾਹ ਨਾ ਮਿਲਿਆ ਸਿਰ ਲੁਕੋਣ ਦਾ।”

ਸਾਮਾਨ ਪੈਕ ਕਰਦੀ ਮਾਲਤੀ ਦੇ ਇਹ ਸ਼ਬਦ ਪਹਿਲੀ ਵਾਰੀ ਨਹੀਂ ਸੁਣੇ ਜਾ ਰਹੇ। ਅਸਲ ਵਿੱਚ ਘਰ ਦੇ ਨਿੱਕੇ-ਵੱਡੇ ਸਾਰੇ ਕੰਨ ਆਦੀ ਹੋ ਚੁੱਕੇ ਹਨ ਸੁਣਨ ਦੇ ਤੇ ਬੁੱਲ੍ਹਾਂ ਨੂੰ ਆਦਤ ਪੈ ਚੁੱਕੀ ਹੈ ਚੁੱਪ ਰਹਿਣ ਦੀ। ਹਾਂ, ਅੱਖਾਂ ਇਸ ਮਾਮਲੇ ਵਿੱਚ ਖ਼ੁਸ਼ਕਿਸਮਤ ਰਹਿੰਦੀਆਂ ਤੇ ਮੌਕੇ ਦਾ ਭਰਪੂਰ ਆਨੰਦ ਮਾਣਦੀਆਂ ਖ਼ੂਬ ਠਹਾਕੇ ਮਾਰਦੀਆਂ। ਜੇ ਕਿਧਰੇ ਉਸ ਦੀਆਂ ਗੱਲਾਂ ਦਾ ਦਿਮਾਗ ਨੋਟਿਸ ਲੈ ਲਵੇ ਤਾਂ ਦਿਲ ਦਾ ਵਹਿਣ ਅੱਖਾਂ ਨੂੰ ਠੱਲ੍ਹਣਾ ਔਖਾ ਹੋ ਜਾਂਦਾ। ਨਵੇਂ ਕੁਆਟਰ ’ਚ ਸਾਮਾਨ ਟਿਕਾਅ ਰਹੀ ਹੁੰਦੀ, ਜਾਂ ਅਗਲੇ ਸਟੇਸ਼ਨ ਜਾਣ ਦੀ ਤਿਆਰੀ ਕਰਦੀ ਸਾਮਾਨ ਬੰਨ੍ਹ ਰਹੀ ਹੁੰਦੀ, ਉਹਦੀ ਬੁੜ-ਬੁੜ ਉਦੋਂ ਤੱਕ ਨਾ ਰੁਕਦੀ, ਜਦੋਂ ਤੱਕ ਨਵੇਂ ਮਾਹੌਲ ’ਚ ਰਚਮਿਚ ਕੇ ਜ਼ਿੰਦਗੀ ਦੀ ਰੇਲ ਪੱਟਰੀ ’ਤੇ ਨਾ ਆ ਜਾਂਦੀ।

ਇਹ ਕੈਸੇਟ ਰਿਵਾਈਂਡ ਹੋ ਕੇ ਵਾਰ-ਵਾਰ ਚੱਲਣ ਲੱਗਦੀ ਜਦੋਂ ਘਰ ਦੇ ਕੰਮ ਲੱਗੀ ਨੂੰ ਸਾਮਾਨ ਟਿਕਾਉਣ ’ਚ ਦਿੱਕਤ ਪੇਸ਼ ਆ ਜਾਂਦੀ, ਜਾਂ ਫਿਰ ਕੰਮ ਤੋਂ ਵਿਹਲੀ ਹੋ ਕੇ ਝੱਟ ਆਰਾਮ ਕਰਨ ਲਈ ਥਾਂ ਨਾ ਮਿਲਦੀ।

“ਜ਼ਰੂਰੀ ਤਾਂ ਨਹੀਂ ਮਹੱਲ ਖੜ੍ਹੇ ਕੀਤੇ ਜਾਣ। ਭਾਵੇਂ ਮਰਲਾ ਥਾਂ ਹੋਵੇ, ਬੰਦਾ ਹੇਠਾਂ ਉੱਤੇ ਕਮਰੇ ਛੱਤ ਲਵੇ। ਅੰਦਰ ਭੰਗੜਾ ਨਾ ਪਾ ਸਕੇ, ਘੱਟੋ-ਘੱਟ ਕੋਈ ਇੱਕ ਕਮਰਾ ਤਾਂ ਹੋਵੇ ਜਿਸ ਨਾਲ ਆਪਣੇ-ਆਪ ਨੂੰ ਜੋੜ ਕੇ ਬੰਦਾ ਆਪਣੀ ਹੋਂਦ ਮਹਿਸੂਸ ਕਰ ਸਕੇ।”

ਉਹ ਜੋ ਵੀ ਬੋਲਦੀ, ਸਾਰੇ ਮੌਨੀ ਸਾਧ ਬਣੇ ਸੁਣੀ ਜਾਂਦੇ। ਸੁਣਦੇ ਵੀ ਕਿਉ ਨਾ। ਕੁੱਝ ਝੂਠ ਜਾਂ ਗਲਤ ਕਹਿੰਦੀ ਹੋਵੇ ਤਾਂ ਕੋਈ ਚੂੰ-ਚਾਂ ਕਰੇ ਵੀ।

ਪਰ!

ਉਸ ਦਾ ਅੰਮਿ੍ਰਤ ਜਿਹਾ ਸੱਚ! ਮੇਰੇ ਲਈ ਜ਼ਹਿਰ ਦਾ ਘੁੱਟ ਹੋ ਜਾਂਦਾ। ਸੱਚੀਂ ਸੰਘੋਂ ਲੰਘਾਉਣਾ ਔਖਾ।

*****

ਆਪਣੀ ਛੱਤ! ਸੁਖ਼ਦ ਅਹਿਸਾਸ!! ਜ਼ਿੰਦਗੀ ਦਾ ਹੁਸੀਨ ਸੁਪਨਾ ਸੌਂਦੇ-ਜਾਗਦੇ ਦਿਖਾਉਣ ਵਾਲੀ ਮੇਰੀ ਅਰਧਾਂਗਨੀ।

ਮਾਲਤੀ!

ਡੋਲੀਓਂ ਉਤਰੀ।

ਅਲਤੇ ਨਾਲ ਸ਼ਿੰਗਾਰੇ ਪੈਰ ਦਹਿਲੀਜ਼ ਅੰਦਰ ਪਏ। ਝਾਂਜਰਾਂ ਦਾ ਛਣਕਾਟਾ ਵੀ ਨਾ ਸੁਣਿਆ ਤੇ ਕੁਆਟਰ ਦਾ ਘੇਰਾ ਪੈਰਾਂ ਹੇਠ ਦੱਬ ਗਿਆ।

ਇੱਕ ਕਮਰਾ, ਰਸੋਈ, ਗੁਸਲਖ਼ਾਨਾ, ਪਖ਼ਾਨਾ ਤੇ ਟੀਨ ਦੀ ਚਾਦਰ ਲਾ ਕੇ ਕਮਰੇ ਦਾ ਰੂਪ ਦਿੱਤਾ ਹੋਇਆ ਨਿੱਕਾ ਜਿਹਾ ਬਰਾਂਡਾ।

ਇਹ ਕੁਆਟਰ! ਇੰਨਾ ਛੋਟਾ!! ਅਹਿਸਾਸ ਪਹਿਲਾਂ ਕਦੀ ਨਹੀਂ ਸੀ ਹੋਇਆ। ਬਰਾਂਡੇ ਵੱਲ ਖੁੱਲ੍ਹਦਾ ਕਮਰੇ ਦਾ ਦਰਵਾਜ਼ਾ, ਜੋ ਇਸ ਵੇਲੇ ਬੰਦ ਹੈ, ਦੀਆਂ ਝੀਤਾਂ ਵਿੱਚੋਂ ਕਈ ਕੁੱਝ ਮੇਰੇ ਆਰ-ਪਾਰ ਗੁਜ਼ਰ ਰਿਹਾ ਹੈ। ਬਰਾਂਡੇ ਅੰਦਰ ਚੱਲ ਰਹੇ ਸਾਹਾਂ ਦੀਆਂ ਆਵਾਜ਼ਾਂ ਮੇਰੇ ਕੰਨਾਂ ਅੰਦਰ ਤੂਫ਼ਾਨ ਮਚਾ ਰਹੀਆਂ ਹਨ। ਦਿਲ ਜ਼ੋਰ ਨਾਲ ਧੜਕਣ ਲੱਗਿਆ ਹੈ। ਸੁਹਾਗ ਸੇਜ ’ਤੇ ਨਵੀਂ ਨਵੇਲੀ ਦੁਲਹਨ ਸੁਹਾਗਣ ਬਣਨ ਲਈ ਆਪਣੇ ਆਪ ਵਿੱਚ ਸਿਮਟਦੀ ਜਾ ਰਹੀ ਹੈ ਤੇ ਮੈਂਮੈਂ! ਮੇਰੇ ਪਸੀਨੇ ਛੁੱਟ ਰਹੇ ਹਨ। ਕਮਰੇ ਅਤੇ ਬਰਾਂਡੇ ਅੰਦਰ ਚੱਲ ਰਹੇ ਸਾਹਾਂ ਦਾ ਸ਼ੋਰ ਮੇਰੇ ਦਿਲ ਦਿਮਾਗ ਨੂੰ ਜਕੜਨ ਲੱਗਿਆ ਹੈ। ਹੁਸੀਨ ਪਲ਼ਾਂ ’ਤੇ ਜ਼ਿਹਨੀ ਨਿਪੁੰਸਕਤਾ ਭਾਰੀ ਪੈਣ ਲੱਗੀ ਹੈ।

ਨਵੀਂ ਜ਼ਿੰਦਗੀ ਦਾ ਆਗ਼ਾਜ਼! ਹਿੰਮਤ ਕਰਕੇ ਮੈਂ ਬੈੱਡ ’ਤੇ ਸਿੱਧਾ ਹੋ ਕੇ ਬੈਠਣ ਲੱਗਿਆ। ਚਰ..ਰਰ। ਬੈੱਡ ਦੀ ਚੂਲ ਹਿੱਲੀ। ਮੈਂ ਥਾਂਏਂ ਬੁੱਤ ਹੋ ਗਿਆ। ਬਰਾਂਡੇ ਅੰਦਰੋਂ ਸਾਹਾਂ ਦੀ ਆਵਾਜ਼ ਹੋਰ ਉੱਚੀ ਹੋ ਕੇ ਚੂਲ ਦੀ ਚਰ..ਰਰ ’ਤੇ ਹੱਸਣ ਲੱਗੀ। ਪਹਿਲੇ ਸਾਹ ਤੋਂ ਜੋ ਦਰਜਾ ਚਾਰ ਕੁਆਟਰ ਸੁੱਖ-ਦੁੱਖ ਦਾ ਸਾਥੀ ਰਿਹਾ ਸੀ, ਅੱਜ ਅਰਮਾਨਾਂ ’ਤੇ ਹਾਵੀ ਹੋਇਆ ਸੁਰਗਾਂ ’ਚ ਬੈਠੇ ਬਾਪ ਨੂੰ ਮਿਹਣੋਂ-ਮਿਹਣੀਂ ਹੋਣ ਲੱਗਿਆ। ਪਿਤਾ ਜੀ! ਅਸੀਂ ਤੁਹਾਡਾ ਕੀ ਵਿਗਾੜਿਆ ਸੀ, ਜੋ

ਪਿਤਾ ਜੀ ਗੇਟਮੈਨਰੇਲਵੇ ਦਰਜਾ ਚਾਰ ਮੁਲਾਜ਼ਮ। ਦਿਨ ਰਾਤ ਫ਼ਾਟਕ ਬੰਦ ਕਰਨ ਖੋਲ੍ਹਣ ’ਚ ਲੱਗੇ ਰਹਿੰਦੇ। ਜਾਂ ਫਿਰ ਬਾੳੂਆਂ ਦੇ ਘਰੇਲੂ ਹੁਕਮ ਵਜਾਉਣ ਲਈ ਗਰਦਨ ਝੁਕਾ ਕੇ ਹੱਥ ਜੋੜੀ ਰੱਖਦੇ। ਮਾਂ ਘਰੇਲੂ ਔਰਤ। ਵਿਹਲੇ ਵੇਲੇ ਲਿਫ਼ਾਫ਼ੇ ਬਣਾਉਦੀ। ਤੰਗੀਆਂ-ਤੁਰਸ਼ੀਆਂ ਨਾਲ ਦੋ-ਚਾਰ ਹੁੰਦੇ ਮਾਂ ਤੇ ਪਿਤਾ ਜੀ। ਸਾਨੂੰ ਚਾਰ ਭੈਣ ਭਰਾਵਾਂ ਨੂੰ ਸੁਨਹਿਰਾ ਭਵਿੱਖ ਦੇਣ ਦੇ ਖ਼ੁਆਬ ਸਜਾਉਦੇ ਨਿੱਤ ਨਵੀਂ ਸਵੇਰ ਉਡੀਕਦੇ।

ਚਾਰ ਭੈਣ-ਭਰਾਵਾਂ ’ਚੋਂ ਮੈਂ ਵੱਡਾ ਤੇ ਮੈਥੋਂ ਨਿੱਕੀਆਂ ਤਿੰਨ ਭੈਣਾਂ।

ਸੁਣੇ ਬੋਲ ਅਰਥ ਬਣਨ ਦੀ ਸੋਝੀ ਆਉਦੀ ਇਸ ਤੋਂ ਪਹਿਲਾਂ ਮੇਰੇ ਨਿੱਕੇ-ਨਿੱਕੇ ਕੰਨ ਮਾਂ ਦੀ ਇੱਕੋ ਗੱਲ ਸੁਣਨ ਦੇ ਆਦੀ ਹੋ ਗਏ, “ਉਹ ਵੀ ਕੋਈ ਬੰਦਾ ਹੋਇਆ, ਜਿਹੜਾ ਸਾਰੀ ਉਮਰਾਂ ਸਿਰ ਦੀ ਛੱਤ ਵੀ ਨਾ ਛੱਤ ਸਕੇ।” ਮਾਂ ਹੱਥ ਧੋ ਕੇ ਪਿਤਾ ਜੀ ਦੇੇ ਪਿੱਛੇ ਪਈ ਰਹਿੰਦੀ।

