ਸ਼ਬਦਾਂ ਦੇ ਵਣਜਾਰੇ-PRESENTED BY TALWINDER MAND

                               ਸ਼ਬਦਾਂ ਦੇ ਵਣਜਾਰੇ

ਬਲਰਾਜ ਧਾਲੀਵਾਲ ਗ਼ਜ਼ਲਕਾਰੀ ਦੀ ਨੌਜਵਾਨ ਪੀੜ੍ਹੀ ਦਾ ਇੱਕ ਉੱਮਦਾ ਸ਼ਾਇਰ ਹੈ। ਉਹ ਬਹੁਤ ਥੋੜ੍ਹਾ ਲਿਖਦਾ ਹੈ ਪਰ ਜੋ ਵੀ ਲਿਖਦਾ ਹੈ ਜਾਨਦਾਰ ਲਿਖਦਾ ਹੈ। ਉਸ ਦੀ ਗ਼ਜ਼ਲ ਵਜ਼ਨ, ਬਹਿਰ,ਬੰਦਿਸ਼ ਦੀਆਂ ਸੀਮਾਂਵਾਂ ਅੰਦਰ ਪੂਰਨ ਰੂਪ ਵਿੱਚ ਬੱਝੀ ਹੁੰਦੀ ਹੈ ਅਤੇ ਉਹ ਬਹਿਰ ਨੂੰ ਨਿਭਾਉਦਿਆਂ ਖਿ਼ਆਲ ਨੂੰ ਵੀ ਖੰਡਿਤ ਨਹੀਂ ਹੋਣ ਦਿੰਦਾ। ਬਹੁਤ ਘੱਟ ਲੋਕਾਂ ਦੇ ਹਿੱਸੇ ਆਉਦਾ ਹੈ ਕਿ ਉਹ ਬਹਿਰ ਅਤੇ ਖਿ਼ਆਲ ਉਪਰ ਪਕੜ੍ਹ ਮਜ਼ਬੂਤ ਰੱਖ ਸਕਣ, ਪਰ ਬਲਰਾਜ ਦੀ ਸ਼ਾਇਰੀ ਵਿੱਚ ਇਹ ਦੋਵੇਂ ਗੁਣ ਵੇਖੇ ਜਾ ਸਕਦੇ ਹਨ। ਉਹ ਇੱਕੋ ਵੇਲੇ ਬਹਿਰ ਦੀ ਬੰਦਿਸ਼ ਵਿੱਚ ਰਹਿ ਕੇ ਖਿ਼ਆਲ ਦੀ ਗਹਿਰਾਈ ਨੂੰ ਨਿਭਾ ਜਾਂਦਾ ਹੈ। ਬਲਰਾਜ ਦੇ ਸ਼ੇਅਰਾਂ ਵਿੱਚ ਕਹੀ ਗਈ ਗੱਲ ਬਹੁ-ਅਰਥੀ ਹੁੰਦੀ ਹੈ। ਉਸ ਦਾ ਤਨਜ਼ ਅਤੇ ਵਿਅੰਗ ਬਾ-ਕਮਾਲ ਕਿਹਾ ਜਾ ਸਕਦਾ ਹੈ। ਆਪਣੀ ਸ਼ਾਇਰੀ ਦੀ ਪਰਪੱਕਤਾ ਕਰਕੇ ਧਾਲੀਵਾਲ ਟੋਰਾਂਟੋ ਅੰਦਰ ਹੁੰਦੇ ਮੁਸ਼ਾਇਰਿਆਂ ਵਿੱਚ ਦਿਨੋਂ ਦਿਨ ਮਕਬੂਲ ਹੋ ਰਿਹਾ ਹੈ। ਉਸ ਦੇ ਸ਼ੇਅਰਾਂ ਨੂੰ ਸਰੋਤਿਆਂ ਵਲੋਂ ਭਰਪੂਰ ਦਾਦ ਮਿਲਦੀ ਹੈ। ਬਲਰਾਜ ਕੋਲ ਆਪਣੀ ਗੱਲ ਕਹਿਣ ਦਾ ਸ਼ਾਇਰਾਨਾ ਅੰਦਾਜ਼ ਵੀ ਹੈ। ਇਸੇ ਵੰਨਗੀ ਦੀ ਉਸ ਦੀ ਇੱਕ ਗਜ਼ਲ ਪੇਸ਼ ਹੈ-

                          ਤਲਵਿੰਦਰ ਮੰਡ (416-904-3500)

   ਬਲਰਾਜ ਧਾਲੀਵਾਲ

Slide1

ਇੱਕ ਸੁਨਹਿਰੀ ਨੂਰ ਦਾ, ਦਰਿਆ ਜੋ ਇੱਥੋਂ ਵਹਿ ਗਿਆ,

ਚਾਨਣੀ ਦਾ ਨਕਸ਼ ਹੁਣ ਤੱਕ, ਰੇਤ ਉੱਤੇ ਰਹਿ ਗਿਆ।

 

ਸਾਜ਼ ਤੋਂ ਬਿਨ ਹੀ ਸੁਣੀ, ਸਰਗਮ ਫਿਜ਼ਾ ਚੋਂ ਦੇਰ ਤੱਕ,

ਰੱਬ ਜਾਣੇ ਸਹਿ ਸੁਭਾ ਉਹ, ਹੱਸਕੇ ਕੀ ਕਹਿ ਗਿਆ।

 

ਮੀਲ ਪੱਥਰ ਵੀ ਉਸੇ ਦੀ, ਸਿਫ਼ਤ ਮੁੜ ਮੁੜ ਕਰ ਰਹੇ,

ਦੋ ਘੜੀ ਕੀ ਉਹ ਮੁਸਾਫ਼ਰ, ਰਾਹ ਦੇ ਵਿੱਚ ਬਹਿ ਗਿਆ।

 

ਖ਼ੂਬ ਸੀ ਜੱਗ ਤੋਂ ਨਿਰਾਲੀ, ਇੱਕ ਨਸ਼ਤਰ ਦੀ ਅਦਾ,

ਝਿਜਕਿਆ ਤੇ ਮੁਸਕਰਾ ਕੇ, ਦਿਲ ‘ਚ ਡੂੰਘਾ ਲਹਿ ਗਿਆ।

 

ਜੋ ਸੁਬ੍ਹਾ ਤੋਂ ਕਰ ਰਹੀ ਸੀ, ਪੀੜ ਦੇ ਲੋਗੜ ਜਮ੍ਹਾਂ,

ਸ਼ਾਮ ਹੋਈ ਓਸਦੇ ਘਰ, ਗਮ ਦਾ ਚਰਖਾ ਡਹਿ ਗਿਆ।

 

ਬਦਲਕੇ ਉਹ ਰੁਮਕਦੀ ਹੋਈ ਪੌਣ ਵਾਂਗਰ ਹੋ ਗਿਆ,

ਇੱਕ ਝੱਖੜ ਜਦ ਕਿਸੇ ਦੀ ਜ਼ੁਲਫ਼ ਦੇ ਸੰਗ ਖਹਿ ਗਿਆ।

 

ਦਮ ਨਦੀ ਦਾ ਘੁੱਟਿਆ, ਇੱਕ ਲਹਿਰ ਉੱਠੀ ਅੰਤ ਨੂੰ,

ਬੰਨ ਸੀ ਪਰਬਤ ਜਿਹਾ, ਪਰ ਰੇਤ ਵਾਂਗੂੰ ਢਹਿ ਗਿਆ॥

 ਸ਼ਬਦਾਂ ਦੇ ਵਣਜਾਰੇ

ਡਾ ਸੁਖਦੇਵ ਸਿੰਘ ਝੰਡ ਮੂਲ ਰੂਪ ਵਿੱਚ ਵਿਗਿਆਨ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਦੀ ਜਾਣਕਾਰੀ ਬਨਸਪਤੀ ਬਾਰੇ ਡੂੰਘੀ ਹੈ। ਇਸ ਗੱਲ ਦੀ ਗਵਾਹੀ ਉਨ੍ਹਾਂ ਵਲੋਂ ਦਰਖਤਾਂ ਬਾਰੇ ਲਿਖੀਆਂ ਕਿਤਾਬਾਂ ਵੀ ਭਰਦੀਆਂ ਹਨ। ਕਿੱਤੇ ਵਜੋਂ ਇੱਕ ਲਾਇਬਰੇਰੀਆਂ ਦੀ ਜਿ਼ਮੇਵਾਰੀ ਨਿਭਾਉਦਿਆਂ ਸ਼ਾਇਦ ਕਿਤਾਬਾਂ ਦੇ ਰੋਜ਼ਾਨਾ ਰੂਬਰੂ ਹੁੰਦਿਆਂ ਡਾ ਝੰਡ ਦੇ ਅੰਦਰ ਕਵਿਤਾ ਨੇ ਵੀ ਜਨਮ ਲੈ ਲਿਆ ਲਗਦਾ ਹੈ। ਉਸ ਦੀ ਕਵਿਤਾ ਕਿਸੇ ਡੂੰਘਾਈ ਤੱਕ ਤਾਂ ਨਹੀਂ ਪਹੁੰਚਦੀ ਪਰ ਖਿਆਲ ਦਾ ਪ੍ਰਗਟਾ ਜ਼ਰੂਰ ਸੰਜੀਦਾ ਹੈ। ਡਾ ਝੰਡ ਵਲੋਂ ਲਿਖੀ ਜਾ ਰਹੀ ਕਵਿਤਾ ਕਈ ਰੂਪਾਂ ਵਿੱਚ ਪ੍ਰਗਟ ਹੁੰਦੀ ਹੈ। ਉਸ ਵਲੋਂ ਕਈ ਵਿਧਾਵਾਂ ਰਾਹੀ ਲਿਖਿਆ ਜਾ ਰਿਹਾ ਹੈ। ਡਾ ਝੰਡ ਦੇ ਵਿਚਾਰ ਕਦੀ ਨਜ਼ਮ ਰਾਹੀਂ ਪ੍ਰਗਟ ਹੁੰਦੇ ਹਨ, ਕਦੀ ਤੁਕਾਂਤ ਰੂਪੀ ਕਵਿਤਾ ਰਾਹੀਂ ਅਤੇ ਅੱਜ ਕੱਲ ਗਜ਼ਲ ਲਿਖਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਇਹ ਕੋਸਿ਼ਸ਼ ਅਜੇ ਆਪਣੇ ਮੁੱਢਲੇ ਪੜਾਅ ਵਿੱਚ ਕਹੀ ਜਾ ਸਕਦੀ ਹੈ ਅਤੇ ਆਸ ਕੀਤਾ ਜਾ ਸਕਦੀ ਹੈ ਕਿ ਇਸ ਕਲਮ ਤੋਂ ਚੰਗੀਆਂ ਗਜ਼ਲਾਂ ਜਨਮ ਲੈ ਸਕਣਗੀਆਂ। ਪੇਸ਼ ਹੈ ਉਸ ਦੀ ਇੱਕ ਗ਼ਜ਼ਲ-

