ਸ਼ਬਦਾਂ ਦੇ ਵਣਜਾਰੇ

ਸ਼ਬਦਾਂ ਦੇ ਵਣਜਾਰੇ

Slide2

ਟੋਰਾਂਟੋ ਦੀ ਸ਼ਾਇਰਾ ‘ਸੁਰਜੀਤ’ ਪੰਜਾਬੀ-ਸਾਹਿੱਤਕ ਹਲਕਿਆਂ ਵਿੱਚ ਖਾਸ ਮੁਕਾਮ ਰੱਖਣ ਵਾਲਾ ਨਾਂ ਹੈ।

ਉਸ ਦੀ ਕਵਿੱਤਾ ਨਾਰੀ-ਚੇਤਨਾ ਲਈ ਇੱਕ ਚਿੰਤਾ ਪੈਦਾ ਕਰਦੀ ਹੈ। ਉਸ ਦੀ ਸ਼ਾਇਰੀ ਵਿੱਚਲੀ ਸਰੋਦੀ-ਸੁਰ ਮੁੱਖ ਰੂਪ ਵਿੱਚ ਉਸ ਦੇ ਚਿੰਤਨ ਦੀ ਡੂੰਘਾਈ ਦੀ ਪ੍ਰੋੜਤਾ ਕਰਦੀ ਹੈ, ਇਹ ਅਸਰ ਸ਼ਾਇਦ ਉਸ ਦੇ ਪਸੰਦੀਦੇ ਮਰਹੂਮ ਪੰਜਾਬੀ ਸ਼ਾਇਰ ਜਸਵੰਤ ਸਿੰਘ ਨੇਕੀ ਤੋਂ ਕਬੂਲਿਆ ਲਗਦਾ ਹੈ। ਨੇਕੀ ਦੀ ਕਵਿਤਾ ਉਪਰ ਹੀ ਉਸ ਦਾ ਖੋਜ ਕਾਰਜ ਵੀ ਹੈ। ਮੂਲ ਰੂਪ ਵਿੱਚ ਸੁਰਜੀਤ ਨਜ਼ਮ ਲਿਖਦੀ ਹੈ। ਉਸ ਨੂੰ ਨਜ਼ਮ ਦੇ ਬੁਨੀਆਦੀ ਨਿਯਮਾਂ ਦਾ ਗਿਆਨ ਹੋਣ ਕਰਕੇ ਉਸ ਦੀ ਰਚਨਾ ਕੇਵਲ ਵਾਰਤਕ ਦਾ ਉਗੜ-ਦੁਗੜ ਨਹੀਂ ਸਗੋਂ ਜਿ਼ੰਦਗੀ ਦੀ ਫਿਲਾਸਫੀ ਦਾ ਮਾਰਗ-ਦਰਸ਼ਨ ਹੈ। ਸੁਰਜੀਤ ਦੀ ਕਵਿਤਾ ਇਥੋਂ ਦੇ ਮੁਸ਼ਾਇਰਿਆਂ ਦੀ ਸ਼ਾਨ ਤੇ ਜਾਨ ਬਣਦੀ ਹੈ। ਉਸ ਦੀ ਨਜ਼ਮ ਦਾ ਇੱਕ ਨਮੂਨਾ ਪਾਠਕਾਂ ਲਈ ਪੇਸ਼ ਕਰ ਰਹੇ ਹਾਂ-

 

                           ਤਲਵਿੰਦਰ ਮੰਡ 414-904-3500

ਪੈਗੰਬਰ

ਉਹ –

ਪਰਬੱਤ-ਟੀਸੀ ‘ਤੇ ਖੜਾ ਸੀ

ਬਾਹਾਂ ਉੱਪਰ ਵੱਲ ਚੁੱਕੀ

ਸ਼ਾਂਤ, ਅਡੋਲ

ਅੰਬਰ ਵੱਲ ਤੱਕਦਾ !

 

ਸੁਥਰੇ ਪਹਿਰਨਾਂ ਵਿਚ

ਸੀ ਉਹ ਉਕਾਬ ਵਾਂਗੂ ਸੱਜਦਾ !

 

ਉਹਦੇ ਸਾਂਹਵੇ

ਇਕ ਸਿਰ ਝੁੱਕਿਆ

ਫਿਰ ਦੋ

ਤਿੰਨ, ਚਾਰ…

ਸਿਰ ਝੁੱਕਦੇ ਗਏ

ਸਿਰਾਂ ਦਾ ਇਕ ਹਜੂਮ ਜਿਹਾ

ਇਕ ਹੜ੍ਹ ਜਿਹਾ ਆ ਗਿਆ

ਉਹਦੇ ਸਾਂਹਵੇਂ-

ਉਹ ਪੈਗੰਬਰ ਜੋ

ਪਰਬਤ  ਟੀਸੀ ‘ਤੇ

ਸ਼ਾਂਤ, ਅਡੋਲ ਖੜਾ ਸੀ

ਉੱਪਰ ਵੱਲ ਤੱਕਦਾ !