‘ਆਪਣਾ ਘਰ’ ਜ਼ਿੱਦ ਪੁਗਾਉਣ ਲਈ ਤਿਲ-ਤਿਲ ਬਚਾਉਦੀ, ਪਰ ਤਿਲਾਂ ’ਚੋਂ ਇੰਨਾ ਤੇਲ ਨਾ ਨਿਕਲਦਾ ਕਿ ਸੁਪਨਿਆਂ ਦੀ ਦਹਿਲੀਜ਼ ’ਤੇ ਚੋਇਆ ਜਾ ਸਕਦਾ।

ਪਿਤਾ ਜੀ ਦੀ ਜ਼ੁਬਾਨ ਵੀ ਇਹੀ ਦੁਹਰਾਉਦੀ, “ਬਾਲਾਂ ਦੇ ਜਵਾਨ ਹੋਣ ਤੋਂ ਪਹਿਲਾਂ ਛੱਤ ਨਾ ਵੀ ਪਵੇ, ਪਰ ਕਿਸੇ ਤਰ੍ਹਾਂ ਔਖੇ-ਸੌਖੇ ਜ਼ਮੀਨ ਦਾ ਟੋਟਾ ਜੁੜ ਜਾਏ। ਫਿਰ ਇੱਟ ਨਾਲ ਇੱਟ ਜੁੜਦਿਆਂ ਆਪੇ ਕਦੀ ਨਾ ਕਦੀ ਛੱਤ ਵੀ ਪੈ’ਜੇਗੀ। ”

ਪੂਰਾ ਮਹੀਨਾ ਅਗਲੀ ਤਨਖ਼ਾਹ ’ਚੋਂ ਅੱਧੀ ਨਹੀਂ ਤਾਂ ਚੌਥਾ ਹਿੱਸਾ ਬੱਚਤ ਦੀ ਪੱਕੀ ਗੰਢ ਪਾ ਕੇ ਬਚਾਅ-ਬਚਾਅ ਕੇ ਖ਼ਰਚ ਕੀਤਾ ਜਾਂਦਾ। ਘੁੱਟੇ ਹੱਥ ’ਚੋਂ ਰੇਤ ਤਿਲਕ ਜਾਂਦੀ ਤੇ ਲਿਫ਼ਾਫ਼ਾ ਖੁੱਲ੍ਹਣ ਤੋਂ ਪਹਿਲਾਂ ਹੀ ਤਨਖ਼ਾਹ ਨੂੰ ਲੋੜਾਂ ਨਿਗਲ ਚੁੱਕੀਆਂ ਹੁੰਦੀਆਂ। ਇਸ ਉਧੇੜ ਬੁਣ ’ਚ ਉਧੇੜ ਦਾ ਪੱਲੜਾ ਇੰਨਾ ਭਾਰੀ ਪੈ ਗਿਆ ਕਿ ਇੱਕ ਦਿਨ ਪੂਰਾ ਤਾਣਾ ਉੱਧੜ ਗਿਆ।

ਸਿਗਨਲ ਡਾੳੂਨ ਹੋਏ ਪਏ ਸਨ। ਆੳੂਟਰ ਤੋਂ ਗੱਡੀ ਸਟੇਸ਼ਨ ਵੱਲ ਕੂਕਾਂ ਮਾਰਦੀ ਆ ਰਹੀ ਸੀ। ਬੰਦ ਰੇਲਵੇ ਫਾਟਕ ਕੋਲ ਖੜ੍ਹੀ ਇੱਕ ਔਰਤ ਦਾ ਹੱਥ ਛੁਡਾ ਕੇ ਨਿੱਕਾ ਜਿਹਾ ਬਾਲ ਅਚਾਨਕ ਭੱਜ ਕੇ ਰੇਲਵੇ ਕ੍ਰਾਸਿੰਗ ਵਿਚਾਲੇ ਜਾ ਪਹੁੰਚਿਆ। ਕੁਰਲਾਹਟ ਸੁਣ ਕੇ ਪਿਤਾ ਜੀ ਭੱਜ ਪਏ। ਸਿਰ ’ਤੇ ਆ ਪਹੁੰਚੀ ਗੱਡੀ ਦਾ ਵੀ ਖ਼ਿਆਲ ਨਾ ਕੀਤਾ। ਬਾਲ ਨੂੰ ਬਾਹੋਂ ਫੜ ਕੇ ਫਾਟਕੋਂ ਪਾਰ ਧੱਕ ਦਿੱਤਾ। ਆਪ ਭੱਜ ਕੇ ਅੱਗੇ ਹੋਣ ਲੱਗੇ। ਅਚਾਨਕ ਪੈਰ ਥੁੜਕ ਗਿਆ ਤੇ ਸਿਰ ਪਰਨੇ ਪਿੱਠ ਭਾਰ ਡਿੱਗ ਪਏ।

ਕੂਕਾਂ ਮਾਰਦੀ ਗੱਡੀ ਲੰਘ ਗਈ। ਪਿੱਛੇ ਰਹਿ ਗਿਆ ਰੇਲਵੇ ਕ੍ਰਾਸਿੰਗ ਵਿਚਾਲੇ ਪਿਤਾ ਜੀ ਦੇ ਸਿਰ ਦਾ ਮਲੀਦਾ। ਫਾਟਕ ਖੁੱਲ੍ਹ ਗਿਆ। ਆਵਾਜਾਈ ਚੱਲ ਪਈ ਪਰ ਸਾਡੀ ਜ਼ਿੰਦਗੀ ਠਹਿਰ ਗਈ।

ਮੈਂ ਬੀ.ਏ. ਦੇ ਪਹਿਲੇ ਸਾਲ ਵਿੱਚ ਸਾਂ। ਮੇਰੇ ਤੋਂ ਛੋਟੀ ਭੈਣ ਦਸਵੀਂ, ਉਸ ਤੋਂ ਛੋਟੀ ਨੌਵੀਂ ਤੇ ਸਭ ਤੋਂ ਛੋਟੀ ਸੱਤਵੀਂ ’ਚ।

ਪਿਤਾ ਜੀ ਦੀ ਮੌਤ ਨੌਕਰੀ ਦੌਰਾਨ ਹੋਈ ਸੀ। ਤਰਸ ਦੇ ਆਧਾਰ ’ਤੇ ਮੈਨੂੰ ਨੌਕਰੀ ਮਿਲਣਾ ਤੈਅ ਸੀ। ਪੜ੍ਹਾਈ ’ਚੋਂ ਮੈਂ ਹਮੇਸ਼ਾ ਮੋਹਰੀ ਰਹਿੰਦਾ। ਗਰੀਬ ਮਾਪੇ ਪੁੱਤਰ ’ਚੋਂ ਅਫ਼ਸਰੀ ਦੀ ਝਾਕ ਰੱਖਦੇ ਆਪਾ ਵੇਚਣ ਦੀਆਂ ਤਕਰੀਰਾਂ ਕਰਦੇ, ਪਰ!

ਮੇਰੀ ਪਹਿਲੇ ਦਰਜੇ ’ਚ ਪਾਸ ਕੀਤੀ ਹੁਣ ਤੱਕ ਦੀ ਪੜ੍ਹਾਈ ਮੇਰੇ ਸੁਪਨਿਆਂ ਦਾ ਰਥ ਅੱਗੇ ਨਾ ਦੌੜਾ ਸਕੀ। ਵੱਡੇ ਸੁਪਨੇ ਜ਼ਿੰਮੇਵਾਰੀਆਂ ਦੇ ਬੋਝ ਹੇਠ ਸਾਹ ਘੁੱਟ ਗਏ। ਐਨ.ਆਰ.ਐਮ.ਯੂ. ਪ੍ਰਧਾਨ ਨੇ ਸਿਰਾ ਚੱੁਕਿਆ। ਤਰਸ ਦੇ ਆਧਾਰ ’ਤੇ ਮੈਂ ਗੁਡਜ਼ ਕਲਰਕ ਲੱਗ ਗਿਆ। ਮਾਂ ਦੀ ਪੈਨਸ਼ਨ ਆਉਣ ਲੱਗੀ। ਪਿਉ ਦੀ ਨੌਕਰੀ ਮੈਨੂੰ ਮਿਲੀ ਤੇ ਕੁਆਟਰ ਵੀ ਮੇਰੇ ਨਾਂ ’ਤੇ ਸਾਡੇ ਬੇਘਰਿਆਂ ਦੇ ਸਿਰ ਦੀ ਛੱਤ ਬਣ ਗਿਆ।

ਜ਼ਿੰਦਗੀ ਤੁਰ ਪਈ। ਭੈਣਾਂ ਦੀ ਪੜ੍ਹਾਈ, ਮਾਂ ਦੀ ਦਵਾ-ਦਾਰੂ। ਨਿੱਕੀ ਉਮਰੇ ਵੱਡੀਆਂ ਜ਼ਿੰਮੇਵਾਰੀਆਂ। ਜਵਾਨੀ ਪ੍ਰੌੜ੍ਹ ਹੋ ਗਈ।

ਜ਼ਿੰਦਗੀ! ਕਿੱਥੇ ਸੀ ਜ਼ਿੰਦਗੀ!! ਤਿੰਨ ਸਾਲ ਰੇਤ ਵਾਂਗ ਹੱਥੋਂ ਕਿਰ ਗਏ। ਮੈਨੂੰ ਪੜ੍ਹਾਈ ਦਾ ਕੀੜਾ ਲੜਦਾ। ਮਰੇ ਸੁਪਨੇ ਨੀਂਦ ’ਤੇ ਪਹਿਰਾ ਲਾਉਦੇ। ਮੈਨੂੰ ਕਚੀਚੀਆਂ ਪੈਂਦੀਆਂ, ਪਰ ਭੈਣਾਂ ਦੇ ਚੰਗੇ ਨਤੀਜੇ ਚਿਹਰੇ ਦੀ ਨੁਹਾਰ ਬਦਲ ਦਿੰਦੇ।

ਮੇਰੇ ਨਾਲੋਂ ਨਿੱਕੀ ਆਈ.ਟੀ.ਆਈ. ’ਚ ਸਿਲਾਈ ਕਢਾਈ ਦਾ ਡਿਪਲੋਮਾ ਕਰਨ ਲੱਗੀ ਹੈ। ਮੈਂ ਛੇਤੀ ਹੀ ਇੱਕ ਭੈਣ ਨੂੰ ਵਿਆਹ ਕੇ ਭਾਰ ਹੌਲਾ ਕਰਨ ਲਈ ਦਿਨ-ਰਾਤ ਵਿਉਤਾਂ ਘੜਨ ਲੱਗਿਆ। ਉਸ ਨਾਲੋਂ ਛੋਟੀਆਂ ਵੀ ਸਿਰ ਨਾਲੋਂ ਉੱਚੀਆਂ ਹੋ ਕੇ ਡੋਬੂ ਪਾਉਣ ਲੱਗੀਆਂ ਕਿ

*****

ਵਿਆਹ ਵਿੱਚ ਬੀ ਦਾ ਰੌਲਾ! ਮੈਂ ਵੀ ਕਦੀ ਸਿਹਰਾ ਬੰਨ੍ਹਾਂਗਾ! ਚਿੱਤ-ਚੇਤੇ ਵੀ ਨਹੀਂ ਸੀ। ਮੈਂ ਤਾਂ ਜਿੰਨੀ ਛੇਤੀ ਹੋ ਸਕੇ ਭੈਣਾਂ ਨੂੰ ਹੰਨੇ-ਬੰਨੇ ਲਾਉਣ ਦੀਆਂ ਸਕੀਮਾਂ ’ਚ ਉਲਝਿਆ ਵਿਭਾਗੀ ਚਿਤਾਵਨੀਆਂ ਦੇ ਜਵਾਬ ਦਿੰਦਾ, ਡਰ ਤੋਂ ਆਦਤ ਤੱਕ ਦਾ ਪੈਂਡਾ ਤੈਅ ਕਰ ਚੁੱਕਿਆਂ।

“ਬਾੳੂ ਜੀ, ਵਿਆਹ ਕਰਵਾ ਲਉ। ਹੋਰ ਕੁੱਝ ਨਹੀਂ ਤਾਂ ਪੈਂਟ ਦੀ ਜਿੱਪ ਤਾਂ ਬੰਦ ਕਰਨ ਦਾ ਖ਼ਿਆਲ ਰਿਹਾ ਕਰੂ।”

ਵਾਟਰਮੈਨ ਦਾਰੀਚਾਹ ਦੇਣ ਆਇਆ ਹੱਸੀ ਜਾਵੇ। ਵਧੀ ਦਾੜ੍ਹੀ, ਖਿੱਲਰੇ ਵਾਲ। ਮੈਂ ਮੂੰਹ ਸਿਰ ’ਤੇ ਹੱਥ ਫੇਰੀ ਜਾਵਾਂ ਤੇ ਉਹ ਪੈਂਟ ਦੀ ਜਿੱਪ ਵੱਲ ਇਸ਼ਾਰਾ ਕਰਦਾ ਦੋਹਰਾ-ਚੌਹਰਾ ਹੋਈ ਜਾਵੇ।

ਉਸ ਦੀ ਹਰਕਤ ਦਾ ਨੋਟਿਸ ਲੈਂਦਾ ਮੇਰਾ ਹੱਥ ਸਿੱਧਾ ਪੈਂਟ ਦੀ ਜਿੱਪ ’ਤੇ। ਮੇਰਾ ਰੰਗ ਉੱਡ ਗਿਆ। ਪੂਰਾ ਲੈਟਰਬਾਕਸ ਖੁੱਲ੍ਹਾ। ਤੇੜ ਕੱਛਾ ਵੀ ਨਾ। ਜਿੱਪ ਬੰਦ ਕਰਾਂ। ਫ੍ਰੀ ਹੋਈ ਹੇਠਾਂ ਉੱਤੇ ਭੱਜੀ ਜਾਵੇ।