                   ਤਲਵਿੰਦਰ ਮੰਡ (416-904-3500)             

 ਗ਼ਜ਼ਲ

                  ਡਾ ਸੁਖਦੇਵ ਸਿੰਘ ਝੰਡ

Slide2

ਲੋਕ ਇਹ ਸੁਪਨੇ ਦੇ ਹਾਣੀ ਬਣਨਗੇ।

ਕੱਖ ਗਲੀਆਂ ਦੇ ਵੀ ਉੱਠਕੇ ਖੜਨਗੇ।

 

ਪਿੰਜਰ ਸਾਡੇ `ਤੇ ਤਖ਼ਤਾਂ ਦੀ ਬੁਨਿਆਦ

ਢਹਿਣਗੇ ਜਦ ਸਮੇਂ ਸਾਡੇ ਗਿੜਨਗੇ।

 

ਅੱਗ ਨੂੰ ਲਾਵਣ ਜੋ ਕਿਸੇ ਦੇ ਆਲ੍ਹਣੇ,

ਹੱਥ ਉਨ੍ਹਾਂ ਦੇ ਵੀ ਤਾਂ ਆਖ਼ਰ ਸੜਨਗੇ।

 

ਆਪਣੇ ਪੈਰਾਂ `ਤੇ ਜੋ ਖੜ ਸਕਦੇ ਨਹੀਂ,

ਦੂਜਿਆਂ ਸਿਰ ਹਾਰਾਂ ਦੇ ਦੋਸ਼ ਮੜ੍ਹਨਗੇ।

 

ਕਿਰਤ ਬਦਲਦੀ ਆਈ ਹੈ ਤਕਦੀਰ ਨੂੰ,

ਇਸ ਸੱਚ ਨੂੰ ਝੰਡ ਕਦੋਂ ਉਹ ਪੜ੍ਹਨਗੇ।

 

 

ਸ਼ਬਦਾਂ ਦੇ ਵਣਜਾਰੇ

 

ਡਾ ਜਗਮੋਹਨ ਸੰਘਾ ਮੂਲ ਰੂਪ ਵਿੱਚ ਕਿੱਤੇ ਵਜੋਂ ਵਕੀਲ ਹੈ। ਉਸ ਦੀ ਮੁਹਾਰਤ ਤਿੰਨ ਭਾਸ਼ਾਵਾਂ ਵਿੱਚ ਚੋਖੀ ਹੈ, ਜਿਨ੍ਹਾਂ ਵਿੱਚ ਅਗਰੇਜ਼ੀ, ਹਿੰਦੀ ਅਤੇ ਪੰਜਾਬੀ ਸ਼ਾਮਲ ਹਨ। ਪੰਜਾਬੀ ਜ਼ੁਬਾਨ ਭਾਂਵੇਂ ਉਸ ਦੀ ਮਾਂ ਬੋਲੀ ਹੈ, ਪਰ ਉਸ ਦੀ ਵਿੱਦਿਆ ਪੰਜਾਬੋਂ ਬਾਹਰ ਮਿਲਟਰੀ ਸਕੂਲਾਂ/ਕਾਲਜਾਂ ਵਿੱਚ ਹੋਣ ਕਰਕੇ ਉਸ ਉਪਰ ਦੂਸਰੀਆਂ ਭਾਸ਼ਾਵਾਂ ਦਾ ਵਧੇਰੇ ਅਸਰ ਹੈ। ਫਿਰ ਵੀ ਸੰਘਾ ਦੀ ਪੰਜਾਬੀ ਸ਼ਾਇਰੀ ਇੱਕ ਭਾਵਪੂਰਤ ਮੁਕਾਮ ਰੱਖਦੀ ਹੈ। ਉਸ ਦੀ ਸ਼ਾਇਰੀ ਗਲੋਬਲੀ ਸਰਹੱਦਾਂ ਤੱਕ ਫੈਲੀ ਹੋਈ ਹੈ ਜਿਸ ਦਾ ਕਾਰਣ ਉਸ ਦਾ ਘੁਮੰਕੜ-ਪੁਣਾ ਕਿਹਾ ਜਾ ਸਕਦਾ ਹੈ। ਸੰਘਾ ਨੇ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਕੰਮ ਕੀਤਾ ਹੈ ਤੇ ਘੁੰਮਿਆ ਹੈ। ਇਹੀ ਕਾਰਣ ਹੈ ਕਿ ਉਸ ਦੀ ਸ਼ਾਇਰੀ ਸੀਮਾਂਵਾਂ ਦੀ ਮੁਥਾਜ਼ ਨਹੀਂ ਹੈ। ਉਹ ਇੰਗਲੈਂਡ ਵਿੱਚ ਰਹਿੰਦਿਆਂ ਬੀ ਬੀ ਸੀ ਵਰਗੀ ਅੰਤਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੰਸਥਾਂ ਨਾਲ ਵੀ ਕੰਮ ਕਰ ਚੁੱਕਾ ਹੈ ਅਤੇ ਜਲੰਧਰ ਦੂਰਦਰਸ਼ਨ ਨਾਲ ਵੀ। ਉਸ ਨੂੰ ਮਿਲ ਕੇ ਇੱਕ ਅਪਣੱਤ ਦਾ ਅਹਿਸਾਸ ਹੁੰਦਾ ਹੈ। ਇਹ ਮਿਲਾਪੜਾ ਪਨ ਉਸ ਦੀ ਰਚਨਾ ਵਿੱਚੋਂ ਵੀ ਝਲਕਦਾ ਹੈ। ਸੰਘਾ ਨੇ ਪਿਛਲੇ ਕਈ ਸਾਲਾਂ ਤੋਂ ਟੋਰਾਂਟੋ ਨੂੰ ਆਪਣੀ ਰਿਹਾਇਸ਼ ਬਣਾਇਆ ਹੋਇਆ ਹੈ। ਉਸ ਦੀ ਸ਼ਾਇਰੀ ਦੀ ਵੰਨਗੀ ਪੇਸ਼ ਕੀਤੀ ਜਾਂਦੀ ਹੈ-

ਤਲਵਿੰਦਰ ਮੰਡ (416-904-3500)

 

ਗਜ਼ਲ

ਡਾ ਜਗਮੋਹਨ ਸੰਘਾ

Slide3

ਸਰਦ ਰੁੱਤੇ ਵੀ ਨਿੱਘਾ ਬੋਲਣ ਦੀ, ਕੋਸ਼ਿਸ਼ ਤਾਂ ਕਰ ਕੇ ਵੇਖ

 

ਤੇਰੇ ਵੀ ਇਹਤਰਾਮ ਵਿੱਚ,ਕਦੇ ਸਿਰ ਝੁਕਾਏਗੀ ਦੁਨੀਆ

ਖੁਦ ਨੂੰ ਕਾਬਿਲ ਬਨਾਉਣ ਦੀ, ਕੋਸ਼ਿਸ਼ ਤਾਂ ਕਰ ਕੇ ਵੇਖ।

 

ਭਾਵੇਂ ਪਲ ਵਿਚ ਹੀ ਉਹ, ਜਾਣ ਜਾਏਗਾ  ਦਿਲ ਦੀ ਗੱਲ

ਪਰ  ਫਿਰ ਵੀ ਗ਼ਮ  ਲੁਕੋਣ ਦੀ, ਕੋਸ਼ਿਸ਼ ਤਾਂ ਕਰ ਕੇ ਵੇਖ।

 

ਅਜ਼ਮਾਇਸ਼ ਦੀ ਰਿਵਾਇਤ `ਚੋਂ, ਗੁਜ਼ਰਨਾ ਬਹੁਤ ਹੋ ਗਿਆ

ਜ਼ਮਾਨੇ ਨੂੰ ਤੂੰ ਵੀ ਅਜਮਾਂਣ ਦੀ , ਕੋਸ਼ਿਸ਼ ਤਾਂ ਕਰ ਕੇ ਵੇਖ।

 

ਇਹ ਦਿਲ ਦੇ ਸਿਲਸਿਲੇ ਨੇ,  ਤੋਹਫੇ ਵਿਚ ਨਹੀਂ ਮਿਲਦੇ

ਹੱਕ  ਕਿਸੇ  ਦਿਲ ਤੇ ਜਮਾਂਣ ਦਾ ,ਕੋਸ਼ਿਸ਼ ਤਾਂ ਕਰ ਕੇ ਵੇਖ।

 

ਮੰਨਿਆ ਕਿ ਯਾਦਾਂ ਦੇ ਕਾਫ਼ਿਲੇ , ਤਨਹਾਈਆਂ ਦੇ ਸਾਥੀ ਨੇ

ਰੁਸਵਾਈਆਂ ਨੂੰ ਤੂੰ ਭੁਲਾਣ ਦੀ, ਕੋਸ਼ਿਸ਼ ਤਾਂ ਕਰ ਕੇ ਵੇਖ ।

 