ਕਿੰਨੇ ਪਾਰਸਲ ਦਰਸ਼ਨ ਕਰ ਗਏ! ਸੋਚ ਕੇ ਮੇਰਾ ਵੀ ਹਾਸਾ ਛੁੱਟ ਗਿਆ।

ਹਾਸੇ ਤੋਂ ਥੋੜ੍ਹਾ ਸਾਹ ਆਇਆ ਤਾਂ ਦਾਰੀ ਨੇ ਮੈਨੂੰ ਵਿਆਹ ਕਰਵਾ ਲੈਣ ਦੀ ਸਲਾਹ ਦੇਣ ਦੇ ਨਾਲ ਹੀ ਦਸਵੀਂ ਪਾਸ ਆਪਣੀ ਚਚੇਰੀ ਭੈਣ ਮਾਲਤੀ ਦੀ ਦੱਸ ਪਾ ਦਿੱਤੀ। ਮੈਂ ਗੱਲ ਆਈ-ਗਈ ਕਰ ਦਿੱਤੀ। ਚਾਰ ਦਿਨ ਨਹੀਂ ਪਏ ਮੈਂ ਡਿੳੂਟੀ ਕਰਕੇ ਕੁਆਟਰ ਪਰਤਿਆ। ਅੱਗੋਂ ਦਾਰੀ ਦੇ ਮਾਂ-ਪਿਉ ਮੇਰੀ ਮਾਂ ਕੋਲ ਸ਼ਗਨ ਲੈ ਕੇ ਪਹੁੰਚੇ ਹੋਏ।

“ਭੈਣਜੀ ਬਿਨਾਂ ਮਾ-ਪਿਉ ਦੀ ਧੀ ਨੂੰ ਮੈਂ ਤਾਂ ਦਾਰੀ ਨਾਲ ਆਵਦੀ ਛਾਤੀ ਦਾ ਦੁੱਧ ਚੁੰਘਾ ਕੇ ਪਾਲਿਐ। ਕੁੱਖੋਂ ਨਹੀਂ ਜੰਮੀ ਤਾਂ ਕੀ ਹੋਇਆ, ਦੁੱਧ ਦੀ ਆਂਦਰ ਤਾਂ ਹੈ। ਮੇਰੀ ਧੀ ਵਰਗੀ ਧੀ ਨਹੀਂ ਮਿਲਣੀ ਤੁਹਾਨੂੰ ਆਵਦੇ ਪੁੱਤਰ ਲਈ।” ਦਾਰੀ ਦੀ ਚਾਚੀ ਦੀ ਗੱਲਬਾਤ ਤੋਂ ਸਪੱਸ਼ਟ ਹੋਇਆ ਮਾਲਤੀ ਦੀ ਮਾਂ ਸ਼ਿਲੇ ’ਚ ਚੱਲ ਵੱਸੀ ਸੀ ਤੇ ਪਿਉ ਬਿਨਾਂ ਦੱਸੇ ਕਿਹੜੇ ਦੇਸ਼ ਦਾ ਵਾਸੀ ਹੋ ਗਿਆ, ਰੱਬ ਜਾਣੇ। ਮਾਲਤੀ ਨੂੰ ਚਾਚੇ-ਚਾਚੀ ਨੇ ਧੀ ਵਾਂਙ ਪਾਲਿਆ-ਪੋਸਿਆ ਤੇ ਪੜ੍ਹਾਇਆ-ਲਿਖਾਇਆ।

ਲਗਰ ਵਾਂਗ ਵਧਦੀਆਂ ਭੈਣਾਂ, ਦਵਾਈਆਂ ਖਾਧੀ ਮਾਂ! ਅਜਿਹੇ ਵਿੱਚ ਸ਼ਹਿਨਾਈ ਸ਼ੋਰ ਬਣ ਕੇ ਸਿਰ ਦੀਆਂ ਨਾੜਾਂ ਨੂੰ ਚੜ੍ਹੇ, ਪਰ ਮਾਲਤੀ ਨਾਲ ਬਣੇ ਸੰਯੋਗ ਨਾ ਟਲੇ।

ਵਿਆਹ ਦੀ ਪਹਿਲੀ ਰਾਤ ਰਿਸ਼ਤੇਦਾਰਾਂ ਦੇ ਰੌਲੇ-ਗੌਲੇ ’ਚ ਲੰਘ ਗਈ। ਮਾਲਤੀ ਨੂੰ ਜੀਅ ਭਰ ਕੇ ਵੇਖਣ ਨੂੰ ਜੀਅ ਕਰੇ, ਪਰ ਸੁਹਾਗ ਰਾਤ ਵੀ ਹੁੰਦੀ ਹੈ ਉੱਕਾ ਖ਼ਿਆਲ ਨਾ।

ਅਗਲੇ ਦਿਨ ਰਿਸ਼ਤੇਦਾਰ ਚਲੇ ਗਏ।

ਹੁਣ ਕੁਆਟਰ ਸੀ। ਮਾਂ, ਭੈਣਾਂ, ਮੈਂ ਤੇ ਹਨੇਰ ਕੋਠੜੀ ’ਚ ਦੀਵੇ ਦੀ ਲੋਅ ਬਣ ਕੇ ਆਈ ਮਾਲਤੀ।

ਵਿਆਹ ਦੀ ਦੂਜੀ ਪਰ ਮਿਲਣ ਦੀ ਪਹਿਲੀ ਰਾਤ!

ਅਜੀਬ ਕਸ਼-ਮ-ਕਸ਼! ਗੱਲ ਕਰਦਿਆਂ ਝਾਕਾ ਆਵੇ। ਕਮਰੇ ਦੇ ਦਰਵਾਜ਼ੇ ਨਾਲ ਬਰਾਂਡੇ ’ਚ ਸੁੱਤੀਆਂ ਮਾਂ ਤੇ ਭੈੈਣਾਂ। ਸ਼ਰਮ ਵੱਢ-ਵੱਢ ਖਾਵੇ। ਗੱਲ ਕਰਨ ਲਈ ਧੁੰਨੀ ਵਿੱਚੋਂ ਆਵਾਜ਼ ਕੱਢਾਂ, ਪਰ ਬੁੱਲ੍ਹਾਂ ਤੱਕ ਆਉਦਿਆਂ ਫੁੱਸ।

ਮੈਂਮਾਲਤੀ! ਮਾਲਤੀਮੈਂ! ਦੀ ਉਲਝਣ ਵਿੱਚ ਉਲਝਿਆ ਸੀ ਕਿ ਅਚਾਨਕ ਮਾਲਤੀ ਬੈੱਡ ਤੋਂ ਉਛਲੀ। ਸਿਰ ਤੋਂ ਚੁੰਨੀ ਲਾਹ ਕੇ ਪਰ੍ਹਾਂ ਵਗਾਹ ਮਾਰੀ ਤੇ ਚੌਂਕੜਾ ਮਾਰ ਕੇ ਮੇਰੀਆਂ ਅੱਖਾਂ ’ਚ ਅੱਖਾਂ ਗੱਡ ਦਿੱਤੀਆਂ।

ਮੈਂ ਡੌਰ-ਭੌਰਾ, ਤ੍ਰੇਲੀਓ-ਤ੍ਰੇਲੀ ਤੇ ਮਾਲਤੀ ਹੱਸਦੀ ਲੋਟ-ਪੋਟ ਹੋਈ ਜਾਵੇ।

ਮੇਰਾ ਹੱਥ ਸਿੱਧਾ ਜਿੱਪ ’ਤੇ। ਪੈਂਟ ਦੀ ਥਾਂ ਪਜਾਮਾ। ਨੇਫ਼ਾ ਟਟੋਲਿਆ। ਲੱਕ ਤੋਂ ਨਾੜਾ ਕੱਸਿਆ ਹੋਇਆ। ਫਿਰ ਕੀ ਹੋਇਆ ਹੋਵੇ!

ਉਲਝਣ ’ਚ ਪਾਣੀ ਵਾਲਾ ਜੱਗ ਚੁੱਕਿਆ। ਆਪਣੇ ਮੰੂਹ ’ਤੇ ਛਿੱਟੇ ਮਾਰੇ ਤੇ ਬਚਿਆ ਪਾਣੀ ਮਾਲਤੀ ਦੇ ਸਿਰ ’ਚ। ਦੋਵਾਂ ਦੇ ਹਾਸੇ ਇੱਕਮਿੱਕ। ਬਰਾਂਡੇ ’ਚੋਂ ਮਾਂ ਦਾ ਖੰਗੂਰਾ ਰੁਕਣ ’ਚ ਨਾ ਆਵੇ ਤੇ ਇੱਧਰ ਧੜਕਣਾਂ ਬੇਕਾਬੂ।

ਅਗਲੀ ਸਵੇਰ। ਨਹਾਤੀ ਧੋਤੀ ਤਰੋ-ਤਾਜ਼ਾ ਮਾਲਤੀ ਕੁਆਟਰ ਦੇ ਕੋਨੇ-ਕੋਨੇ ’ਚ ਮਹਿਕਦੀ ਫਿਰੇ। ਜ਼ਿੰਦਗੀ ਖ਼ੂਬਸੂਰਤ ਹੈ ਯਾਰ! ਮੈਨੂੰ ਆਪਣਾ-ਆਪ ਸੋਹਣਾ-ਸੋਹਣਾ ਲੱਗੇ। ਐਵੇਂ ਹੀ ਅੰਦਰੋਂ ਧੁਣਧੁਣੀਆਂ ਜਿਹੀਆਂ ਛਿੜੀ ਜਾਣ। ਰੋਮ-ਰੋਮ ਝਾਂਜਰ ਹੋ ਛਣਕਾਟੇ ਪਾਵੇ।

ਡਿੳੂਟੀ ਤੋਂ ਘਰ ਪਰਤਿਆ। ਮਾਲਤੀ ਨੂੰ ਵੇਖਣ ਦੀ ਕਾਹਲ। ਸਿੱਧਾ ਬੈੱਡਰੂਮ ’ਚ ਜਾ ਵੜਿਆ। ਬੈੱਡ ਦੀ ਢੋਅ ’ਤੇ ਬੀ.ਏ. ਦੀਆਂ ਅੱਧਵਾਟੇ ਛੱੁਟੀਆਂ ਮੇਰੀਆਂ ਕਿਤਾਬਾਂ! ਮੈਂ ਹੈਰਾਨ!! ਮਾਲਤੀ ਖ਼ੁਸ਼।

“ਛੁੱਟਿਆ ਪਿੱਛਾ ਕਿੱਥੇ ਫੜਿਆ ਜਾਂਦੈ। ਭੈਣਾਂ ਨੂੰ ਹੰਨੇ-ਬੰਨੇ ਲਾਉਦਾ ਆਪਣਾ ਵਿਆਹ ਕਰਵਾ ਕੇ ਬਹਿ ਗਿਆਂ। ਮੈਨੂੰ ਤਾਂ ਰਸੋਈ ਦਾ ਹਿਸਾਬ ਲਾਉਣਾ ਔਖਾ ਲੱਗਦੈ ਮਾਲਤੀ। ਮੋਈਆਂ ਸੱਧਰਾਂ ਨਾਲ ਮੋਹ ਨਹੀਂ ਪਾਲ਼ੀ ਦਾ।” ਆਖ ਕੇ ਮੈਂ ਚੁੱਪ ਕਰ ਗਿਆ।

“ਕੁੱਝ ਪਿੱਛੇ ਨਹੀਂ ਛੁੱਟਿਆ ਨਾ ਕੁੱਝ ਮੋਇਐ। ਆਪਾਂ ਮਿਲ ਕੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਵਾਂਗੇ। ਤੁਹਾਡੀਆਂ ਭੈਣਾਂ ਮੇਰੀਆਂ ਵੀ ਭੈਣਾਂ ਨੇ। ਤੁਸੀਂ ਬੀ.ਏ. ਮੁਕੰਮਲ ਕਰੋ। ਸੁਪਨਾ ਟੁੱਟੇ ਤਾਂ ਜੁੜ ਵੀ ਸਕਦੈ, ਬਸ ਮਰੇ ਨਾ।”

ਉਸ ਦੀਆਂ ਚਮਕਦੀਆਂ ਅੱਖਾਂ, ਉੱਠੀ ਹੋਈ ਗਰਦਨ ਤੇ ਫ਼ਿਲਾਸਫ਼ੀ ਭਰਪੂਰ ਤਕਰੀਰ ਮੂਹਰੇ ਉਸ ਦੇ ਹੱਥ ਹੇਠ ਦੱਬਿਆ ਮੇਰਾ ਹੱਥ ਢਿੱਲਾ ਪੈ ਗਿਆ ਤੇ ਜ਼ੁਬਾਨ ਠਾਕੀ ਗਈ।

ਵਿਆਹ ਤੋਂ ਬਾਦ ਪਹਿਲੀ ਤਨਖ਼ਾਹ ਦੀ ਉਡੀਕ ਮੇਰੇ ਨਾਲੋਂ ਜ਼ਿਆਦਾ ਮਾਲਤੀ ਨੂੰ। ਅਖੇ, “ਮੈਂ ਕਮੇਟੀ ਪਾਈ ਏ। ਪੰਜ ਸੌ ਰੁਪਏ ਦੇ ਦਿਉ। ਕਿਸ਼ਤ ਭਰਨੀ ਏ। ਤਿਣਕਾ-ਤਿਣਕਾ ਕਰਕੇ ਜੋੜਾਂਗੀ ਤਾਂ ਜਾ ਕੇ ਆਪਣੇ ਘਰ ਦਾ ਸੁਪਨਾ ਪੂਰਾ ਹੋਵੇਗਾ।” ਮੇਰੇ ਪੈਰਾਂ ਹੇਠੋਂ ਜ਼ਮੀਨ ਹਿੱਲ ਗਈ। ਆਪਣਾ ਘਰ! ਮੈਂ ਤਾਂ ਕਦੀ ਸੋਚਿਆ ਹੀ ਨਹੀਂ। ਮਾਂ ਦੀ ਦਵਾਈ। ਭੈਣਾਂ ਦੀਆਂ ਫ਼ੀਸਾਂ ਭਰ ਕੇ ਇੱਥੇ ਤਾਂ ਰਸੋਈ ਚਲਾਉਣੀ ਔਖੀ। ਮੈਂ ਕਦੀ ਖ਼ਾਲੀ ਜੇਬ ’ਤੇ ਹੱਥ ਫੇਰਾਂ, ਕਦੀ ਮੂੰਹ ’ਤੇ ਆਈ ਤ੍ਰੇਲੀ ’ਤੇ।