ਖੁਦ -ਬ-ਖੁਦ ਸਮਝੇਗੀ , ਦੁਨੀਆ ਰਿਸ਼ਤਿਆਂ ਦੇ ਮਾਇਨੇ

ਰਿਸ਼ਤੇ ਨਿਭਾਣ ਦੀ ਮੁਸੱਲਸਲ , ਕੋਸ਼ਿਸ਼ ਤਾਂ ਕਰ ਕੇ ਵੇਖ ।

 

ਲੋਗ ਪੜ੍ਹਦੇ  ਰਹੇ ਤੈਨੂੰ , ਹਮੇਸ਼ਾ ਖੁੱਲੀ ਕਿਤਾਬ ਵਾਂਗਰ

ਸਮਝਣ ਦੀ ਖੁਦ ਨੂੰ ਹੁਣ ਤੂੰ , ਕੋਸ਼ਿਸ਼ ਤਾਂ ਕਰ ਕੇ ਵੇਖ।

 

  ਸ਼ਬਦਾਂ ਦੇ ਵਣਜਾਰੇ

ਟੋਰਾਂਟੋ ਦੇ ਵਸਨੀਕ ਨੌਜਵਾਨ ਸ਼ਾਇਰ ਜਸਵੀਰ ਕਾਲਰਵੀ ਕੋਲ ਗ਼ਜ਼ਲ ਦੀ ਤਕਨੀਕ ਅਤੇ ਖਿਆਲ ਦੀ ਡੂੰਘੀ ਸਮਝ ਹੈ। ਉਸ ਦੀਆਂ ਗ਼ਜ਼ਲਾਂ ਸਮਾਜਿਕ ਤਾਣੇ ਬਾਣੇ ਅੰਦਰ ਟੁੱਟ ਰਹੀਆਂ ਕਦਰਾਂ ਕੀਮਤਾਂ ਅਤੇ ਆ ਰਹੇ ਨਿਘਾਰ ਵੱਲ ਪਾਠਕ ਦਾ ਧਿਆਨ ਦਿਵਾਉਦੀਆਂ ਹਨ। ਉਹ ਆਪਣੀ ਗੱਲ ਨੂੰ ਸਹਿਜ ਰੂਪ ਕਹਿ ਜਾਂਦਾ ਹੈ ਜਿਸ ਦਾ ਅਸਰ ਡੁੰਘੇਰਾ ਹੁੰਦਾ ਹੈ। ਕਾਲਰਵਰੀ ਨੇ ਪਿਛਲੇ ਸਾਲਾਂ ਤੋਂ ਹਿੰਦੀ ਦੀ ਸਿਨਫ ਵਿੱਚ ਵੀ ਭਾਵਪੂਰਤ ਯੋਗਦਾਨ ਪਾਇਆ ਹੈ। ਉਸ ਦੀਆਂ ਹਿੰਦੀ ਗਜ਼ਲਾਂ ਨੂੰ ਕਈ ਕਲਾਕਾਰਾਂ ਵਲੋਂ ਗਾ ਕੇ ਉਸ ਦੀ ਗਜ਼ਲਕਾਰੀ ਨੂੰ ਪੰਜਾਬੀ ਦੇ ਸਰਹੱਦਿਆਂ ਤੋਂ ਪਾਰ ਕਰਕੇ ਹਿੰਦੀ ਭਾਸ਼ਾ ਦੀ ਵਿਸ਼ਾਲ ਦੁਨੀਆਂ ਤੱਕ ਫੈਲਾਇਆ ਹੈ। ਕਾਰਲਵੀ ਟੋਰਾਂਟੋ ਅਦਬ ਦਾ ਚਹੇਤਾ ਕਵੀ ਹੈ। ਉਸ ਦੀ ਪਕੜ ਕਵਿਤਾ ਦੇ ਨਾਲ ਨਾਲ ਅਲੋਚਨਾ ਉਪਰ ਵੀ ਪੀਡੀ ਹੈ। ਜਸਵੀਰ ਕਾਲਰਵੀ ਦੀ ਇੱਕ ਗਜ਼ਲ ਪੇਸ਼ ਹੈ-

                                                         ਤਲਵਿੰਦਰ ਮੰਡ (414-904-3500)

  ਗਜ਼ਲ

                                                ਜਸਵੀਰ ਕਾਲਰਵੀ

Slide4

ਸੋਚ ਸੁੱਚੀ ਛਾਨਣੀ ਵਿੱਚ ਛਾਣ ਦੇਵੀਂ।

ਮੇਰਿਆ ਰੱਬਾ ਤੂੰ ਫਿਰ ਨਿਰਵਾਣ ਦੇਵੀਂ।

 

ਮੱਥੇ ਅੰਦਰ ਮੇਰੇ ਦੀਵਾ ਬਾਲ ਕੇ ਤੂੰ,

ਫਿਰ ਹਨੇਰੇ ਨੂੰ ਮੇਰੇ ਵੱਲ ਆਣ ਦੇਵੀਂ।

 

ਮੇਰੇ ਰਾਹਾਂ ਨੂੰ ਮਿਲੀ ਨਾ ਮੰਜਿ਼ਲ ਕੋਈ,

ਮੇਰੀਆਂ ਪੈੜ੍ਹਾਂ ਨੂੰ ਪਰ ਘਰ ਜਾਣ ਦੇਵੀਂ।

 

ਮਨ ਮੇਰਾ ਆਪੇ ਹੀ ਸੱਚ ਨੂੰ ਪਾ ਲਵੇਗਾ,

ਝੂਠ ਦਾ ਭਾਂਡਾ ਤੂੰ ਇਹ ਭਰ ਜਾਣ ਦੇਵੀਂ।

 

ਪਹਿਲਾਂ ਮੈਨੂੰ ਬਣਨ ਦੇਵੀਂ ਰੌਸ਼ਨੀ ਤੂੰ,

ਫੇਰ ਮੈਨੂੰ ਸੂਰਜਾਂ ਵੱਲ ਜਾਣ ਦੇਵੀਂ।

 

ਮੌਤ ਜਦ ਆਵੇਗੀ ਮੈਂ ਖਾਮੋਸ਼ ਰਹਿਣਾ,

ਜਿ਼ੰਦਗੀ ਤੂੰ ਖੁਦ ਮੇਰੀ ਪਹਿਚਾਣ ਦੇਵੀਂ।

 

 

 

ਸ਼ਬਦਾਂ ਦੇ ਵਣਜਾਰੇ

 

ਡਾ ਜਤਿੰਦਰ ਰੰਧਾਵਾ ਦੀ ਸ਼ਾਇਰੀ ਮਰਦ-ਔਰਤ ਦੇ ਪਰਸਪਰ ਸੰਬੰਧਾਂ ਵਿੱਚੋਂ ਉੱਤਪਨ ਹੋਏ ਭਾਵਾਂ ਦੀ ਸ਼ਾਇਰੀ ਹੈ। ਉਹ ਔਰਤ ਨੂੰ ਮਰਦ ਦੀ ਪਿਛਲੱਗ ਨਹੀਂ ਮੰਨਦੀ, ਸਗੋਂ ਉਸ ਅਨੁਸਾਰ ਮਰਦ ਦੀ ਹੋਂਦ ਨੂੰ ਔਰਤ ਦੀ ਹੋਂਦ ਹੀ ਸਥਾਪਿਤ ਕਰਦੀ ਹੈ। ਉਸ ਦਾ ਮੰਨਣਾ ਹੈ ਕਿ ਜੇਕਰ ਮਰਦ ‘ਮਰਦ’ ਹੈ ਤਾਂ ਇਹ ਉਸ ਨੂੰ ਔਰਤ ਦਾ ਦਿੱਤਾ ਹੋਇਆ ‘ਟੋਕਨ’ ਹੈ। ਉਸ ਦੀ ਸ਼ਾਇਰੀ ਦਾ ਫਿਕਰ ਮਰਦ ਵਲੋਂ ਔਰਤ ਨਾਲ ਸਦੀਆਂ ਤੋਂ ਕੀਤੀ ਜਾਂਦੀ ਗੁਲਾਮੀਂ ਵਾਲਾ ਵਤੀਰਾ ਹੈ। ਜਤਿੰਦਰ ਰੰਧਾਵਾ ਅਨੁਸਾਰ ਔਰਤ ਅਤੇ ਮਰਦ ਦੇ ਸੰਬੰਧ ਆਪਣੇ ਆਪ ਵਿੱਚ ਦਾਵੰਦਾਅਤਮਕ। ਉਸ ਦੀ ਸ਼ਾਇਰੀ ਦੀ ਇੱਕ ਵਿਲੱਖਣਤਾ ਇਹ ਵੀ ਹੈ ਕਿ ਉਹ ਪਰੰਪਰਿਕ-ਰੂੜ੍ਹੀਆਂ ਨੂੰ ਤੋੜ ਕੇ ਰੂਹਾਂ ਦੇ ਪਿਆਰ ਤੱਕ ਪਹੁੰਚਣ ਲਈ ਸਰੀਰਕ ਪਿਆਰ ਨੂੰ ਵੀ ਮਾਨਤਾ ਦਿੰਦੀ ਹੈ। ਉਸ ਦਾ ਮੰਨਣਾ ਹੈ ਕਿ ਪਿਆਰ ਭਾਵ ਵਿਚੋਂ ਔਰਤ-ਮਰਦ ਦੀ ਸਰੀਰਕ ਖਿੱਚ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ ਹੈ। ਜਤਿੰਦਰ ਰੰਧਾਵਾ ਵਲੋਂ ਕੀਤੀ ਜਾਂਦੀ ਸ਼ਾਇਰੀ ਦਰ-ਅਸਲ ਸੰਸਾਰਕ ਰਿਸ਼ਤਿਆਂ ਦੀ ਹੀ ਬਾਤ ਪਾਉਦੀ ਹੈ। ਉਹ ਹਰਿਆਣਾ ਪ੍ਰਾਂਤ ਤੋਂ ਆ ਕੇ ਟੋਰਾਂਟੋ ਵਿੱਚ ਪਿਛਲੇ ਕਈ ਸਾਲਾਂ ਤੋਂ ਵਸੀ ਹੋਈ ਹੈ। ਇਥੋਂ ਦੀਆਂ ਸਾਹਿੱਤਕ ਗਤੀਵਿੱਧੀਆਂ ਵਿੱਚ ਉਸ ਦਾ ਖਾਸ ਯੋਗਦਾਨ ਹੈ। ਜਿੱਥੇ ਉਹ ਕਵਿਤਾ ਸਿਰਜਣ ਲਈ ਦਾਇਰਿਆਂ ਦੀ ਮੁਥਾਜੀ ਨੂੰ ਨਹੀਂ ਮੰਨਦੀ ਉਸੇ ਤਰ੍ਹਾਂ ਹੀ ਇਸ ਦੀ ਪੇਸ਼ਕਾਰੀ ਪ੍ਰਭਾਵੀ ਹੈ। ਪੇਸ਼ ਹੈ ਉਸ ਦੀ ਇੱਕ ਰਚਨਾ-