“ਮਾਲਤੀ, ਰੋਟੀ-ਕੱਪੜਾ ਮਿਲਦਾ ਹੈ। ਉਹੀ ਬੜੀ ਵੱਡੀ ਗੱਲ ਏ। ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਸੁਪਨਿਆਂ ਦੀ ਦੌੜ ਪੂਰੀ ਨਹੀਂ ਕਰ ਸਕਦਾ।” ਮੈਂ ਚੁੱਪ ਕਰ ਗਿਆ, ਬੋਲੀ ਮਾਲਤੀ ਵੀ ਨਹੀਂ।

ਕਈ ਦਿਨਾਂ ਤੋਂ ਮਾਲਤੀ ਆਪਣੀ ਵੱਡੀ ਨਨਾਣ ਨਾਲ ਬੈਠੀ ਕਦੀ ਕੋਈ ਕੱਪੜਾ ਕੱਟ ਰਹੀ ਹੁੰਦੀ, ਕਦੀ ਕੋਈ ਤੋਪਾ ਭਰ ਰਹੀ ਹੁੰਦੀ। ਇੱਕ ਦਿਨ ਡਿਊਟੀ ਤੋਂ ਘਰ ਪਰਤਿਆ। ਦਹਿਲੀਜ਼ ’ਤੇ ਖੜ੍ਹੀ ਮੈਨੰੂ ਵੇਖ ਕੇ ਚਹਿਕੀ ਤੇ ਅੰਦਰ ਨੂੰ ਭੱਜ ਗਈ। ਜਿਵੇਂ ਹੀ ਮੈਂ ਅੰਦਰ ਵੜਿਆ ਨਵਾਂ ਸਿਉਤਾ ਕਢਾਈ ਕੀਤਾ ਕੁਰਤਾ ਮੇਰੇ ਅੱਗੇ ਕਰਕੇ ਬਾਲਾਂ ਵਾਂਗ ਉੱਛਲੀ ਜਾਵੇ।

“ਮੈਂ ਸਿਉਤੈ। ਭੈਣ ਜੀ ਕੋਲੋਂ ਸਿੱਖਿਆ ਵੱਲ।” ਤੇ ਅਗਲੇ ਦਿਨ ਬਰਾਂਡੇ ਵਿੱਚ ਇੱਕ ਕੋਨਾ ਖ਼ਾਲੀ ਕਰਕੇ ਮਾਲਤੀ ਨੇ ਮਸ਼ੀਨ ਦੀ ਅਜਿਹੀ ਹੱਥੀ ਚਲਾਈ ਕਿ ਨਨਾਣ ਭਰਜਾਈ ਨੇ ਕੁਆਟਰ ’ਚੋਂ ਹੀ ਬੂਟੀਕ ਚਲਾ ਲਿਆ। ਮੇਰੇ ਕੋਲੋਂ ਮਾਲਤੀ ਨੇ ਕਦੀ ਇੱਕ ਪੈਸਾ ਨਾ ਮੰਗਿਆ, ਪਰ ਦਿੰਦੀ ਆਪਣੀ ਕਮਾਈ ਵੀ ਨਾ। ਅਖੇ, “ਜੇ ਮੈਂ ਕੰਮ ਨਾ ਕਰਦੀ ਤਾਂ ਵੀ ਤੇ ਤੁਸੀਂ ਸਾਰੀਆਂ ਜਿੰਮੇਵਾਰੀਆਂ ਨਿਭਾਉਦੇ।”

ਕਦੀ ਬਰਾਂਡੇ ਵਿੱਚ ਕਮੇਟੀ ਦੀ ਬੋਲੀ ਲੱਗ ਰਹੀ ਹੁੰਦੀ, ਤਾਂ ਕਦੀ ਸਿਲਾਈ-ਕਢਾਈ ਸਿੱਖਣ ਆਈਆਂ ਕੁੜੀਆਂ ਨੂੰ ਕਾਤਰਾਂ ਜੋੜ ਕੇ ਕੁਸ਼ਨ, ਚਾਦਰਾਂ ਬਣਾਉਣ ਦੇ ਗੁਰ ਦੱਸੇ ਜਾ ਰਹੇ ਹੁੰਦੇ।

ਮੈਂ ਪੁੱਛ ਬੈਠਿਆ, “ਇਹ ਕਮੇਟੀ ਕੀ ਹੁੰਦੀ ਏ? ਪੰਜ ਸੌ ਰੁਪਏ ਦਾ ਚੱਕਰ ਕੀ ਹੈ?” ਮੇਰੇ ਸਵਾਲ ’ਤੇ ਉਹ ਹੱਸੀ ਤੇ ਦੱਸਣ ਲੱਗੀ, “ਕੁੱਝ ਨਹੀਂ। ਅਸੀਂ ਰੇਲਵੇ ਕੁਆਟਰਾਂ ਵਾਲੀਆਂ ਤੇ ਕੁੱਝ ਮੇਰੀਆਂ ਕਸਟਮਰ, ਜੋ ਕੱਪੜੇ ਸੁਆਉਣ ਆਉਦੀਆਂ ਨੇ, ਮਿਲ ਕੇ ਕਮੇਟੀ ਦਾ ਕੰਮ ਸ਼ੁਰੂ ਕੀਤੈ। ਕੁੱਲ ਪੰਦਰਾਂ ਮੈਂਬਰ। ਹਰ ਮੈਂਬਰ ਪੰਜ ਸੌ ਰੁਪਏ ਕਮੇਟੀ ਦਿੰਦੈ। ਇਸ ਤਰ੍ਹਾਂ ਪੰਦਰਾਂ ਜਣਿਆਂ ਦਾ ਜੁੜਿਆ ਪੈਸਾ ਪੰਝੱਤਰ ਸੌ ਰੁਪਏ ਬਣ ਜਾਂਦੈ। ਜ਼ਰੂਰੀ ਨਹੀਂ ਕਿਸ਼ਤ ਪੰਜ ਸੌ ਰੁਪਏ ਮਹੀਨੇ ਹੀ ਰੱਖੀ ਜਾਵੇ। ਜਿੰਨੀ ਕਿਸ਼ਤ ਸਾਰੇ ਆਸਾਨੀ ਨਾਲ ਆਪਣੀ ਬੱਚਤ ਵਿੱਚੋਂ ਕੱਢ ਸਕਣ ਮੈਂਬਰਾਂ ਦੀ ਸਲਾਹ ਨਾਲ ਉਨੀ ਕਿਸ਼ਤ ਦੀ ਮਾਸਿਕ ਕਮੇਟੀ ਪਾ ਲਈ ਜਾਂਦੀ ਹੈ। ਹਰ ਮਹੀਨੇ ਅਸੀਂ ਕਮੇਟੀ ਦੀ ਬੋਲੀ ਲਗਾਉਦੇ ਹਾਂ। ਲੋੜਵੰਦ ਆਪਣਾ ਹਿਸਾਬ ਲਗਾ ਕੇ ਬੋਲੀ ਦਿੰਦਾ ਹੈ। ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਬੋਲੀ ਵਾਲੀ ਕੀਮਤ ਕੱਟ ਕੇ ਬਾਕੀ ਪੈਸੇ ਦੇ ਦਿੱਤੇ ਜਾਂਦੇ ਹਨ। ਜੋ ਬੋਲੀ ਲੱਗੀ ਹੁੰਦੀ ਹੈ, ਦਾ ਮੁਨਾਫ਼ਾ ਸਾਰੇ ਮੈਂਬਰਾਂ ਵਿੱਚ ਵੰਡ ਲਿਆ ਜਾਂਦਾ ਹੈ। ਕੈਸ਼ੀਅਰ ਨੂੰ ਬੋਲੀ ਤੋਂ ਰਾਹਤ ਹੁੰਦੀ ਹੈ ਤੇ ਕਮੇਟੀ ਦੀ ਸ਼ਰਤ ਮੁਤਾਬਕ ਉਸ ਨੰੂ ਦੂਸਰੀ ਜਾਂ ਤੀਸਰੀ ਪੂਰੀ ਕਮੇਟੀ ਯਾਨੀ ਕਿ ਬਿਨਾ ਕਾਟ ਤੋਂ ਪੂਰੀ ਰਕਮ ਮਿਲਦੀ ਹੈ ਤੇ ਜਨਾਬ! ਕੈਸ਼ੀਅਰ ਮੈਂ ਹਾਂ। ਸੋ ਬੋਲੀ ਸਾਡੇ ਕੁਆਟਰ ਵਿੱਚ ਲੱਗਦੀ ਹੈ।” ਉਹ ਤਣ ਕੇ ਮੇਰੇ ਅੱਗੇ ਖੜ੍ਹੀ ਹੈ।

“ਹੈ ਤਾਂ ਵਧੀਆ ਕੰਮ ਪਰ ਸੰਭਲ ਕੇ ਚੱਲੀਂ ਮਾਲਤੀ। ”

“ਚਿੰਤਾ ਨਾ ਕਰੋ।” ਸੱਚਮੁੱਚ ਹੀ ਉਸ ਨੇ ਮੈਨੂੰ ਕਦੀ ਚਿੰਤਿਤ ਹੋਣ ਵੀ ਨਹੀਂ ਦਿੱਤਾ। ਚਿਹਰਾ ਪੜ੍ਹ ਕੇ ਦਿਲ ਦੀ ਵੇਦਨਾ ਸਮਝ ਲੈਂਦੀ। ਮੁਸ਼ਕਿਲ ਦਾ ਹੱਲ ਤਾਂ ਸੁਝਾਅ ਦਿੰਦੀ, ਪਰ ਆਪਣੀ ਪੋਟਲੀ ’ਚੋਂ ਨਿੱਕੇ ਪੈਸੇ ਦੀ ਮਦਦ ਨਾ ਕਰਦੀ।

“ਪੈਸੇ ਦੀ ਪੀਰ।” ਮੈਂ ਚਿੜ੍ਹਾਉਦਾ।

“ਹਾਂ ਜੀ ਬਿਲਕੁਲ।” ਹੱਸ ਕੇ ਗਰਦਨ ਹੋਰ ਉੱਚੀ ਕਰ ਲੈਂਦੀ।

*****

ਇਸੇ ਤਣਾ-ਤਣੀ ’ਚ ਵਿਆਹ ਨੂੰ ਚਾਰ ਸਾਲ ਹੋ ਗਏ। ਮਾਂ ਅਗਲੀ ਪੀੜ੍ਹੀ ਝੋਲੀ ਖਿਡਾਉਣ ਦੀ ਰੀਝ ਲੈ ਕੇ ਚੱਲ ਵਸੀ। ਵੱਡੀ ਭੈਣ ਦਾ ਵਿਆਹ ਹੋ ਗਿਆ। ਉਸ ਨਾਲੋਂ ਛੋਟੀ ਨਰਸ ਬਣ ਗਈ ਤੇ ਸਭ ਤੋਂ ਛੋਟੀ ਨਾਲ ਮੇਰੀ ਵੀ ਬੀ.ਏ. ਮੁਕੰਮਲ ਹੋ ਗਈ। ਅਸੀਂ ਦੋਹਾਂ ਨੇ ਰੇਲਵੇ ਭਰਤੀ ਲਈ ਇਮਤਿਹਾਨ ਦਿੱਤਾ।

ਮੇਰਾ ਸਹਾਇਕ ਸਟੇਸ਼ਨ ਮਾਸਟਰ ਤੇ ਛੋਟੀ ਦਾ ਕਲੈਰੀਕਲ ਪ੍ਰੀਖਿਆ ਟੈਸਟ ਕਲੀਅਰ ਹੋ ਗਿਆ।

ਮੈਂ ਦਰਜਾ ਚਾਰ ਤੋਂ ਦਰਜਾ ਤਿੰਨ ’ਚ ਪਰਮੋਟ ਹੋ ਕੇ ਟਰੇਨਿੰਗ ਲਈ ਚੰਦੌਸੀ ਜਾ ਪਹੁੰਚਿਆ। ਟਰੇਨਿੰਗ ਪਾਸ ਕੀਤੀ। ਜਿਸ ਸਟੇਸ਼ਨ ’ਤੇ ਸਾਰੀ ਉਮਰ ਪਿਤਾ ਜੀ ਨੇ ਸਿਰ ਝੁਕਾ ਕੇ ਹੱਥ ਬੰਨ੍ਹੀ ਰੱਖੇ ਸਨ, ਉਸੇ ਸਟੇਸ਼ਨ ’ਤੇ ਮੈਂ ਸਹਾਇਕ ਸਟੇਸ਼ਨ ਮਾਸਟਰ ਲੱਗ ਕੇ ਗੱਡੀਆਂ ਆਰ-ਪਾਰ ਕਰਵਾਉਣ ਲੱਗਿਆ।

ਦਰਜਾ ਚਾਰ ਕੁਆਟਰਾਂ ਤੋਂ ਪਿੱਛਾ ਛੁੱਟ ਗਿਆ। ਅਸੀਂ ਛੋਟੇ ਕੁਆਟਰ ਤੋਂ ਬਾੳੂਆਂ ਦੇ ਵੱਡੇ ਕੁਆਟਰ ’ਚ ਪਹੁੰਚ ਗਏ। ਇਨ੍ਹਾਂ ਕੁਆਟਰਾਂ ’ਚ ਕਦੀ ਮੇਰੇ ਪਿਤਾ ਜੀ ਸਿਰ ਝੁਕਾਈ ਬਾੳੂਆਂ ਦੇ ਹੁਕਮ ਪੁਗਾਉਦੇ ਸਾਡੇ ਚਾਰਾਂ ਭੈਣ-ਭਰਾਵਾਂ ਲਈ ਵੱਡੇ ਸੁਪਨੇ ਵੇਖਿਆ ਕਰਦੇ ਸਨ। ਕਾਸ਼! ਇਹ ਸਭ ਵੇਖਣ ਲਈ ਉਹ ਜੀਉਦੇ ਹੁੰਦੇ।