                           ਤਲਵਿੰਦਰ ਮੰਡ (416-904-3500)

ਆ ਬੁੱਧ ਆ, ਹੁਣ, ਘਰ ਮੁੜ ਚੱਲੀਏ

                     ਡਾ ਜਤਿੰਦਰ ਰੰਧਾਵਾ

Slide5

 

ਆ ਬੁੱਧ ਆ, ਹੁਣ, ਘਰ ਮੁੜ੍ਹ ਚੱਲੀਏ

 

ਬਹੁਤ ਚਿਰ ਹੋਇਆ ਤੈਨੂੰ ਭਟਕਦਿਆਂ

ਬਹੁਤ ਚਿਰ ਹੋ ਗਿਆ, ਮੈਨੂੰ ਕਲਪਦਿਆਂ

ਨਾ ਤੂੰ ਕੁੱਛ ਖੱਟਿਆ, ਨਾ ਮੈਂ ਕੁੱਛ ਲੱਭਿਆ

ਐਵੇਂ ਕਾਹਤੋਂ ਫੇਰ ਸਿ਼ਕਵਾ ਕਰੀਏ

ਆ, ਬੁੱਧ ਆ ਹੁਣ ਘਰ ਮੁੜ੍ਹ ਚੱਲੀਏ।

 

ਤੂੰ ਦੁੱਖਾਂ ਤੋਂ ਦੂਰ ਸੈਂ ਭੱਜਿਆ

ਮੈਂ ਸੁੱਖਾਂ ਤੋਂ ਬਾਂਝੀ ਹੋ ਗਈ

ਤੇਰੇ ਹੁੰਦਿਆਂ ਤੇਰੀ ਯਸ਼ੋਦਰਾ

ਬਿੰਬਾਂ, ਗੋਪਾ ਬਣ ਓਝਲ ਹੋ ਗਈ

ਦੇਹੀ ਨੂੰ ਜੇ ਦੁੱਖ ਨੇ ਭਲਿਆ-

ਦੇਹੀ ਤੋਂ ਸੁੱਖ ਵੀ ਮਿਲਣੇ ਸਨ

ਜੇ ਰਲ਼ ਕੇ ਤੁਰ ਲੈਂਦੇ ਦੋ ਪਲ

ਸਾਰੇ ਮੰਜ਼ਰ ਸਰ ਹੋਣੇ ਸਨ

ਹੁਣ ਕੇਹੀ ਆਸ਼ਾ, ਤੇ ਕੀ ਨਿਰਾਸ਼ਾ

ਕਿਹੜੇ ਵਿਸਰੇ ਪਲ ਦੀ ਗੱਲ ਕਰੀਏ

ਆ ਬੁੱਧ ਆ, ਹੁਣ, ਘਰ ਮੁੜ੍ਹ ਚੱਲੀਏ

 

 

ਸੁਣਿਆ ਤੂੰ ਤਾਂ ਨਿਰਵਾਣ ਹੈ ਪਾਇਆ

ਮੇਰੇ ਹਿੱਸੇ ਦੱਸ ਕੀ ਆਇਆ?

ਮੇਰੀਆਂ ਸੱਧਰਾਂ ਦਫ਼ਨ ਹੋ ਗਈਆਂ

ਮੇਰਾ ਮਨ ਹਾਲੇ ਤਿਰਹਾਇਆ

ਜਿਸ ਭੈ ਤੋਂ ਤੂੰ ਡਰ ਡਰ ਨੱਸਦੈ

ਆ ਉਸ ਡਰ ਦੀ ਥਾਹ ਨੂੰ ਫੜੀਏ

ਰਲ ਕੇ ਦੋਵੇਂ ਵੰਡੀਏ ਚਾਨਣ

ਕਿਰਦੇ ਜਾਂਦੇ ਸਮੇਂ ਨੂੰ ਫੜੀਏ

ਆ ਬੁੱਧ ਆ, ਹੁਣ, ਘਰ ਨੂੰ ਮੁੜ੍ਹੀਏ

ਆ ਬੁੱਧ ਆ, ਹੁਣ, ਘਰ ਮੁੜ੍ਹ ਚੱਲੀਏ।

 ਸ਼ਬਦਾਂ ਦੇ ਵਣਜਾਰੇ

ਕੁਲਜੀਤ ਮਾਨ ਅਸਲ ਵਿੱਚ ਇੱਕ ਗਲਪਕਾਰ ਹੈ। ਉਸ ਦੀ ਵਾਰਤਕ ਦੀ ਤਾਸੀਰ ਕਵਿਤਾ ਵਰਗੀ ਹੀ ਹੈ। ਉਸ ਦੀਆਂ ਕਹਾਣੀਆ ਅਤੇ ਨਾਵਲਾਂ ਵਿੱਚਲਾ ਪਾਤਰ-ਚਿਤਰਣ, ਘਟਨਾਵਾਂ ਦਾ ਘਟਣਾ ਅਤੇ ਵਿਸ਼ੇ ਦਾ ਨਿਭਾਅ ਪਾਠਕ ਨੂੰ ਕਾਵਿਕ ਰੰਗ ਵਿੱਚ ਰੰਗ ਕੇ ਆਪਣੇ ਨਾਲ ਲੈ ਤੁਰਦਾ ਹੈ, ਇਹ ਉਸ ਦੀ ਲੇਖਣੀ ਦੀ ਵਿਸ਼ੇਸ਼ਤਾ ਹੈ। ਉਸ ਦਾ ਇੱਕ ਨਾਵਲ ‘ਕਿੱਟੀ ਮਾਰਸ਼ਲ’ ਗੁਰੁ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੀ ਐਮ ਏ ਜਮਾਤ ਦੇ ਪਾਠ-ਕ੍ਰਮ ਵਿੱਚ ਲੱਗਾ ਹੋਇਆ ਹੈ। ਉਸ ਦੀਆਂ ਕਹਾਣੀਆਂ ਦੇ ਵਿਸ਼ੇ ਅਜੋਕੇ ਸਮੇਂ ਦੇ ਹਾਣ ਦੇ ਹਨ। ਭਾਂਵੇ ਕੁਲਜੀਤ ਇੱਕ ਵਾਰਤਕ ਲਿਖਾਰੀ ਦੇ ਤੌਰ `ਤੇ ਸਥਾਪਿਤ ਹੈ, ਪਰ ਉਸ ਦੀ ਲੇਖਣੀ ਦਾ ਦੂਸਰਾ ਪਹਿਲੂ ਇਹ ਵੀ ਹੈ ਕਿ ਉਹ ਨਜ਼ਮ ਵੀ ਬਾ-ਕਮਾਲ ਲਿਖਦਾ ਹੈ। ਉਸ ਦੀ ਕਵਿੱਤਾ ਉਪਰ ਬੌਧਿਕਤਾ ਭਾਰੂ ਹੋਣ ਕਰਕੇ ਇਸ ਵਿੱਚ ਡੂੰਘੇ ਭਾਵ ਸਮੋਏ ਹੁੰਦੇ ਹਨ, ਜਿਨ੍ਹਾਂ ਨੂੰ ਸਮਝਣਾ ਇੱਕ ਵਾਰੀ ਦੀ ਪੜ੍ਹਤ ਦਾ ਕੰਮ ਨਹੀਂ ਸਗੋਂ ਇਸ ਦਾ ਥਾਹ ਪਾਉਣ ਲਈ ਇਸ ਨੂੰ ਕਈ ਵਾਰ ਪੜ੍ਹਨ ਦੀ ਨੌਬਤ ਵੀ ਆ ਜਾਂਦੀ ਹੈ। ਉਹ ਦੀ ਕਾਵਿਕਤਾ ਅਜੋਕੇ ਵਿਸਿ਼ਆਂ ਦੀ ਧਾਰਣੀ ਹੈ, ਜੋ ਸਮਾਜ ਲਈ ਪ੍ਰਸ਼ਨ ਪੈਦਾ ਕਰਦੀ ਹੈ। ਉਸ ਦੀ ਕਵਿਤਾ ਉਸ ਦਾ ਅੰਤਰੀਵ ਅਤੇ ਸਮਾਜ ਦਾ ਸਮਾਨਾਤਰ ਕਿਹਾ ਜਾ ਸਕਦਾ ਹੈ। ਭਾਂਵੇਂ ਕੁਲਜੀਤ ਆਪਣੇ ਆਪ ਨੂੰ ਕਵੀ ਨਹੀਂ ਮੰਨਦਾ ਫਿਰ ਵੀ ਉਸ ਦਾ ਮੰਨਣਾ ਹੈ ਕਿ ਕਵਿਤਾ ਅਤੇ ਵਾਰਤਕ ਦਾ ਨਿਖੇੜ੍ਹਾ ਬਰਕਰਾਰ ਰਹਿਣਾ ਚਾਹੀਦਾ ਹੈ, ਉਸ ਦੀ ਨਜ਼ਮ ਅਜੋਕੇ ਸਮੇਂ ਅੰਦਰ ਪੈਦਾ ਹੋਏ ਕਵਿ ਨਾਲੋਂ ਕਈ ਮੀਲ ਅਗਾਂਹ ਹੈ। ਇਕ ਵੰਨਗੀ ਪੇਸ਼ ਕੀਤੀ ਜਾ ਰਹੀ ਹੈ-