ਪੰਜਵੇਂ ਸਾਲ ਮਾਲਤੀ ਦੀ ਕੁੱਖ ਹਰੀ ਹੋਈ। ਦੋਵੇਂ ਨਿੱਕੀਆਂ ਭੈਣਾਂ ਨੌਕਰੀ ’ਚ ਆ ਗਈਆਂ ਤੇ ਸੁੱਖ ਨਾਲ ਦੋਵਾਂ ਨੂੰ ਆਪਣੇ ਖੇਤਰ ਦੇ ਵਰ ਵੀ ਮਿਲ ਗਏ।

ਮਾਂ-ਪਿਤਾ ਜੀ ਕੰਧ ’ਤੇ ਟੰਗੀ ਤਸਵੀਰ ਹੋ ਗਏ। ਭੈਣਾਂ ਆਪੋ-ਆਪਣੇ ਘਰਾਂ ਵਿੱਚ ਰੁੱਝ ਗਈਆਂ। ਮਾਲਤੀ ਮੈਨੂੰ ਪਿਤਾ ਬਣਨ ਦਾ ਸੁੱਖ ਦੇਣ ਵਾਲੀ ਸੀ।

ਪਿਛਲੇ ਪੰਜ ਸਾਲਾਂ ਵਿੱਚ ਇਹ ਸਭ ਕੁੱਝ ਮੈਨੂੰ ਸੁਪਨਾ ਜਾਪਦਾ। ਸੱਚ-ਝੂਠ ਪਰਖਣ ਲਈ ਮੈਂ ਕਦੀ ਪਿੰਡੇ ਚੁੂੰਢੀ ਵੱਢਦਾ, ਕਦੀ ਆਪਣੇ ਹੀ ਮੰੂਹ ’ਤੇ ਚਪੇੜ ਮਾਰ ਕੇ ਖ਼ੁਦ ਨੂੰ ਸੱਚ ਦੀ ਤਸੱਲੀ ਕਰਵਾਉਦਾ।

ਮਾਲਤੀ ਨੇ ਧੀ ਪੁੱਤ ਜੌੜੇ ਬਾਲਾਂ ਨੂੰ ਜਨਮ ਦਿੱਤਾ। ਛੇ ਸਾਲਾਂ ਵਿੱਚ ਦੋ ਬਾਲ ਹੀ ਹੋਣੇ ਸਨ। ਸੋਚ ਕੇ ਮੇਰਾ ਆਪ-ਮੁਹਾਰੇ ਹਾਸਾ ਛੁੱਟ ਗਿਆ। ਮੇਰਾ ਪਰਿਵਾਰ। ਭਰਿਆ-ਪੂਰਾ ਘਰ-ਸੰਸਾਰ, ਪਰ ਮਾਲਤੀ ਦਾ ‘ਆਪਣਾ ਘਰ’ਸੁਪਨਾ ਪੂਰਾ ਕਰਨਾ ਮੇਰੇ ਲਈ ਪਹਾੜ ਦੀ ਚੋਟੀ ਸਰ ਕਰਨਾ ਸੀ। ਜੌੜੇ ਬਾਲਾਂ ਦਾ ਪਾਲਣ-ਪੋਸ਼ਣ, ਵਿਆਹੀਆਂ ਭੈਣਾਂ ਦੀ ਕਬੀਲਦਾਰੀ। ਸਟੇਸ਼ਨ ਮਾਸਟਰ ਦੀ ਤਨਖ਼ਾਹ ਸਾਰਿਆਂ ਨਾਲ ਪੂਰੀ ਲਹਿੰਦੀ ਹੰਭ ਜਾਂਦੀ। ਇੱਧਰ ਮਾਲਤੀ ਗਾਹੇ-ਬਗਾਹੇ ਬੋਲਦੀ ਰਹਿੰਦੀ, “ਕੋਈ ਪੱਕਾ ਥਾਂ ਟਿਕਾਣਾ ਹੋਵੇ ਤਾਂ ਦੁਕਾਨ ਕਿਰਾਏ ’ਤੇ ਲੈ ਕੇ ਬੂਟੀਕ ਖੋਲ੍ਹ ਲਵਾਂ। ਹਰ ਚੌਥੇ ਸਾਲ ਨਵਾਂ ਕੁਆਟਰ। ਬਾਲਾਂ ਲਈ ਨਵਾਂ ਸਕੂਲ। ਅਜੇ ਬੂਟੀਕ ਦੇ ਗਾਹਕ ਪੱਕੇ ਹੋਣ ਲੱਗਦੇ ਨੇ ਤੇ ਸਾਡਾ ਬੋਰੀ-ਬਿਸਤਰਾ ਬੰਨ੍ਹਣ ਦਾ ਵਕਤ ਆ ਜਾਂਦੈ।” ਤਬਾਦਲੇ ਦੇ ਦਿਨ ਮੇਰੀ ਆਰਥਿਕਤਾ ਦਾ ਰੱਜ ਕੇ ਮੂੰਹ ਚਿੜਾਉਦੇ, ਪਰ ਗੱਡੀ ਚੱਲੀ ਜਾਂਦੀ। ਕਦੀ ‘ਕੋਸ਼ਨ’ ਆ ਜਾਂਦਾ, ਪਰ ਲਾਈਨ ਦੀ ਮੁਰੰਮਤ ਹੁੰਦੇ ਹੀ ਜ਼ਿੰਦਗੀ ਰਫ਼ਤਾਰ ਫੜ ਲੈਂਦੀ।

*****

ਵਿਆਹ ਦੀ ਪੰਦਰ੍ਹਵੀਂ ਵਰ੍ਹੇ ਗੰਢ!

ਮਾਲਤੀ ਨੂੰ ਕੁੱਝ ਜ਼ਿਆਦਾ ਹੀ ਚਾਅ ਚੜ੍ਹਿਆ ਹੋਇਆ।

ਅੰਦਰ ਹੀ ਅੰਦਰ ਕੋਈ ਤਾਣਾ ਬੁਣਿਆ ਜਾ ਰਿਹੈ! ਮੈਂ ਉਸ ਦਾ ਚਿਹਰਾ ਪੜ੍ਹ ਕੇ ਅੰਦਰ ਜਾਣਨ ਦੀ ਉਲਝਣ ’ਚ ਉਲਝਿਆ ਸੀ ਕਿ ਉਹੀ ਗੱਲ ਹੋਈ! ਪਤਾ ਨਹੀਂ ਕਿਹੜੀ ਨੁੱਕਰ ’ਚ ਸਾਂਭੇ ਪੈਸੇ ਕੱਢ ਲਿਆਈ ਤੇ ਅੱਖਾਂ ਭਰ ਕੇ ਪੈਸੇ ਮੇਰੇ ਅੱਗੇ ਢੇਰੀ ਕਰਦਿਆਂ ਕਹਿਣ ਲੱਗੀ, “ਆਪਣਾ ਘਰ।”

“ਇੰਨੇ ਪੈਸੇ! ” ਮੈਂ ਹੱਕਾ-ਬੱਕਾ ਰਹਿ ਗਿਆ। ਮੈਂ ਤਾਂ ਕਦੀ ਮਾਲਤੀ ਨੂੰ ਤਨਖ਼ਾਹ ’ਚੋਂ ਕੁੱਝ ਫੜਾਇਆ ਨਹੀਂ। ਪਹਿਲੀ ਵਾਰੀ ਕਮੇਟੀ ਲਈ ਮੰਗੇ ਪੰਜ ਸੌ ਰੁਪਏ ਦੇਣ ਤੋਂ ਇਨਕਾਰ ਕੀ ਕੀਤਾ, ਉਸ ਨੇ ਫੇਰ ਕਦੀ ਮੇਰੇ ਕੋਲੋਂ ਨਿੱਕਾ ਪੈਸਾ ਵੀ ਨਾ ਮੰਗਿਆ।

ਮੈਂ ਉਲਝਣ ਸੁਲਝਾਉਣ ’ਚ ਉਲਝਿਆ ਸੀ ਕਿ ਉਹ ਬੋਲ ਪਈ, “ਬਦਲੀ ਜਿੱਥੇ ਹੋਵੇ ਹੁੰਦੀ ਰਵ੍ਹੇ, ਪਰ ਬੰਦੇ ਕੋਲ ਆਪਣੇ ਸਿਰ ਦੀ ਛੱਤ ਵੀ ਨਾ ਹੋਵੇ। ਪਤਾ ਉਦੋਂ ਲੱਗੂ ਜਦੋਂ ਰਿਟਾਇਰ ਹੋਏ। ਹੁਣ ਤਾਂ ਜਵਾਕ ਛੋਟੇ ਨੇ ਕੱਲ੍ਹ ਨੰੂ ਜਦੋਂ ਵੱਡੇ ਹੋ ਗਏ ਫਿਰ ਨਹੀਂ ਖ਼ਰਚੇ ਸਾਹ ਲੈਣੇ। ਨਾਲੇ ਮੈਂ ਕਿਹੜਾ ਤੁਹਾਡੀ ਤਨਖ਼ਾਹ ’ਚੋਂ ਹਿੱਸਾ ਮਾਰਿਐ। ਕੱਲ੍ਹ ਨੂੰ ਵੱਡੇ ਹੋਏ ਬਾਲ ਇਹ ਤਾਂ ਮਿਹਣਾ ਨਾ ਮਾਰਨ ਕਿ ਅਸੀਂ ਆਪਣਾ ਘਰ ਵੀ ਨਾ ਬਣਾ ਸਕੇ।” ਜਾਣਦਾ ਸਾਂ ਉਸ ਦੀਆਂ ਸਾਰੀਆਂ ਉੱਚੀਆਂ ਆਵਾਜ਼ਾਂ ਮੇਰੀ ਨਾਭੀ ’ਚ ਦੱਬੀ ਆਵਾਜ਼ ਨੂੰ ਦਫ਼ਨ ਕਰਨ ਲਈ ਲਗਾਤਾਰ ਉੱਚੀਆਂ ਹੋ ਰਹੀਆਂ ਹਨ। ਅਸਲ ਵਿੱਚ ਉਸ ਅੱਗੇ ਮੇਰੀ ਆਵਾਜ਼ ਹਮੇਸ਼ਾ ਦੱਬ ਕੇ ਰਹਿ ਜਾਂਦੀ। ਲੋੜਾਂ-ਥੋੜਾਂ ਗਿਨਾਉਣ ਦੀ ਬਜਾਏ ਮੈਂ ਸਿੱਧਾ-ਸਪਾਟ ਪੁੱਛਿਆ,

“ਪਤਾ ਵੀ ਲੱਗੇ ਘਰ ਬਣਾਉਣਾ ਕਿੱਥੇ ਆ? ਜਦੋਂ ਤੱਕ ਨੌਕਰੀ ਏ ਰਹਿਣਾ ਤਾਂ ਜਿੱਥੇ ਪੋਸਟਿੰਗ ਹੋਏਗੀ ਉੱਥੇ ਹੀ ਪੈਣੈ।”

ਮੇਰਾ ਇਹ ਸੰਸਾ ਵੀ ਉਸ ਨੇ ਆਪੇ ਹੀ ਹੱਲ ਕਰ ਦਿੱਤਾ। ਤਪਾਕ ਦੇਣੀ ਬੋਲੀ, “ਜ਼ਿਲ੍ਹਾ ਹੈੱਡ ਕੁਆਟਰ। ਗੱੁਡੀ ਵਿਆਹੀ ਜਾਵੇਗੀ। ਕਾਕਾ ਜੋ ਵੀ ਕਰੇ, ਜਿੱਥੇ ਵੀ ਰਹੇ। ਘੱਟੋ-ਘੱਟ ਉਸ ਨੂੰ ਆਪਣੀ ਛੱਤ ਉਸਾਰਨ ਦੀ ਚਿੰਤਾ ਤਾਂ ਨਾ ਖਾਵੇਗੀ। ਉਸ ਦਾ ਵੀ ਆਪਣਾ ਜੱਦੀ-ਪੁਸ਼ਤੀ ਘਰ ਹੋਵੇਗਾ।”

ਅਸੀਂ ਦੋਹਾਂ ਨੇ ਮਿਲ ਕੇ ਉਸ ਦੇ ਜੋੜੇ ਪੈਸੇ ਗਿਣੇ। ਛੋਟੇ ਵੱਡੇ ਨੋਟ ਤੇ ਸਿੱਕੇ ਮਿਲਾ ਕੇ ਇੱਕ ਲੱਖ ਤ੍ਰੇਹਠ ਹਜ਼ਾਰ ਦੇ ਕਰੀਬ।

“ਇਹਦਾ ਕੀ ਆਏਗਾ?” ਮੈਂ ਹੱਸਿਆ।

ਉੱਠੀ। ਪਤਾ ਨਹੀਂ ਕਿਹੜੀ ਖੁੱਡ ’ਚੋਂ ਇੱਕ ਲੀਰਾਂ ਲੱਥਾ ਲੈਦਰ ਦਾ ਬੈਗ ਚੁੱਕ ਲਿਆਈ।

“ਇਹ ਵੇਖੋ, ਕਿੰਨੀਆਂ ਐਫ.ਡੀਆਂ ਤੇ ਕਿਸਾਨ ਵਿਕਾਸ ਪੱਤਰ! ਮੇਰੀ ਹਰ ਕਮੇਟੀ ਦਾ ਹਿਸਾਬ। ” ਹੁਣ ਉਸ ਦਾ ਹੱਸਣਾ ਤੇ ਮੇਰੀਆਂ ਅੱਖਾਂ ਫਟੀਆਂ ਰਹਿ ਜਾਣਾ ਸੁਭਾਵਿਕ ਸੀ। ਗਿਣਨ ਲੱਗੇ! ਪੰਜ ਹਜ਼ਾਰ, ਛੇ ਹਜ਼ਾਰ, ਪੰਝੱਤਰ ਸੌ, ਬਾਰਾਂ ਹਜ਼ਾਰਵਾਲੀਆਂ ਮਿਚਿਉਰ ਹੋਈਆਂ ਐਫ.ਡੀਆਂ, ਕਿਸਾਨ ਵਿਕਾਸ ਪੱਤਰ ਗਿਣਦਿਆਂ ਉਸ ਦੇ ਚਿਹਰੇ ਦੀ ਵੱਧਦੀ ਚਮਕ ਨੇ ਮੇਰੀਆਂ ਅੱਖਾਂ ਜਲ-ਥਲ ਕਰ ਦਿੱਤੀਆਂ।

“ਵਾਹ ਓਏ ਦਾਰੀ! ਜੀਉਦਾ ਰਹਿ ਭਲਿਆ ਲੋਕਾ।” ਮਾਲਤੀ ਨੂੰ ਬੁੱਕਲ ’ਚ ਲੈਂਦਿਆਂ ਮੈਂ ਮੇਲ ਦਾ ਸਬੱਬ ਬਣੇ ਦਾਰੀ ਦਾ ਦਿਲੋਂ ਧੰਨਵਾਦ ਕੀਤਾ।

ਮਾਲਤੀ ਦੀਆਂ ਅੱਖਾਂ ਰਾਹੀਂ ਵੇਖਿਆ, ਮੈਨੂੰ ਆਪਣੇ ਘਰ ਦਾ ਸੁਪਨਾ ਸਾਕਾਰ ਹੁੰਦਾ ਲੱਗਿਆ। ਅਗਲੇ ਹੀ ਦਿਨ ਪਲਾਟ ਦੀ ਭਾਲ ਲਈ ਦਲਾਲਾਂ ਨਾਲ ਗੱਲ ਹੋ ਗਈ। ਹਫ਼ਤਾ ਨਹੀਂ ਪਿਆ। ਇੱਕ ਮਰਲਾ ਨਹੀਂ, ਬਲਕਿ ਦਸ ਮਰਲੇ ਪਲਾਟ ਦੀ ਪੇਸ਼ਗੀ ਸਾਈ ਦੇ ਦਿੱਤੀ ਗਈ। ਹੌਲੀ-ਹੌਲੀ ਨੀਹਾਂ ਭਰੀਆਂ ਗਈਆਂ। ਉਸ ਦੀ ਹਿੰਮਤ ਮੇਰਾ ਹੌਸਲਾ ਬਣਨ ਲੱਗੀ। ਮੈਂ ਸੁਸਾਇਟੀ ਲੋਨ ਤਾਂ ਲੈ ਲਿਆ, ਪਰ ਜੀ.ਪੀ. ਫੰਡ ’ਚੋਂ ਪੈਸੇ ਕਢਵਾਉਣ ਦੀ ਗੱਲ ਮਾਲਤੀ ਨੇ ਮੇਰੇ ਸੰਘ ਅੰਦਰ ਹੀ ਘੁੱਟ ਦਿੱਤੀ। ਅਖੇ, “ਮੇਰੇ ਬਾਲਾਂ ਦਾ ਭਵਿੱਖ ਦਾਅ ’ਤੇ ਲਾ ਕੇ ਸੁਪਨੇ ਨਹੀਂ ਉਸਾਰਨੇ ਮੈਂ। ਕੋਈ ਨਾ ਨੀਹਾਂ ਭਰੀਆਂ ਗਈਆਂ। ਆਪੇ ਹੌਲੀ-ਹੌਲੀ ਕੰਧਾਂ ਵੀ ਖੜ੍ਹੀਆਂ ਹੋ ਜਾਣਗੀਆਂ।

ਮਾਲਤੀ ਬਾਲਾਂ ਨੂੰ ਸੰਭਾਲਦੀ। ਜਿੱਥੇ ਵੀ ਜਾਂਦੀ ਆਪਣਾ ਬੂਟੀਕ ਨਾਲ ਚੁੱਕੀ ਰੱਖਦੀ। ਇੱਕ ਤੋਂ ਦੂਜੇ ਸਟੇਸ਼ਨ ’ਤੇ ਬਦਲੀ ਨੇ ਉਸ ਦੇ ਗਾਹਕਾਂ ਦੇ ਡੱਬੇ ਕਈ ਸਟੇਸ਼ਨਾਂ ਤੱਕ ਪਹੁੰਚਾ ਦਿੱਤੇ ਸਨ। ਸਰਵਾਈਕਲ ਦੀ ਪਰੇਸ਼ਾਨੀ ਕਾਰਨ ਚਾਹੇ ਸਿਲਾਈ ਦਾ ਕੰਮ ਟੇਲਰ ਮਾਸਟਰ ਕਰਨ ਲੱਗਿਆ, ਪਰ ਮਾਲਤੀ ਆਪਣਾ ਹਿਸਾਬ ਨਾ ਵਿਗੜਨ ਦਿੰਦੀ।

*****

ਵਿਆਹ ਦੀ ਬਾਈਵ੍ਹੀਂ ਵਰ੍ਹੇ ਗੰਢ। ਦੋਹਰਾ ਜਸ਼ਨ ਬਣ ਕੇ ਆਈ।

ਮੈਂ ਸਟੇਸ਼ਨ ਮਾਸਟਰ ਤੋਂ ਸਟੇਸ਼ਨ ਸੁਪਰਡੈਂਟ ਪਰਮੋਟ ਹੋਇਆ ਤੇ ਮਾਲਤੀ ਦੀਆਂ ਅੱਖਾਂ ਨਾਲ ਵੇਖਿਆ ਸਾਡਾ ਸੁਪਨਾ ‘ਆਪਣਾ ਘਰ’, ਬਿਜਲੀਆਂ ਸੰਗ ਨਹਾਤਾ ਫੁੱਲਾਂ ਨਾਲ ਸ਼ਿੰਗਾਰਿਆ ਸਾਡੀਆਂ ਅੱਖਾਂ ਸਾਹਮਣੇ ਸਾਕਾਰ ਖੜ੍ਹਾ ਹੈ।

ਭੈਣਾਂ ਪਰਿਵਾਰਾਂ ਨਾਲ ਹੱਸਦੀਆਂ ਨੇ ਘਰ ਦੀ ਦਹਿਲੀਜ਼ ’ਤੇ ਪੈਰ ਧਰਿਆ। ਮਾਲਤੀ ਨੇ ਚਾੲੀਂ-ਚਾੲੀਂ ਤੇਲ ਚੋਇਆ। ਸਕੇ-ਸਨੇਹੀਆਂ ਦੀ ਭੀੜ ਵਿੱਚ ਕੋਈ ਨਜ਼ਰ ਨਹੀਂ ਆ ਰਿਹਾ ਤਾਂ ਗੁੱਡੀ ਤੇ ਕਾਕਾ। ਅਸਲ ਵਿੱਚ ਆਈ.ਆਈ.ਟੀ. ’ਚ ਦਾਖ਼ਲੇ ਨੇ ਦੋਹਾਂ ਦੇ ਸੁਪਨਿਆਂ ਨੂੰ ਖੰਭ ਲਾ ਦਿੱਤੇ ਹਨ। ਦੋਹਾਂ ਵੱਲੋਂ ਆਨਲਾਈਨ ਬੁੱਕ ਕੀਤਾ ਕੇਕ ਸ਼ਾਮ ਨੂੰ ਸਹੀ ਸਮੇਂ ਗੇਟ ’ਤੇ ਡਿਲਿਵਰੀ ਲਈ ਪਹੁੰਚ ਗਿਆ ਹੈ। ਕੇਕ ਫੜਦੀ ਮਾਲਤੀ ਖ਼ੁਸ਼, ਬੇਹੱਦ ਖ਼ੁਸ਼ ਹੈ। ਮਹਿਮਾਨਾਂ ਨੂੰ ਹੱਸ-ਹੱਸ ਮਿਲਦੀ ਨੇ ਘਰ ਦੀ ਚੱਠ ਕੀਤੀ।

ਰਾਤ ਤੱਕ ਮੁਬਾਰਕਾਂ ਦਿੰਦੇ ਮਹਿਮਾਨ ਵਿਦਾਅ ਹੋ ਗਏ।

ਆਪਣੇ ਘਰ ਵਿੱਚ ਸਾਡੇ ਦੋਹਾਂ ਦੀ ਪਹਿਲੀ ਰਾਤ! ਬੈੱਡਰੂਮ ’ਚ ਪਹੁੰਚੇ। ਅਜੀਬ ਜਿਹੀ ਝਰਨਾਹਟ ਨਾਲ ਰੋਮ-ਰੋਮ ਲਬਰੇਜ਼, ਜਿਵੇਂ ਸਾਡੇ ਵਿਆਹ ਦੀ ਇਹ ਪਹਿਲੀ ਰਾਤ ਹੋਵੇ। ਇੱਕ ਮਿੰਟ ਨਾ ਮਾਲਤੀ ਸੁੱਤੀ ਨਾ ਮੇਰੀ ਅੱਖ ਲੱਗੀ। ਜ਼ਿੰਦਗੀ ਦੇ ਦੋ ਦਹਾਕੇ ਅੱਖਾਂ ’ਚ ਪਿਘਲਦੇ ਗੱਲਾਂ ’ਚੋਂ ਢਲਦੇ ਇੱਕ ਦੂਜੇ ਦੀ ਬੁੱਕਲ ਦਾ ਨਿੱਘ ਬਣਦੇ ਰਹੇ।

ਖ਼ੁਸ਼ੀ ਦੇ ਖੰਭਾਂ ’ਤੇ ਸਵਾਰ ਉੱਡਦੀ ਹੋਈ ਰਾਤ ਲੰਘ ਗਈ। ਮੈਂ ਅਗਲੀ ਸਵੇਰ ਡਿੳੂਟੀ ’ਤੇ ਪਹੁੰਚਣਾ ਸੀ। ਤੜਕੇ ਉੱਠੇ। ਨਹਾਅ-ਧੋ ਕੇ ਰੋਜ਼ੀ ਰੋਟੀ ਦੇ ਟਿਕਾਣੇ ਵੱਲ ਪਰਤਣ ਲਈ ਤਿਆਰ ਹੋ ਗਏ।

“ਇਹ ਕੀ ਮਾਲਤੀ?”

ਘਰ ਦੀਆਂ ਕੰਧਾਂ ਸਹਿਲਾਉਦੀ। ਦਰਵਾਜ਼ੇ ਚੁੰਮ ਕੇ ਪਿਆਰ ਨਾਲ ਹੱਥ ਫੇਰਦੀ ਦੀਆਂ ਭਰੀਆਂ ਅੱਖਾਂ। ਮੇਰਾ ਪੁੱਛਣਾ ਵਾਜਬ ਸੀ।

“ਕੁੱਝ ਨਹੀਂ, ਬਸ ਮੈਂ ਚਾਹੁੰਦੀ ਆਂ ਇਸ ਘਰ ਨੂੰ ਮੇਰੀ ਤੇ ਮੈਨੂੰ ਇਸ ਘਰ ਦੀ ਇੰਨੀ ਆਦਤ ਪੈ ਜਾਏ ਕਿ ਮੈਂ ਕੁੱਝ ਚਿਰ ਨਾ ਆਵਾਂ ਤਾਂ ਇਹ ਮੈਥੋਂ ਉਦਾਸ ਹੋ ਜਾਵੇ। ਮੈਨੂੰ ਖਿੱਚ ਪਾਵੇ ਤੇ ਮੈਂ ਭੱਜੀ ਆਵਾਂ ਤੁਹਾਡੇ ਤੇ ਬਾਲਾਂ ਨਾਲ ਸਕੂਨ ਦੀ ਤਲਾਸ਼ ’ਚ।” ਉਸ ਦੀਆਂ ਭਰੀਆਂ ਅੱਖਾਂ ਛਲਕ ਪਈਆਂ।

“ਝੱਲੀ ਨਾ ਹੋਵੇ ਤਾਂ।” ਮੈਂ ਮਾਲਤੀ ਨੂੰ ਕਲਾਵੇ ’ਚ ਸਮੇਟਿਆ। ਘਰ ਨੂੰ ਤਾਲਾ ਲਗਾਇਆ ਤੇ ਵਾਪਸ ਚੱਲ ਪਏ। ਫ਼ੈਸਲਾ ਹੋਇਆ! ਕੋਈ ਵੀ ਤਿੱਥ-ਤਿਉਹਾਰ, ਜਨਮ ਦਿਹਾੜਾ ਜਾਂ ਵਿਆਹ ਦੀ ਵਰ੍ਹੇਗੰਢ ਹੋਵੇ ਜਸ਼ਨ ਆਪਣੇ ਆਲ੍ਹਣੇ ਵਿੱਚ ਹੀ ਮਨਾਇਆ ਜਾਵੇਗਾ।

ਕੈਰੀਅਰ ਦੀਆਂ ਮਜਬੂਰੀਆਂ ’ਚ ਬੱਝੇ ਦੋਵੇਂ ਬੱਚੇ ਭਾਵੇਂ ਕਿਸੇ ਸਮਾਗਮ ’ਚ ਸ਼ਾਮਲ ਨਾ ਹੋ ਸਕਦੇ ਪਰ ਅਸੀਂ ਦੋਹਾਂ ਜੀਆਂ ਨੇ ਪਾਈ ਪਿਰਤ ਨਾ ਤੋੜੀ।

ਗੁੱਡੀ ਦਾ ਵਿਆਹ ਕੀਤਾ। ਸਹੁਰਿਆਂ ਦੀ ਇੱਛਾ ਮੁਤਾਬਿਕ ਉਨ੍ਹਾਂ ਦੇ ਮਨਪਸੰਦ ਮੈਰਿਜ ਪੈਲੇਸ ’ਚ ਸਾਰਾ ਫ਼ੰਕਸ਼ਨ ਹੋਇਆ, ਪਰ ਗੁੱਡੀ ਦੀ ਲਾਵਾਂ ਦੀ ਵੇਦੀ ਸਾਡੇ ਆਪਣੇ ਆਸ਼ਿਆਨੇ ਦੇ ਵਿਹੜੇ ’ਚ ਸਜਾਈ ਗਈ। ਬਾਬੁਲ ਦੀ ਦਹਿਲੀਜ਼ ਤੋਂ ਖ਼ੁਸ਼ੀ ਭਰੇ ਹੰਝੂਆਂ ’ਚ ਵਿਦਾਈ ਦਾ ਸਕੂਨ ਮਾਲਤੀ ਦਾ ਰੋਮ-ਰੋਮ ਪੜ੍ਹਨ ਵਾਲਾ ਹੀ ਜਾਣੇ।