                                                       ਤਲਵਿੰਦਰ ਮੰਡ (416-904-3500)

                                                            ਕੁਲਜੀਤ ਮਾਨ

Slide6

   ਮੀਲ ਪੱਥਰ

 

ਸ਼ਬਦਾਂ ਨੇ ਬਾਂਹ ਫੜੀ

ਫਿਰ ਬਾਂਹ ਛਡ ਦਿੱਤੀ

ਚੁੱਪ ਚਾਪ ਤੁਰ ਪਿਆ

ਸ਼ਬਦਾਂ ਦੇ ਪਿੱਛੇ

ਕਦੇ ਲਿਬਾਸ ਪਹਿਨਕੇ

ਕਦੇ ਨੰਗੇ ਧੜ

ਕਦੇ ਪੇਟਿੰਡ ਚੇਹਰਾ

ਕਦੇ ਮੂੰਹ ਲੁਕਾਵਾ।

 

ਮੇਰੀ ਸ਼ਬਦ-ਸਮਝ ਬੋਲ ਪਈ

ਈਰਖਾ ਲਈ ਮੇਰਾ ਸਰੀਰ ਹੈ

ਨਫ਼ਰਤ ਲਈ ਆਪਣਾ ਵਜ਼ੂਦ ਹੈ

ਤੇਜ਼ਾਬ  ਨਾਲ ਧੋ ਦੇ ਵਜ਼ੂਦ ਨੂੰ

ਸ਼ਬਦ ਕਰਦੇ ਨਿਰਲੇਪ

ਮੇਰੀ ਨਫਰਤ ਤੇ ਈਰਖਾ ਤੋਂ

ਨਹੀ ਪੀ ਸਕਦੇ ਸ਼ਬਦ, ਈਰਖਾ ਤੇ ਨਫਰਤ

ਇਹ ਸੁਕਰਾਤ ਨਹੀ ਹਨ।.

.

 

ਸ਼ਬਦ ਵੇਖਦੇ ਰਹੇ

ਮੂਕ ਬਣਕੇ ਸਾਰਾ ਤਮਾਸ਼ਾ

ਸ਼ਬਦ ਦ੍ਰਿੜ ਸਨ

ਬੱਝੇ ਹੋਏ ਪ੍ਰਤਿਗਿਆ ਦੇ।.

 

ਬਸ ਕੋਹ ਕੁ ਹੋਰ

ਚੁੱਕ ਬੋਝ ਬਿਨੂੰ, ਅਜੇ ਕੁਝ ਹੋਰ

ਆਪਣੀ ਨਫਰਤ ਤੇ ਈਰਖਾ ਦਾ.

.

 

ਵਜ਼ੂਦ ਤੁਰਦਾ ਗਿਆ

ਆ ਗਿਆ ਮੀਲ ਪੱਥਰ

ਸ਼ਬਦ ਅਲੋਪ ਹੋ ਗਏ।.

ਮਰਨ ਵੇਲੇ ਬਾਪੂ ਕਹਿੰਦਾ ਸੀ

ਭਰਮ ਸਿਰਜਣ ਵਿਚ

ਕੋਈ ਹਰਜ਼ ਨਹੀ।

                      ਸ਼ਬਦਾਂ ਦੇ ਵਣਜਾਰੇ

ਕੁਲਵਿੰਦਰ ਖਹਿਰਾ ਜਵਾਨੀ ਦੀ ਦਹਿਲੀਜ਼ ਉਪਰ ਪੈਰ ਧਰਦਿਆਂ ਹੀ ਕੈਨੇਡਾ ਦੀ ਧਰਤੀ `ਤੇ ਆ ਵਸਿਆ ਸੀ। ਇਥੇ ਆ ਕੇ ਉਸ ਨੇ ਆਪਣੀ ਪੰਜਾਬੀ ਭਾਸ਼ਾ ਅਤੇ ਸੰਸਕ੍ਰਿਤੀ ਨੂੰ ਬਰਕਰਾਰ ਹੀ ਨਹੀਂ ਰੱਖਿਆ ਸਗੋਂ ਇਸ ਨੂੰ ਇਥੇ ਬਹਾਲ ਕਰਨ ਲਈ ਆਪਣੀ ਯਥਾ-ਸ਼ਕਤੀ ਨਾਲ ਕੋਸਿ਼ਸ਼ ਵੀ ਕੀਤੀ। ਉਸ ਨੇ ਟੀਨ-ਏਜ ਵਿਚੋਂ ਗੁਜ਼ਰਦਿਆਂ ਹੋਇਆਂ ਵੀ ਪੱਛਮੀਂ ਕਲਚਰ ਨੂੰ ਆਪਣੇ ਉਪਰ ਭਾਰੂ ਨਹੀਂ ਹੋਣ ਦਿੱਤਾ। ਇਹੀ ਵਜ੍ਹਾ ਹੈ ਕਿ ਉਹ ਅੱਜ ਵੀ ਪੰਜਾਬੀ ਭਾਸ਼ਾਂ ਨੂੰ ਅੰਦਰੋਂ ਅਤੇ ਬਾਹਰੋਂ ਪਿਆਰ ਕਰਦਾ ਹੈ, ਉਹ ਪੰਜਾਬੀ ਸਾਹਿੱਤ-ਰਸੀਆ ਹੈ। ਸ਼ਾਇਦ ਕੁਲਵਿੰਦਰ ਅੰਦਰ ਪੰਜਾਬੀ ਲਈ ਜਜ਼ਬਾ ਉਸ ਦੇ ਬਚਪਨ ਵੇਲੇ ਦੇ ਘਰ ਦੇ ਮਹੌਲ ਵਿੱਚੋਂ ਪੈਦਾ ਹੋਇਆ ਹੈ। ਉਸ ਦੇ ਮਰਹੂਮ ਚਾਚਾ ਪ੍ਰੋ ਨਿਰਜੀਤ ਸਿੰਘ ਖਹਿਰਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਵਿੱਚ ਹਰਮਨ ਪਿਆਰੇ ਅਧਿਆਪਕ ਸਨ, ਜਿਨ੍ਹਾਂ ਦਾ ਮੈਂ ਵੀ ਵਿਦਿਆਰਥੀ ਹੋਣ ਦਾ ਮਾਣ ਰੱਖਦਾ ਹਾਂ। ਉਹ ਖੁਦ ਆਪਣੇ ਸਮੇਂ ਦੇ ਬਹੁਤ ਹੀ ਪਿਆਰੇ ਕਵੀ ਵੀ ਸਨ। ਉਨਾਂ ਵਲੋਂ ਸਿ਼ਵ ਕੁਮਾਰ ਬਟਾਲਵੀ ਦੀ ਮੌਤ ਤੋਂ ਬਾਅਦ ਉਸ ਦੀਆਂ ਅਣ-ਛਪੀਆਂ ਰਚਨਾਵਾਂ ਨੂੰ ‘ਅਲਵਿਦਾ’ ਕਿਤਾਬ ਦੇ ਸਿਰਲੇਖ ਹੇਠ ਸੰਪਾਦਤ ਵੀ ਕੀਤਾ ਗਿਆ ਸੀ। ਸਾਹਿੱਤ ਦੀ ਚਿਣਗ ਕਿਤੇ ਬਚਪਨ ਵੇਲੇ ਹੀ ਕੁਲਵਿੰਦਰ ਖਹਿਰਾ ਦੇ ਅੰਦਰ ਧੁੱਖ ਪਈ ਹੋਣੀ ਹੈ, ਜੋ ਬਾਅਦ ਵਿੱਚ ਆ ਕੇ ਚਾਨਣ ਵਿੱਚ ਫੈਲ ਗਈ। ਕੁਲਵਿੰਦਰ ਮੂਲ ਰੂਪ ਵਿੱਚ ਟੋਰਾਂਟੋੋ ਦੀਆਂ ਸਾਹਿੱਤਕ ਗਤੀਵਿਧੀਆਂ ਵਿੱਚ ਇੱਕ ਗ਼ਜ਼ਲਗੋ ਦੇ ਤੌਰ `ਤੇ ਜਾਣਿਆ ਜਾਂਦਾ ਹੈ, ਪਰ ਉਹ ਗ਼ਜ਼ਲ ਦੇ ਨਾਲ ਨਾਲ ਨਾਟਕ ਲੇਖਕ ਦੇ ਤੌਰ `ਤੇ ਸਥਾਪਿਤ ਹੋਣ ਲਈ ਵੀ ਯਤਨਸ਼ੀਲ ਹੈ। ਉਸ ਦੀ ਗ਼ਜ਼ਲ ਦਾ ਰੰਗ ਨਿਵੇਕਲਾ ਹੈ ਅਤੇ ਸ਼ੇਅਰ ਅਸਰਦਾਰ। ਉਹ ਠੁੱਕਦਾਰ ਸ਼ਬਦਾਂ ਨੂੰ ਚੁੱਣਦਾ ਹੈ ਅਤੇ ਪੁਖਤਾ ਪੇਸ਼ਕਾਰੀ ਵਿੱਚ ਪੇਸ਼ ਕਰਦਾ ਹੈ। ਕੁਲਵਿੰਦਰ ਖਹਿਰਾ ਦੀ ਲੇਖਣੀ ਦੀ ਸੁਰ ਪ੍ਰਗਤੀਵਾਦੀ ਵਿਚਾਰਧਾਰਾ ਵਾਲੀ ਹੈ। ਉਹ ਮਾਰਕਸਵਾਦੀ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਉਸ ਦੀਆਂ ਰਚਨਾਵਾਂ ਵਿੱਚ ਪ੍ਰੋਲੋਤਾਰੀ ਅਤੇ ਬੁਰਜੂਆਜ਼ੀ ਜਮਾਤਾਂ ਦਾ ਅੰਤਰ ਮੁੱਖ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਉਸ ਦੀ ਹਮਦਰਦੀ ਲੁੱਟੀ ਜਾ ਰਹੀ ਸ਼੍ਰੇਣੀ ਨਾਲ ਹੈ, ਉਹ ਸੰਸਾਰ ਅੰਦਰ ਸਮਾਜਵਾਦ ਦਾ ਹਾਮੀ ਹੈ। ਪਾਠਕਾਂ ਲਈ ਉਸ ਦੀ ਗ਼ਜ਼ਲ ਪੇਸ਼ ਹੈ-

                                                          ਤਲਵਿੰਦਰ ਮੰਡ (416-904-3500)

 ਗ਼ਜ਼ਲ

  ਕੁਲਵਿੰਦਰ ਖਹਿਰਾ

Slide7

ਨਾ ਉਗਾਇਆ ਚੰਨ ਕੋਈ, ਨਾ ਰਚਾਈ ਚਾਨਣੀ

ਮੈਂ ਹਨੇਰੇ ਦੀ ਤਲ਼ੀ ‘ਤੇ, ਬੱਸ ਟਿਕਾਈ ਚਾਨਣੀ

 

ਇਕ ਚਕੋਰੀ ਰਾਤ ਸਾਰੀ ਤੜਫਦੀ ਹੋਈ ਮਰ ਗਈ,

ਜਾਹ ਪਰੇ ਬੇਦਰਦੀਆ, ਤੂੰ ਕਿਉਂ ਛੁਪਾਈ ਚਾਨਣੀ

 

ਭਾਵਨਾ ‘ਤੇ ਅਸਰ ਕੀਤਾ, ਇਸ ਤਰ੍ਹਾਂ ਪਰਵਾਸ ਨੇ,

ਚੰਨ ਹੈ ਉਹ ਹੀ ਮਗਰ, ਲਗਦੀ ਪਰਾਈ ਚਾਨਣੀ

 

ਸੋਚ ਵਿੱਚ ਮਹਿਬੂਬ ਦਾ ਚਿਹਰਾ ਤਸੱਵਰ ਕਰ ਲਿਆ

ਨ੍ਹੇਰੀਆਂ ਰਾਤਾਂ ਚ ਏਦਾਂ ਵੀ ਵਿਛਾਈ ਚਾਨਣੀ

 

ਦੇਰ ਪਹਿਲਾਂ ਅੰਬਰਾਂ ਤੇ ਚਮਕਿਆ ਇਕ ਚੰਨ ਸੀ

ਅੱਜ ਵੀ ਕਰਦੀ ਪਈ ਹੈ ਰਹਿਨੁਮਾਈ ਚਾਨਣੀ

                ਸ਼ਬਦਾਂ ਦੇ ਵਣਜਾਰੇ

ਮਲੂਕ ਸਿੰਘ ਕਾਹਲੋਂ ਦੇ ਅੰਦਰ ਵਧੀਆ ਪ੍ਰਬੰਧਕੀ ਗੁਣ ਮੌਜੂਦ ਹਨ। ਉਹ ਪੰਜਾਬ ਵਿੱਚ ਬੈਂਕ ਦੀ ਨੌਕਰੀ ਕਰਦਾ ਰਿਹਾ ਹੋਣ ਕਰਕੇ ਅੰਕੜ੍ਹਿਆਂ ਦੇ ਆਲਮ ਨੂੰ ਭਲੀਂ-ਭਾਂਤ ਮੰਨਦਾ ਅਤੇ ਨਿਭਾਉਦਾ ਹੈ। ਉਸ ਨੇ ਬੈਂਕ ਵਿੱਚ ਅੰਕੜ੍ਹਿਆਂ ਦੀ ਗਿਣਤੀ ਕਰਦਿਆਂ, ਵਿਆਜ ਲਾਉਦਿਆਂ ਅਤੇ ਪ੍ਰਬੰਧਕੀ ਜਿ਼ਮੇਵਾਰੀਆਂ ਨੂੰ ਨਿਭਾਉਦਿਆਂ ਇਹ ਵੀ ਸਿੱਖ ਲਿਆ ਹੈ ਕਿ ‘ਕਦੇ ਨਾ ਹੁੰਦੇ ਬੱਤੀਆਂ ਦੇ ਤੇਤੀ’। ਭਾਂਵੇ ਕਦੀ-ਕਦੀ ਜਿ਼ੰਦਗੀ ਵਿੱਚ ਅਣ-ਸੁਖਾਂਵੀ ਘਟਨਾ ਦੇ ਵਾਪਰ ਜਾਣ ਨਾਲ ‘ਦੋ ਜਮ੍ਹਾਂ ਦੋ ਪੰਜ’ ਹੋ ਜਾਂਦੇ ਹਨ। ਉਹ ਪ੍ਰੋਗਰੈਸਿਵ ਵਿਚਾਰਾਂ ਦਾ ਧਾਰਨੀ ਹੈ। ਕਵਿਤਾ ਦੀ ਚਿਣਗ ਉਸ ਨੂੰ ੳਦੋਂ ਲੱਗੀ ਜਦੋਂ ਢਾਡੀ ਕਲਾ ਅਤੇ ਲੇਖਣੀ ਦੇ ਬਾਬਾ ਬੋਹੜ ਗਿਆਨੀ ਸੋਹਨ ਸਿੰਘ ਸੀਤਲ ਦਾ ਘਰ ਵਿੱਚ ਆਉਣ ਜਾਣ ਆਮ ਸੀ ਅਤੇ ਉਸ ਦੇ ਮੂੰਹੋਂ ਸਿੱਖ ਇਤਿਹਾਸ ਦੇ ਵਰਕਿਆਂ ਨੂੰ ਫਰੋਲਦੀਆਂ ਕਵਿਤਾਵਾਂ ਸੁਣੀਆਂ। ਪਿਤਾ ਜੀ ਅਤੇ ਵੱਡੇ ਭਾਈ ਸਾਹਿਬ ਡਾ ਅਨੂਪ ਸਿੰਘ ਸਾਹਿਤ ਦੇ ਵਿਦਿਆਰਥੀ ਹੋਣ ਕਰਕੇ ਘਰ ਵਿੱਚ ਸਾਹਿਤ ਦਾ ਪ੍ਰਵਾਹ ਪਹਿਲਾਂ ਹੀ ਚੱਲ ਰਿਹਾ ਸੀ, ਜਿਸ ਦਾ ਅਸਰ ਕਾਹਲੋਂ ਦੇ ਮਨ ਉਪਰ ਇਸ ਕਦਰ ਹੋਇਆ ਕਿ ਉਹ ਤੁਕਬੰਦੀ ਕਰਨ ਲੱਗਾ ਅਤੇ ਬਾਅਦ ਵਿੱਚ ਚੰਗੀ ਕਵਿਤਾ ਦਾ ਰਚੇਤਾ ਹੋ ਨਿਬੜ੍ਹਿਆ। ਉਸ ਦੇ ਕਾਵਿਕ ਵਿਸਿ਼ਆਂ ਵਿੱਚ ਲੋਕ-ਪੀੜ੍ਹਾ ਸਮਿਲਤ ਹੈ। ਉਹ ਚੰਗੇ ਸਮਾਜ ਦੀ ਤਮੰਨਾ ਰੱਖਦਾ ਹੈ। ਕਾਹਲੋਂ ਦੀ ਕਵਿਤਾ ਲੁੱਟੀ ਜਾ ਰਹੀ ਸ਼੍ਰੇਣੀ ਦੀ ਧਿਰ ਬਣਕੇ ਖਲੋਦੀ ਹੈ। ਉਸ ਦੀ ਇੱਕ ਕਵਿਤਾ ਪੇਸ਼ ਹੈ-

                                        ਤਲਵਿੰਦਰ ਮੰਡ (416-904-35

  ਪੁਸਤਕਾਂ

                                                        ਮਲੂਕ ਸਿੰਘ ਕਾਹਲੋਂ

Slide9

ਪੁਸਤਕਾਂ ਦਾ ਜੇ ਕਰੀਏ ਸਦ-ਸਤਿਕਾਰ ਕਦੇ।

ਦਿਲ ਨੂੰ ਮੂਲ ਨਾ ਭਾਵਣ ਫਿਰ ਹਥਿਆਰ ਕਦੇ।

 

ਜਿਸਮਾਂ ਨੂੰ ਤਾਂ ਕਬਰਾਂ ਸਾਂਭ ਹੀ ਲੈਦੀਆਂ ਨੇ

ਮੜ੍ਹੀਆਂ ਦੇ ਵਿੱਚ ਸੜਦੇ ਨਹੀਂ ਵਿਚਾਰ ਕਦੇ।

 

ਨਾ ਹੀ ਬਹਿਸ ਮੁਬਹਿਸਾਂ ਦੇ ਵਿੱਚ ਪੈਂਦੀਆਂ ਨੇ

ਚਰਚਾ ਛੇੜਨ, ਨਾ ਛਿੜਦਾ ਤਕਰਾਰ ਕਦੇ।

 

ਉਸ ਵੇਲੇ ਵੀ ਇਹ ਤਾਂ ਸਾਥ ਨਿਭਾਉਦੀਆਂ ਨੇ

ਸੰਗ ਛੱਡ ਜਾਵਣ ਜਦ ਵੀ ਗੂਹੜੇ ਯਾਰ ਕਦੇ।

 

ਇਹ ਤਾਂ ਪੂਜਣ-ਯੋਗ ਪਵਿੱਤਰ ਹੁੰਦੀਆਂ ਨੇ

ਮਨ ਨੂੰ ਕਰਦੀਆਂ ਚਾਨਣ, ਦਿਲ ਸਰਸ਼ਾਰ ਕਦੇ

 