ਧੀ ਸਹੁਰੇ ਘਰ ਹੱਸਣ ਵੱਸਣ ਲੱਗੀ।

ਪੁੱਤਰ ਨੂੰ ਦਾਣਾ-ਪਾਣੀ ਗੁੜਗਾਓਂ ਖਿੱਚ ਕੇ ਲੈ ਗਿਆ। ਇੱਕੋ ਦਫ਼ਤਰ ’ਚ ਕੰਮ ਕਰਦਿਆਂ ਦਿਲਾਂ ਦੀ ਖਿੱਚ ਜ਼ਿੰਦਗੀ ਦੀ ਗੰਢ ਬਣ ਗਈ। ਕਾਕੇ ਦਾ ਵਿਆਹ ਗੁੜਗਾਓਂ ਹੋਇਆ। ਸਾਰੀਆਂ ਤਿਆਰੀਆਂ ਬਾਲਾਂ ਨੇ ਆਪ ਹੀ ਕਰ ਲਈਆਂ। ਮਹਿਮਾਨ ਬਣ ਕੇ ਅਸੀਂ ਗੁੜਗਾਓਂ ਜਾ ਪਹੁੰਚੇ।

“ਜਿੱਥੇ ਤੇ ਜਿਵੇਂ ਬੱਚੇ ਖ਼ੁਸ਼ ਅਸੀਂ ਵੀ ਖ਼ੁਸ਼। ” ਆਖਦੀ ਮਾਲਤੀ ਨੂੰਹ ਪੁੱਤਰ ਨੂੰ ਛੇਤੀ ਆਪਣੇ ਘਰ ਫੇਰਾ ਪਾਉਣ ਦੀ ਤਾਕੀਦ ਕਰਕੇ ਮੇਰੇ ਨਾਲ ਵਾਪਸ ਪਰਤ ਆਈ। ਉਸ ਦਾ ਅੰਦਰ ਰਿਝਦਾ ਮੈਂ ਮਹਿਸੂਸ ਕਰਦਾ, ਪਰ ਜਾਣਦਾ ਸੀ ਇਸ ਵੇਲੇ ਤਕਰੀਰ ਤਕਰਾਰ ਬਣ ਜਾਵੇਗੀ ਤੇ ਚੱੁਪ ਅੱਲ੍ਹੇ ਜ਼ਖ਼ਮ ਦਾ ਫੰਬਾ।

ਜ਼ਿੱਦ ਮੱਲ ਬੈਠੀ। ਰਿਟਾਇਰਮੈਂਟ ਤੋਂ ਬਾਦ ਅਸੀਂ ਕਿਧਰੇ ਨਹੀਂ ਜਾਣਾ। ਆਪਣੇ ਘਰ ਰਹਾਂਗੇ। ਨੂੰਹ ਪੁੱਤਰ ਦੋਵੇਂ ਨੌਕਰੀ ਵਾਲੇ ਨੇ। ਆਉਦੇ-ਜਾਂਦੇ ਰਹਿਣਗੇ, ਪਰ ਪੋਤਾ ਹੋਵੇ ਜਾਂ ਪੋਤੀ ਅਸੀਂ ਆਪਣੇ ਕੋਲ ਰੱਖਾਂਗੇ ਆਪਣੇ ਘਰ।

“ਠੀਕ ਹੈ ਮਾਲਤੀ, ਜੋ ਤੂੰ ਆਖੇਂਗੀ ਉਹੀ ਹੋਵੇਗਾ।” ਜ਼ਿੰਦਗੀ ਕਈ ਦਿਨ ਡੁਸਕਦੀ ਰਹੀ। ਕਦੀ ਧੀ ਨੂੰ ਫ਼ੋਨ ਕਰ ਲਿਆ, ਕਦੀ ਨੂੰਹ ਪੁੱਤ ਨੂੰ। ਹੌਲੀ-ਹੌਲੀ ਫਿਰ ਮਸਤ ਚਾਲ ਚੱਲਦੇ ਅਸੀਂ ਸੁਪਨੇ ਉਲੀਕਣ ਲੱਗੇ।

ਮੇਰੀ ਰਿਟਾਇਰਮੈਂਟ ’ਚ ਦੋ ਸਾਲ ਰਹਿ ਗਏ। ਮਾਲਤੀ ਨੂੰ ਘਰ ਦਾ ਹੇਜ ਕੁੱਝ ਜ਼ਿਆਦਾ ਹੀ ਹੋਣ ਲੱਗਿਆ। ਸਪਤਾਹਿਕ ਛੱੁਟੀ ਲੈ ਕੇ ਅਸੀਂ ਘਰ ਚਲੇ ਜਾਣਾ।

ਦਹਿਲੀਜ਼ ’ਤੇ ਪੱਬ ਧਰਦੀ ਹੱਥ ਨਾਲ ਧਰਤੀ ਛੁਹ ਕੇ ਮੱਥੇ ਨੂੰ ਲਾਉਦੀ। ਦਰਵਾਜ਼ੇ ਸਹਿਲਾਉਦੀ, ਕੰਧਾਂ ਚੁੰਮਦੀ। ਸੱਚਮੁੱਚ ਹੀ ਘਰ ਦੇ ਰੋਮ ਰੋਮ ’ਚ ਜ਼ਿੰਦਗੀ ਧੜਕਦੀ।

ਨੂੰਹ ਪੁੱਤਰ ਨੇ ਵਿਆਹ ਦੀ ਪਹਿਲੀ ਸਾਲਗਿਰਾਹ ਘਰ ਆਉਣ ਦਾ ਵਾਅਦਾ ਕੀਤਾ। ਰਾਹ ਉਡੀਕਦੀਆਂ ਅੱਖਾਂ ਥੱਕ ਗਈਆਂ। ਫੇਰਾ ਤਾਂ ਨਾ ਪਾਇਆ ਪਰ ਪੁੱਤਰ ਵੱਲੋਂ ਛੇਤੀ ਹੀ ਦਾਦਾ-ਦਾਦੀ ਬਣਾਉਣ ਦੀ ਖ਼ੁਸ਼ਖ਼ਬਰੀ ਕੀ ਸੁਣ ਲਈ, ਮਾਲਤੀ ਨੇ ਤੁਫ਼ਾਨ ਚੱੁਕ ਲਿਆ। ਮੇਰੀ ਅੰਸ਼ ਮੇਰੇ ਆਪਣੇ ਘਰ ’ਚ ਹੀ ਜਨਮ ਲਵੇਗੀ। ਪਰ!

ਪੁੱਤਰ ਦੀ ਜ਼ਿੱਦ ਅੱਗੇ ਚਾਅ ਫਿਰ ਹਾਰ ਮੰਨ ਗਏ। ਮੇਰਾ ਨੌਕਰੀ ਦਾ ਆਖਰੀ ਮਹੀਨਾ ਮੇਰੇ ਦਾਦਾ ਬਣਨ ਦਾ ਪਹਿਲਾ ਮਹੀਨਾ ਵੀ ਸੀ।

ਰਿਟਾਇਰਮੈਂਟ ਲੈ ਕੇ ਮਗਰ ਪਹੁੰਚਣ ਦਾ ਇਰਾਦਾ ਕਰਕੇ ਮਾਲਤੀ ਨੂੰ ਗੁੜਗਾਓਂ ਲਈ ਰਵਾਨਾ ਕਰ ਦਿੱਤਾ।

ਨਵੀਂ ਜ਼ਿੰਦਗੀ ਦੀ ਆਮਦ ਉਡੀਕਦਿਆਂ ਸਮਾਂ ਖੰਭ ਲਾ ਕੇ ਉੱਡ ਗਿਆ।

*****

ਹਸਪਤਾਲ ਦੇ ਬਾਹਰ ਮੈਂ ਤੇ ਬੇਟਾ ਦੋਵੇਂ ਸੂਲੀ ਲਟਕੇ ਪਲਾਂ ਨਾਲ ਦੋ ਚਾਰ ਹੋ ਰਹੇ ਹਾਂ। ਮਾਲਤੀ ਅੰਦਰ ਲੇਬਰ ਰੂਮ ’ਚ ਨੂੰਹ ਕੋਲ ਹੈ।

“ਬਸ ਥੋੜ੍ਹਾ ਸਬਰ ਮੇਰੀ ਬੇਟੀ।” ਮਾਲਤੀ ਦੇ ਨੂੰਹ ਨੂੰ ਹੌਸਲਾ ਦਿੰਦੇ ਬੋਲ ਸਾਡੇ ਕੰਨਾਂ ਤੱਕ ਪਹੁੰਚ ਕੇ ਸਾਡੀ ਉਤਸੁਕਤਾ ਵਧਾ ਰਹੇ ਹਨ।

“ੳੂਂਆਂ ੳੂਂਆਂ! ” ਬਾਲ ਦੇ ਰੋਣ ਦੀ ਆਵਾਜ਼ ਸਾਡੇ ਪਿਉ-ਪੁੱਤ ਦੀ ਕਿਲਕਾਰੀ ਬਣ ਗਈ ਹੈ। ਲੇਬਰ ਰੂਮ ਦੇ ਦਰਵਾਜ਼ੇ ’ਤੇ ਇੱਕ ਟੱਕ ਅੱਖਾਂ ਠਹਿਰ ਗਈਆਂ ਹਨ। ਕੁੱਝ ਮਿੰਟਾਂ ਵਿੱਚ ਤੌਲੀਏ ’ਚ ਲਪੇਟੀ ਆਪਣੀ ਅੰਸ਼ ਕਾਲਜੇ ਨਾਲ ਲਾਈ ਹੱਸਦੀ ਹੋਈ ਮਾਲਤੀ ਬਾਹਰ ਆਈ।

“ ਆਪਣਾ ਪੋਤਾ! ਆਪਾਂ! ਦਾਦਾ-ਦਾਦੀ!! ”

ਥੋੜ੍ਹੀ ਜਿਹੀ ਖ਼ੁਸ਼ੀ ਮਿਲੀ ਨਹੀਂ ਕਿ ਝੱਲੀ ਦੀਆਂ ਅੱਖਾਂ ਸਮੁੰਦਰ ਹੋਈਆਂ ਨਹੀਂ।

ਨਿੱਕੇ ਜਿਹੇ ਬੋਟ ਨਾਲ ਲਾਡ ਲਡਾਉਦੇ ਸਾਨੂੰ ਦਿਨ ਰਾਤ ਦਾ ਫ਼ਰਕ ਭੁੱਲ ਗਿਆ। ਨੂੰਹ-ਪੁੱਤ ਨੌਕਰੀ ’ਤੇ ਚਲੇ ਜਾਂਦੇ ਤੇ ਅਸੀਂ ਪਿੱਛੋਂ ਆਪਣੀ ਅੰਸ਼ ਦੇ ਹੁੰਗਾਰੇ ਮਾਣਦੇ। ਬਾਲ ਛੇ ਮਹੀਨੇ ਦਾ ਹੋ ਗਿਆ। ਮਾਲਤੀ ਨੂੰ ਘਰ ਦੀ ਖਿੱਚ ਪੈਣ ਲੱਗੀ। ਉਸ ਦਾ ਉਦਾਸ ਚਿਹਰਾ ਵੇਖ ਮੈਂ ਬੱਚਿਆਂ ਨੂੰ ਹੁਣ ਕੁੱਝ ਦਿਨ ਆਪਣੇ ਘਰ ਚੱਲਣ ਲਈ ਜ਼ੋਰ ਮਾਰਿਆ।

“ਡੈਡੀ ਇਹ ਕਿਹੜਾ ਬੇਗਾਨਾ ਘਰ ਏ। ਇਹ ਵੀ ਤਾਂ ਤੁਹਾਡੇ ਪੁੱਤਰ ਦਾਨਹੀਂ, ਤੁਹਾਡਾ ਆਪਣਾ ਹੀ ਘਰ ਏ। ਨਾਲੇ ਰਿਟਾਇਰ ਹੋ ਗਏ ਤੁਸੀਂ। ਹੁਣ ਇੱਥੇ ਹੀ ਰਹੋ ਸਾਡੇ ਕੋਲ।”

ਨੂੰਹ-ਪੁੱਤਰ ਸਾਨੂੰ ਆਪਣੇ ਕੋਲ ਰੱਖਣ ਲਈ ਜ਼ੋਰ ਪਾਉਣ ਪਰ ਮਾਲਤੀ ਦੀ ਜ਼ਿੱਦ ਅੱਗੇ ਅੜਨਾ ਤਾਂ ਕੀ ਮੈਂ ਕਦੀ ਕਿੰਤੂ-ਪਰੰਤੂ ਵੀ ਨਹੀਂ ਕੀਤਾ। ਘਰ ਵਾਪਸੀ ਦੀ ਤਿਆਰੀ ਹੋ ਗਈ। ਸ਼ਾਮ ਨੂੰ ਵਾਪਸ ਪਰਤਣਾ ਸੀ ਤੇ ਮਾਲਤੀ ਨੇ ਬਾਲਾਂ ਨੂੰ ਜਾਣ ਤੋਂ ਪਹਿਲਾਂ ਆਪਣੇ ਹੱਥ ਦੇ ਪਰੌਂਠੇ ਖੁਆਉਣ ਦੀ ਜ਼ਿੱਦ ਫੜ ਲਈ।

ਨੂੰਹ ਪੁੱਤਰ ਲਈ ਖਾਣਾ ਪੈਕ ਕਰਕੇ ਨੰਨ੍ਹੇ ਲਈ ਦੁੱਧ ਦੀ ਬੋਤਲ ਤਿਆਰ ਕੀਤੀ।

*****

“ ਡੈਡੀ ਹਟੋ ਜ਼ਰਾ। ” ਬੋਲਦੇ ਬੇਟੇ ਨੇ ਤਾਲਾ ਖਿੱਚਿਆ। ਤੜਾਕ ਕਰਦਾ ਲਾਕ ਟੁੱਟਿਆ ਤੇ ਨਾਲ ਹੀ ਮੇਰੀ ਸੋਚਾਂ ਦੀ ਲੜੀ ਟੁੱਟ ਗਈ।

“ਵਾਹ ਮਾਲਤੀ! ’’

ਘਰ ਦੀ ਦਹਿਲੀਜ਼ ’ਤੇ ਪੈਰ ਧਰਿਆ, ਦਹਿਲੀਜ਼ ਤੋਂ ਲੈ ਕੇ ਮਿੱਟੀ ਬੁੱਲ੍ਹਾਂ ਨਾਲ ਛੁਹਾਈ। ਦਰਵਾਜ਼ੇ, ਕੰਧਾਂ ਪਲੋਸਦੇ ਦੀ ਧਾਹ ਨਿਕਲ ਗਈ।

ਧੂੜ-ਮਿੱਟੀ ਨਾਲ ਭਰਿਆ ਘਰ, ਥਾਂ-ਥਾਂ ਲੱਗੇ ਜਾਲੇ। ਨਾਲ ਆਏ ਨੌਕਰ ਨੇ ਆਉਦੇ ਹੀ ਡਿੳੂਟੀ ਸੰਭਾਲ ਲਈ। ਕੁੱਝ ਘੰਟੇ ਲੱਗੇ। ਘਰ ਬੈਠਣ ਲਾਇਕ ਸਾਫ਼ ਹੋ ਗਿਆ।

ਘਰ ਦਾ ਦਰਵਾਜ਼ਾ ਚੁੰਮਦੇ ਨੇ ਕੰਧਾਂ ਸਹਿਲਾਈਆਂ। ਸਾਹਮਣੀ ਦੀਵਾਰ ’ਤੇੇ ਟੰਗੀ ਮਾਲਤੀ ਦੀ ਤਸਵੀਰ। ਧੂੜ-ਮਿਟੀ ਨਾਲ ਧੁੰਦਲੀ ਹੋਈ ਪਈ ਹੈ। ਤਸਵੀਰ ’ਤੇ ਪਾਇਆ ਫੁੱਲਾਂ ਦਾ ਹਾਰ ਸੁੱਕ ਚੁੱਕਿਆ ਹੈ, ਪਰ ਸੁੱਕੇ ਫੁੱਲਾਂ ਦੀ ਮਹਿਕ ਘਰ ਦੇ ਕੋਨੇ-ਕੋਨੇ ’ਚ ਮਾਲਤੀ ਦੀ ਮੌਜੂਦਗੀ ਬਣ ਕੇ ਸੁਗੰਧੀਆਂ ਫੈਲਾ ਰਹੀ ਹੈ।

‘‘ ਤਿੰਨ ਸਾਲ ਹੋ ਗਏ ਮਾਲਤੀ! ਹੱਸਦੀ-ਖੇਡਦੀ ਪੋਤੇ ਦਾ ਮੂੰਹ ਵੇਖਣ ਗਈ, ਫੱੁਲਾਂ ਦੇ ਰੂਪ ਵਿੱਚ ਕਲਸ਼ ’ਚ ਬੰਦ ਹੋ ਕੇ ਆਖਰੀ ਫੇਰੀ ਪਾਉਣ ਆਈ, ਤੇ ਹਮੇਸ਼ਾ ਲਈ ਲਈ ਕੰਧ ’ਤੇ ਟੰਗੀ ਤਸਵੀਰ ਬਣ ਗਈ। ਕੋਈ ਇੰਜ ਵੀ ਜਾਂਦੈ! ’’ ਮੇਰੀ ਹੁੱਬ ਨਿਕਲ ਗਈ।

‘‘ ਤੇਰੇ ਜਾਣ ਮਗਰੋਂ ਅੱਜ ਆਇਆਂ। ਵੇਖ, ਤੇਰਾ ਪੋਤਾ ਨਾਲ ਲੈ ਕੇ। ” ਮੈਂ ਕੁੱਛੜ ਚੁੱਕੇ ਪੋਤੇ ਦਾ ਮੱਥਾ ਮਾਲਤੀ ਦੀ ਤਸਵੀਰ ਨਾਲ ਛੁਹਾਇਆ।

“ਵੇਖੋ ਡੈਡੀ ਤੁਹਾਡੀ ਇੱਛਾ ਸਾਡੇ ਸਿਰ ਮੱਥੇ। ਕੱਲ੍ਹ ਨੰਨ੍ਹੇ ਦੇ ਮੁੰਡਨ ਕਰਵਾ ਕੇ ਨਾਲ ਹੀ ਦਲਾਲ ਨਾਲ ਗੱਲ ਕਰ ਲਉ। ਹੁਣ ਮੇਰਾ ਤੇ ਤੁਹਾਡੀ ਨੰੂਹ ਦਾ ਇੱਥੇ ਆਉਣਾ ਸੰਭਵ ਨਹੀਂ। ਗੁੜਗਾਓਂ ਵਰਗੀ ਥਾਂ ਛੱਡ ਕੇ ਇੱਥੇ ਆਉਣਾ! ਕੋਈ ਕੀ, ਅਸੀਂ ਖ਼ੁਦ ਵੀ ਆਪਣੇ-ਆਪ ਨੂੰ ਮੂਰਖ ਨਹੀਂ ਮਹਾਂਮੂਰਖ ਹੀ ਕਹਾਂਗੇ।”

“ਪਰ ਬੇਟੇ ਇਸ ਘਰ ਦੀ ਮਾਲਕਣ ਤੁਹਾਡੀ ਮਾਂ ਹੈ। ਉਸ ਦੀ ਇੱਛਾ ਬਗੈਰ ਮੈਂ ਇਹ ਫ਼ੈਸਲਾ ਨਹੀਂ ਲੈ ਸਕਦਾ।” ਆਖ ਕੇ ਮੈਂ ਇੱਕੋ ਵਾਕ ’ਚ ਬਹਿਸ ਦਾ ਅੰਤ ਕਰ ਦਿੱਤਾ।

ਨੂੰਹ-ਪੁੱਤ ਨੂੰ ਵਾਪਸ ਜਾਣ ਦੀ ਕਾਹਲੀ ਹੈ। ਮੈਨੂੰ ਵੀ ਨਾਲ ਲੈ ਕੇ ਜਾਣ ਦੀ ਜ਼ਿੱਦ ਫੜੀ ਹੋਈ ਹੈ। ਉਨ੍ਹਾਂ ਨੂੰ ਮੇਰੀ ਕੋਈ ਲੋੜ ਨਹੀਂ, ਸਗੋਂ ਬੁਢਾਪੇ ਵਿੱਚ ਬੀਮਾਰੀ ਖਾਧਾ ਸ਼ਰੀਰ ਮੇਰੇ ਆਪਣੇ ਵਾਸਤੇ ਹੀ ਬੋਝ ਹੈ। ਅਸਲ ਵਿੱਚ ਬੱਚੇ ਮੇਰਾ ਬਹੁਤ ਖ਼ਿਆਲ ਰੱਖਦੇ ਨੇ ਤੇ ਇਸ ਹਾਲਤ ਵਿੱਚ ਮੈਨੂੰ ਇੱਕਲਾ ਛੱਡਣ ਲਈ ਮੂਲੋਂ ਰਾਜ਼ੀ ਨਹੀਂ। ਮਾਲਤੀ ਦੇ ਜਾਣ ਤੋਂ ਬਾਦ ਮੈਂ ਪਹਿਲਾਂ ਵਾਲਾ ਮੈਂ ਰਿਹਾ ਹੀ ਕਿੱਥੇ ਹਾਂ।

ਮਾਲਤੀ ਦੀ ਤਸਵੀਰ ਲਗਾਉਣ ਲਈ ਪੂਰੀ ਕੰਧ ’ਤੇ ਕਰਵਾਇਆ ਤਾਜ਼ਾ ਪੇਂਟ ਮਹਿਕ ਰਿਹਾ ਹੈ। ਮਾਲਤੀ ਦੀ ਤਸਵੀਰ ਨੌਕਰ ਹੱਥੋਂ ਲੈ ਕੇ ਮੈਂ ਆਪ ਸਾਫ਼ ਕਰਕੇ ਟੰਗੀ ਹੈ। ਤਾਜ਼ਾ ਗੇਂਦੇ ਦਾ ਹਾਰ ਪਾ ਕੇ ਤਸਵੀਰ ਬਣੀ ਵੀ ਫੁਲਵਾੜੀ ਵਾਂਙ ਖਿੜੀ ਲੱਗ ਰਹੀ ਹੈ ਮੇਰੀ ਮਾਲਤੀ। ਮੈਂ ਤਸਵੀਰ ਨੂੰ ਸਹਿਲਾਇਆ। ਹੁੱਬਕੀਆਂ ਲੈਂਦਿਆਂ ਪਤਾ ਨਹੀਂ ਚਿੱਤ ਵਿੱਚ ਕੀ ਆਇਆ। ਜੇਬ ਵਿੱਚੋਂ ਪਰਸ ਕੱਢਿਆ। ਆਪਣੀ ਪਾਸਪੋਰਟ ਸਾਈਜ਼ ਫੋਟੋ ਕੱਢੀ। ਮਾਲਤੀ ਦੀ ਫੋਟੋ ਦਾ ਹਾਰ ਇੱਕ ਪਾਸਿਓਂ ਚੁੱਕ ਕੇ, ਸੱਜੇ ਪਾਸੇ ਆਪਣੀ ਫੋਟੋ ਫਰੇਮ ਵਿੱਚ ਅੜੁੰਗ ਦਿੱਤੀ।

ਵਾਪਸੀ ਦੀ ਤਿਆਰੀ ਹੋ ਗਈ ਹੈ। ਘਰ ਨੂੰ ਲਗਾਉਣ ਲਈ ਆਇਆ ਨਵਾਂ ਤਾਲਾ ਹੱਥ ਵਿੱਚ ਫੜੀ ਪੁੱਤਰ ਦਲਾਲ ਨਾਲ ਘਰ ਵੇਚਣ ਦੀ ਗੱਲ ਕਰ ਰਿਹਾ ਹੈ।

ਮੈਂ ਘਰ ਦੀਆਂ ਦੀਵਾਰਾਂ ਸਹਿਲਾਉਦਾ ਮੁੱਖ ਦਰਵਾਜ਼ਾ ਚੁੰਮ ਰਿਹਾ ਹਾਂ।

“ਦਾਦੂ।” ਪੋਤੇ ਨੇ ਮੇਰਾ ਹੱਥ ਖਿੱਚਿਆ। ਮੈਂ ਆਖ਼ਰੀ ਵਾਰ ਦਰਵਾਜ਼ੇ ਨੂੰ ਸਹਿਲਾ ਕੇ ਚੁੰਮਿਆ।

“ਕੁੱਝ ਪਿੱਛੇ ਨਹੀਂ ਛੁੱਟਿਆ। ਨਾ ਹੀ ਕੋਈ ਸੁਪਨਾ ਮੋਇਐ।” ਮੇਰਾ ਤ੍ਰਾਹ ਨਿਕਲ ਗਿਆ। ਮਾਲਤੀ! ਜਿਵੇਂ ਮੇਰੇ ਕੰਨ ’ਚ ਬੋਲ ਰਹੀ ਹੋਵੇ। ਬੁਖਲਾਹਟ ’ਚ ‘ਮਾਲਤੀਮਾਲਤੀ’ ਆਵਾਜ਼ ਮਾਰਦਾ ਇੱਧਰ-ਉੱਧਰ ਝਾਕਣ ਲੱਗਿਆ।

“ਇਹ ਕੀ? ਨੰਨ੍ਹੇ!! ” ਨੰਨ੍ਹਾ ਕੰਧਾਂ ਸਹਿਲਾਉਦਾ, ਦਰਵਾਜ਼ਾ ਚੁੰਮਦਾ ਮੁਸਕਰਾ ਰਿਹੈ। ਮੇਰੀਆਂ ਭਰੀਆਂ ਅੱਖਾਂ ਛਲਕੀਆਂ। ਫੜਫੜਾਉਦੇ ਬੁੱਲ੍ਹਾਂ ’ਤੇ ਮੁਸਕਾਨ ਫੈਲ ਗਈ। ਨੰਨ੍ਹਾ ਤਾੜੀਆਂ ਮਾਰਦਾ ਵਾਰ-ਵਾਰ ਦਰਵਾਜ਼ਾ ਚੁਮੰਣ ਲੱਗਿਆ ਹੈ। ਨੂੰਹ-ਪੱੁਤਰ ਕਾਰ ਵਿੱਚ ਜਾ ਬੈਠੇ ਹਨ ਤੇ ਸਾਨੂੰ ਦਾਦੇ-ਪੋਤੇ ਨੂੰ ਜਲਦੀ ਆਉਣ ਲਈ ਆਵਾਜ਼ਾਂ ਮਾਰਨ ਲੱਗੇ ਹਨ।

ਨੰਨੇ੍ਹ ਨੂੰ ਉਗਲ ਲਗਾਈ ਮੈਂ ਕਾਰ ਵੱਲ ਚੱਲ ਪਿਆ ਹਾਂ। ਕਾਰ ਵੱਲ ਵੱਧਦਾ ਮੈਂ ਹੀ ਨਹੀਂ ਨੰਨ੍ਹਾ ਵੀ ਪਿੱਛੇ ਮੁੜ ਕੇ ਵੇਖ ਰਿਹਾ ਹੈ। ਉਸ ਦਾ ਸਿਰ ਪਲੋਸਦਿਆਂ ਮੈਂ ਚੁੰਮਣਾਂ ਦੀ ਝੜੀ ਲਾ ਦਿੱਤੀ ਹੈ।

Advertisements

Leave a Reply

This site uses Akismet to reduce spam. Learn how your comment data is processed.