ਇਹ ਸਰਮਾਇਆ ਸਾਂਭਣ ਯੁੱਗਾਂ-ਯੁੱਗਾਂਤਰਾਂ ਦਾ

ਰੱਖ ਮਸਤਕ ਵਿੱਚ‘ਕਾਹਲੋਂ’ ਨਾ ਵਿਸਾਰ ਕਦੇ।

 ਸ਼ਬਦਾਂ ਦੇ ਵਣਜਾਰੇ

ਮੁਹਿੰਦਰਦੀਪ ਗਰੇਵਾਲ ਪੰਜਾਬੀ ਗ਼ਜ਼ਲ ਦਾ ਉਸਤਾਦ ਗਜ਼ਲਗੋ ਹੈ। ਪੰਜਾਬੀ ਗ਼ਜ਼ਲ ਸੰਸਾਰ ਵਿੱਚ ਉਸ ਦਾ ਖਾਸ ਸਥਾਨ ਹੈ। ਉਸ ਦੀ ਸ਼ਾਇਰੀ ਕੁਦਰਤ ਅਤੇ ਸਮਾਜ ਅੰਦਰ ਬੁਨਿਆਦੀ ਤੌਰ `ਤੇ ਸੰਤੁਲਨ ਪੈਦਾ ਕਰਦੀ ਹੈ। ਉਹ ਆਪਣੇ ਸ਼ੇਅਰਾਂ ਦੀ ਬਿਆਨਬਾਜ਼ੀ ਵਿੱਚ ਡੂੰਘਾਈਆਂ ਦਾ ਥਾਹ ਪਾਉਣ ਵਾਲਾ ਸ਼ਾਇਰ ਹੈ। ਗਰੇਵਾਲ ਨੂੰ ਗ਼ਜ਼ਲ ਦੀਆਂ ਪੰਜਾਬੀ ਵਿੱਚ ਅਰਬੀ, ਫਾਰਸੀ ਅਤੇ ਉਰਦੂ ਤੋਂ ਆਈਆਂ ਬਹਿਰਾਂ ਅਤੇ ਬੰਦਿਸ਼ਾਂ ਦਾ ਪੂਰਨ ਗਿਆਨ ਹੈ। ਉਸ ਦੀ ਇਸ ਕਲਾ ਦਾ ਲਾਹਾ ਉਸ ਦੇ ਅਨੇਕਾਂ ਸ਼ਾਗਿਰਦਾਂ ਵਲੋਂ ਉਠਾਇਆ ਜਾ ਚੁੱਕਾ ਹੈ, ਜਿਨ੍ਹਾਂ ਦੀ ਗਿਣਤੀ ਸੈਕੜਿਆਂ ਵਿੱਚ ਹੈ। ਗਰੇਵਾਲ ਆਪਣੇ ਆਪ ਵਿੱਚ ਪੰਜਾਬੀ ਗ਼ਜ਼ਲ ਦਾ ਇੱਕ ਸਕੂਲ ਹੈ। ਉਹ ਇੱਕਲੀ ਗ਼ਜ਼ਲਕਾਰੀ ਹੀ ਨਹੀਂ ਕਰਦਾ ਸਗੋਂ ਇਸ ਨੂੰ ਆਪਣੇ ਪਾਠਕਾਂ ਅਤੇ ਸਰੋਤਿਆਂ ਦੇ ਜਿ਼ਹਨ ਵਿੱਚ ਉਤਾਰਦਾ ਵੀ ਹੈ। ਪੰਜਾਬੀ ਸਾਹਿੱਤ ਦੀ ਉਨਤੀ/ਤਰੱਕੀ ਲਈ ਗਰੇਵਾਲ ਸਦਾ ਤੱਤਪਰ ਰਹਿੰਦਾ ਹੈ ਤਾਂ ਹੀ ਤਾਂ ਉਹ ਪੰਜਾਬ ਦੀਆਂ ਸਾਰੀਆਂ ਵੱਡੀਆਂ ਸਾਹਿੱਤਕ ਸੰਸਥਾਵਾਂ ਦਾ ਕਾਰਜਸ਼ੀਲ ਮੈਂਬਰ ਹੈ ਅਤੇ ਕਈ ਅਹੁੱਦੇਦਾਰੀਆਂ/ਜਿ਼ੰਮੇਵਾਰੀਆਂ ਨੂੰ ਵੀ ਨਿਭਾਅ ਚੁੱਕਾ ਹੈ ਅਤੇ ਨਿਭਾਅ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਉਹ ਲੁਧਿਆਣਿਓ ਉੱਠ ਕੇ ਨਾਰਥ ਅਮਰੀਕਾ ਵਿੱਚ ਆ ਵੱਸਿਆ ਹੈ ਅਤੇ ਰਹਿ ਰਿਹਾ ਹੈ। ਇਥੇ ਵੀ ਸਾਹਿੱਤ ਸਿਰਜਣਾ ਲਈ ਯਤਨਸ਼ੀਲ ਹੈ। ਉਸ ਦੀ ਸਟੇਜ ੳਪਰ ਗ਼ਜ਼ਲ ਦੀ ਪੇਸ਼ਕਾਰੀ ਬਹੁਤ ਦਮਦਾਰ ਹੈ। ਉਹ ਖਾਸ ਅੰਦਾਜ਼ ਵਿੱਚ ਸਰੋਤਿਆਂ ਨੂੰ ਕੀਲਣ ਦੀ ਸਮਰੱਥਾ ਰੱਖਦਾ ਹੈ। ਮੁਹਿੰਦਰਦੀਪ ਗਰੇਵਾਲ ਉਸ ਦੌਰ ਦਾ ਸ਼ਾਇਰ ਹੈ ਜਿਸ ਨੂੰ ਪੰਜਾਬੀ ਜ਼ੁਬਾਨ ਦੇ ਵੱਡੇ ਸਾਹਿੱਤਕਾਰਾਂ ਦੇ ਸੰਗ-ਸੰਗ ਵਿਚਰਨ ਦਾ ਸੁਭਾਗ ਪ੍ਰਾਪਤ ਹੈ। ਗਰੇਵਾਲ ਦੀ ਪਰਪੱਕ ਸ਼ਾਇਰੀ ਦੀ ਮਿਸਾਲ ਪੇਸ਼ ਕਰਦੀ ਗ਼ਜ਼ਲ ਹਾਜ਼ਰ ਹੈ-

                                       ਤਲਵਿੰਦਰ ਮੰਡ (416-904-3500)

                               ਗ਼ਜ਼ਲ 

                                   ਮੁਹਿੰਦਰਦੀਪ ਗਰੇਵਾਲ

Slide10

ਬੜਾ ਧੋਖਾ ਹੈ ਰਾਹਾਂ ‘ਤੇ ਕਰੀਂ ਇਤਬਾਰ , ਸੰਭਲ ਕੇ

ਐ ਸਾਥੀ ਕਹਿ ਰਿਹਾਂ ਤੈਨੂੰ ਮੈਂ ਸੌ ਸੌ ਵਾਰ,  ਸੰਭਲ ਕੇ

ਕੀਤੇ ਨਾ ਪਿਆਰ ਦੀ ਸੂਖਮ ਜੇਹੀ ਇਹ ਤੰਦ ਟੁੱਟ ਜਾਵੇ

ਕਦੀ ਸੇ ਸੱਜਣਾਂ ਨਾਲ ਹੋ ਜਾਏ ਤਕਰਾਰ , ਸੰਭਲ ਕੇ

 

ਬੜਾ  ਸੂਖਮ ਹੈ ਮਨ , ਨਾ  ਏਸ ਨੂੰ ਬੀਮਾਰ ਕਰ ਬੈਠੀੰ

ਜੇ ਇਸ ਵਿਚ ਜ਼ਹਿਰ ਨਫ਼ਰਤ ਦੀ ਪੜੀੰ ਅਖਬਾਰ, ਸੰਭਲ ਕੇ

 

ਜਦੋਂ ਵੀ ਵਾਰ ਤੂੰ ਕੀਤੇ , ਸਹੇ ਨੇ ਵਾਰ ਹਰ ਵਾਰੀ

ਅਸਾਡਾ ਵਾਰ ਹੁਣ ਆਇਆ ਮੇਰੀ ਸਰਕਾਰ ਸੰਭਲ ਕੇ

 

ਨਦੀ ਵਿਚ ਤਰਨ ਦਾ ਜੇ ਸ਼ੌਕ  ਹੈ ਤਾਂ ਨਾ ਡਰੀਂ ਸਾਥੀ

ਤੇਰੇ ਰਾਹਾਂ ਝੱਖੜ , ਸਾਹਮਣੇ  ਮੰਝਧਾਰ , ਸੰਭਲ ਕੇ

 

ਤੂੰ ਰਾਹੀਂ ਚਲਦਿਆਂ ਹਰ ਛਾਂ ਨੂੰ ਮੰਜਿਲ ਸਮਝ ਨਾ ਬੈਠੀੰ

ਕੀਤੇ ਤੂੰ ਰਹਿ ਨਾ ਜਾਵੀਂ ਇਸ ਤਰ੍ਹਾਂ ਵਿਚਕਾਰ , ਸੰਭਲ ਕੇ

 

ਬੜਾ ਬਿਖੜਾ ਹੈ ਪੈਂਦਾ ਇਸ਼ਕ਼ ਦਾ ,ਜੀਵਨ ਦੀ ਮੰਜਿਲ ਦਾ

ਕਰੀਂ ਨਫ਼ਰਤ ਵੀ ਸੰਭਲ ਕੇ , ਕਰੀਂ ਤੂੰ ਪਿਆਰ ਸੰਭਲ ਕੇ

 

ਤੂੰ ਬਚ ਆਇਆ ਏ ਜੰਗਲ ਦੀ ਦਰਿੰਦਾ ਸੋਚ ਤੋਂ ਜੇਕਰ

ਤਾਂ ਇਸ ਤੋਂ ਘੱਟ ਨਹੀਂ ਇਸ ਸ਼ਹਿਰ ਦਾ ਕਿਰਦਾਰ , ਸੰਭਲ ਕੇ

ਸ਼ਬਦਾਂ ਦੇ ਵਣਜਾਰੇ

ਗੀਤਕਾਰੀ ਸਾਹਿੱਤ ਦੀ ਇੱਕ ਅਹਿਜੀ ਸਿਨਫ ਹੈ ਜਿਸ ਵਿੱਚ ਸਮਾਜ ਦੀਆਂ ਕਈ ਵੰਨਗੀਆਂ ਦੇ ਵਿਸਿ਼ਆਂ ਦਾ ਵਰਨਣ ਕੀਤਾ ਗਿਆ ਮਿਲਦਾ ਹੈ। ਇਸ ਵਿੱਚ ਪਿਆਰ ਭਾਵ ਤੋਂ ਲੈ ਕੇ ਸਮਾਜਿਕ ਅਚਾਰ, ਵਿਹਾਰ, ਵਿਗਾੜ, ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਬੜ੍ਹਾ ਕੁਝ ਹੋਰ ਸਮੋਇਆ ਹੋਇਆ ਹੈ। ਕੁਝ ਵਿਦਵਾਨਾਂ ਦਾ ਮੱਤ ਇਹ ਵੀ ਹੈ ਕਿ ਗੀਤਕਾਰੀ ਸਾਹਿੱਤ ਦਾ ਅੰਗ ਨਹੀਂ ਹੈ ਸਗੋਂ ਇਹ ਸਮਾਜ ਦੇ ਕਿਸੇ ਦੂਸਰੇ ਪੱਖ ਦੀ ਬਿਆਨਬਾਜ਼ੀ ਹੈ। ਖਿਆਲ ਕੁਝ ਵੀ ਹੋਣ ਪਰ ਗੀਤਕਾਰੀ ਅਤੇ ਗਾਇਕੀ ਦਾ ਸਥਾਨ ਸਮਾਜ ਵਿੱਚ ਖਾਸ ਹੈ। ਸਾਡਾ ਅੱਜ ਦਾ ਸ਼ਾਇਰ ਪਰਮਪਾਲ ਸੰਧੂ ਵਿਸ਼ੇਸ਼ ਤੌਰ `ਤੇ ਇੱਕ ਗੀਤਕਾਰ ਵਜੋਂ ਸਥਾਪਿਤ ਹੋ ਚੁੱਕਾ ਲੇਖਕ ਹੈ ਅਤੇ ਉਸ ਦੇ ਲਿਖੇ ਗੀਤਾਂ ਨੂੰ ਕਈ ਨਾਮਵਰ ਗਾਇਕਾਂ ਵਲੋਂ ਗਾਇਆ ਗਿਆ ਹੈ, ਜਿਨ੍ਹਾਂ ਵਿੱਚ ਮਰਹੂਮ ਸੁਰਜੀਤ ਬਿੰਦਰੱਖੀਆ, ਸੁਰਿੰਦਰ ਸਿ਼ੰਦਾ, ਅਮਰਿੰਦਰ ਗਿੱਲ, ਜਿੰਦ ਧਾਲੀਵਾਲ ਅਤੇ ਕਈ ਹੋਰ ਗਾਇਕ ਸ਼ਾਮਲ ਹਨ। ਗੀਤਕਾਰੀ ਦੇ ਨਾਲ ਨਾਲ ਉਸ ਦੀ ਕਵਿਤਾ ਵੀ ਬਹੁਤ ਉੱਚ ਪਾਏ ਦੀ ਹੈ। ਉਸ ਵਲੋਂ ਲਿਖੀ ਜਾ ਰਹੀ ਕਵਿੱਤਾ ਭਾਂਵੇ ਛੰਦਬੰਧ ਨਹੀਂ ਪਰ ਤੁਕਾਂਤਵੰਧ ਜ਼ਰੂਰ ਹੈ। ਉਸ ਦਾ ਤੁਕਾਂਤ ਮੇਲਣ ਦਾ ਹੁਨਰ ਸੁਚੱਜਾ ਹੈ ਜਿਸ ਕਰਕੇ ਉਸ ਦੇ ਵਿਚਾਰ ਭਾਵ ਲੈਅ ਵਿੱਚ ਪ੍ਰਗਟ ਹੁੰਦੇ ਹਨ। ਰਿਦਮ ਉਸ ਦੀ ਕਵਿਤਾ ਦਾ ਵਿਸ਼ੇਸ਼ ਗੁਣ ਹੈ। ਉਸ ਦਾ ਗੀਤਕਾਰ ਹੋਣ ਕਰਕੇ ਕਵਿਤਾ ਵਿੱਚ ਵੀ ਸੰਗੀਤਕ ਲੈਅ ਦਾ ਪ੍ਰਗਟਾ ਸੁਖ਼ਮ ਰੂਪ ਵਿੱਚ ਮਿਲਦਾ ਹੈ। ਸੰਧੂ ਕਈ ਸਾਲ ਪਹਿਲਾਂ ਪੰਜਾਬ ਤੋਂ ਆਪਣੀ ਸਰਕਾਰੀ ਮਾਸਟਰੀ ਛੱਡ ਕੇ ਟੋਰਾਂਟੋ ਆ ਵੱਸਿਆ ਹੈ। ਉਸ ਦੀ ਕਵਿਤਾ ਪੇਸ਼ ਹੈ-

                                    ਤਲਵਿੰਦਰ ਮੰਡ (416-904-3500)

 “ਨਿਮਰਤਾ “

                                    ਪਰਮਪਾਲ ਸੰਧੂ

Slide17

ਹਵਾਵਾਂ ਸੁੱਟ ਲਿਆ ਹੈ ਜੋ ,ਓਹ

ਬਾਲਣ ਬਣ ਕੇ ਬਲਦਾ ਹੈ

ਜੀਹਦੀ ਧਰਤੀ ਦੇ ਅੰਦਰ ਜੜ੍ਹ ,

ਰੁੱਖ ਓਹੀ ਤਾਂ ਫਲਦਾ ਹੈ ।

ਕਦੋਂ ਨੀਵੇਂ ਕਿਸੇ ਰੁੱਖ ਨੂੰ ਹੈ

ਸੁੱਟਿਆ ਤੇਜ਼ ‘ਵਾਵਾਂ ਨੇ

ਜੋ ਉੱਚਾ ਹੋ -ਹੋ ਆਕੜਦਾ

ਓਹੀ ਤਾਂ ਜੜ੍ਹ ਤੋਂ ਹਲਦਾ ਹੈ ।

ਓਹੀ ਝੜਦਾ ਹਨੇਰੀ ‘ਨਾ ਜੋ

ਲੱਗਿਆ ਫਲ ਹੈ ਟੀਸੀ ‘ਤੇ

ਜੋ ਨੀਵਾਂ ਹੋ ਕੇ ਲੁਕਿਆ ਹੈ

ਓਹੀ ਪੱਕਦਾ ਤੇ ਪਲਦਾ ਹੈ ।

ਓਹ ਸਹਿੰਦਾ ਮਾਰ ਮੌਸਮ ਦੀ

ਜੋ ਪੱਤਾ ਹੈ ਕਰੂੰਬਲ ‘ਤੇ

ਜੋ ਜੁੜਿਆ ਨਾਲ ਗੁੱਛੇ ਦੇ

ਓਹ ਕਦ ਡਿਗਦਾ ਤੇ ਗਲਦਾ ਹੈ ।

ਇਹੋ ਹੈ ਹਾਲ ਬੰਦੇ ਦਾ

ਜੀਹਦੇ ਕੋਲ ਖੰਭ ਹਓਮੈ ਦੇ

ਜਦੋਂ ਡਿਗਦਾ ਹੈ ਮੂਧੇ -ਮੁੰਹ

ਓਦੋਂ ਪੈਰਾਂ ਤੇ ਚਲਦਾ ਹੈ ।

ਜੀਹਦੇ ਵਿੱਚ ਜਾਨ ਹੈ ਓਹੀ ਤਾਂ

ਝੁਕਦਾ ਹੈ ਨਿਮਰਤਾ ਵਿੱਚ ਸਦਾ

ਮੁਰਦਾ ਹੀ ਆਕੜਦਾ ਜੋ

ਨਾ ਝੁਕਦਾ ਨਾ ਢਲਦਾ ਹੈ ।

ਹੈ ਫੋਕਾ ਭਰਮ ਬੰਦੇ ਨੂੰ

ਮੇਰੇ ਜਿਹਾ ਹੋਰ ਹੈ ਕਿਹੜਾ ?

ਕਿਸੇ ਨੂੰ ਮਾਣ ਦੌਲਤ ਦਾ

ਕਿਸੇ ਨੂੰ ਗੋਰੀ ਖੱਲ ਦਾ ਹੈ ।

ਪਤਾ ਨੀ ਕਦ ਇਹ ਖੁਰ ਜਾਣੀ

ਮਿਲੀ ਜੋ ਬਰਫ਼ ਉਮਰਾਂ ਦੀ

ਤੇਰੇ ਇਸ ਹੁਸਨ ਦਾ ਜਲਵਾ

ਪ੍ਰਾਹੁਣਾ ਪਲ ਦੋ ਪਲ ਦਾ ਹੈ ।

=================================================

Advertisements

3 Replies to “    ਸ਼ਬਦਾਂ ਦੇ ਵਣਜਾਰੇ-PRESENTED BY TALWINDER MAND”

  1. Very nice effort by Kuljit Mann to create this Site to include the poets living in Brampton and nearby this city.

    Talwinder Mand is doing really a tremendous job of presenting these poets for the 2-3 months regularly in the weekly paper ‘Parvasi’ and Kujit Mann is trying to preserve his work in this electronic form of this Website.

    I congratulate both of them for doing this great work to serve our Mother Language Punjabi.

    Carry on Friends…..

Leave a Reply

This site uses Akismet to reduce spam. Learn how your comment data is processed.