 

ਝੁਕੇ ਹੋਏ ਸਿਰਾਂ ਦੇ ਕਾਫ਼ਲੇ ਨੂੰ

ਮੁਖਾਤਿਬ ਹੋ ਉਹ ਬੋਲਿਆ-

ਅੱਗੇ ਵਧੋ…

ਮੇਰੇ ਬਰਾਬਰ ਆਉ

ਪੈਰਾਂ ਨੂੰ ਧਰਤੀ ‘ਤੇ ਟਿਕਾਉ

ਇੰਞ ਮਹਿਸੂਸ ਕਰੋ ਕਿ

ਤੁਹਾਡਾ ਸਿਰ ਆਸਮਾਨ ਨੂੰ ਛੂਹ ਰਿਹੈ

ਤੇ ਬਾਹਾਂ ਨੂੰ ਇੰਞ ਫੈਲਾਉ

ਕਿ ਚਾਰੇ ਦਿਸ਼ਾਵਾਂ ਨਾਲ

ਤੁਹਾਡਾ ਕਲਾਵਾ ਭਰ ਗਿਐ !

 

ਆਪਣੀਆਂ ਨਜ਼ਰਾਂ ਨੂੰ

ਆਸਮਾਨ ਦੇ ਤਾਰਿਆਂ ਵਿਚ ਜੜ ਦੇਵੋ

ਆਪਣੇ ਹਿਰਦੇ ਵਿਚ

ਲੋਕਾਂ ਲਈ ਕਰੁਣਾ ਭਰ ਦੇਵੋ !

 

ਵਾਤਾਵਰਣ ਵਿਚ

ਆਪਣੇ ਸਾਹਾਂ ਦੀ

ਰਾਗਨੀ ਨੂੰ ਮਹਿਸੂਸ ਕਰੋ !

 

ਹੌਲੀ ਹੌਲੀ

ਆਪਣੇ ਤੀਜੇ ਨੇਤਰ ਨੂੰ ਖੁੱਲਣ ਦਿਉ

ਆਪਣੇ ਅੰਦਰਲੇ ਇਨਸਾਨ ਨੂੰ ਜਾਗਣ ਦਿਉ

ਤੇ ਫੇਰ

ਤੁਸੀਂ ਸਤਰੰਗੀ ਪੀਂਘ ‘ਤੇ ਚੜ੍ਹ

ਦਰਸ਼ਕ ਵਾਂਗ ਆਪਣੀ ਜਿੰਦਗੀ ਨੂੰ ਤੱਕੋ !

 

ਆਉ ਅੱਗੇ ਵਧੋ…

ਤੁਸੀਂ ਸਾਰੇ ਪੈਗੰਬਰ ਹੋ…

ਜ਼ਰਾ ਅੱਗੇ ਤਾਂ ਵਧੋ… !

                          “ਸ਼ਬਦਾਂ ਦੇ ਵਣਜਾਰੇ”

Slide1

ਭੁਪਿੰਦਰ ਦੁਲੇ ਪੰਜਾਬੀ ਗਜ਼ਲ ਦੀ ਅਗਲੀ ਪੀੜ੍ਹੀ ਦਾ ਸਮਰੱਥ ਸ਼ਾਇਰ ਹੈ।

ਉਸ ਦਾ ਸ਼ੁਮਾਰ ਉਨ੍ਹਾਂ ਪਰਵਾਸੀ ਗਜ਼ਲ-ਗੋਆਂ ਵਿੱਚ ਹੁੰਦਾ ਹੈ ਜਿਹੜੇ ਗਜ਼ਲ ਦੀ ਗਹਿਰਾਈ ਨੂੰ ਧੁਰ ਅੰਦਰ ਤੀਕ ਸਮਝਦਿਆਂ, ਇਹ ਜਾਣਦੇ ਹਨ ਕਿ ਇਹ ਸਿਰਫ ਸ਼ਬਦਾਂ ਦੀ ਮਿਕਨਾਤੀਸੀ ਹੀ ਨਹੀਂ, ਸਗੋਂ ਖਿ਼ਆਲ ਦੀ ਡੂੰਘਾਈ ਇਸ ਦਾ ਅਸਲ ਹਾਸਲ ਹੈ ਅਤੇ ਉਸ ਦੇ ਸ਼ੇਅਰਾਂ ਵਿੱਚ ਇਹ ਡੂੰਘਾਈ ਪਾਠਕ/ਸਰੋਤੇ ਨੂੰ ਪੜ੍ਹਨ/ਸੁਣਨ ਨੂੰ ਮਿਲਦੀ ਹੈ। ਦੁਲੇ ਦੀ ਗਜ਼ਲਕਾਰੀ ਦੀ ਪਰਪੱਕਤਾਂ ਨੂੰ ਦਰਸਾਉਂਦੀ ਉਸ ਦੀ ਇੱਕ ਗਜ਼ਲ ਹਾਜ਼ਰ ਹੈ-

 – ਤਲਵਿੰਦਰ ਮੰਡ (416-904-3500)

                                ਗਜ਼ਲ

ਆਪਣੇ ਘਰ ਨੂੰ ਤੁਰ ਗਿਆ ਸੂਰਜ, ਚੰਦ ਬੱਦਲਾਂ ਦੇ ਕੋਲ ਹੋ ਬੈਠਾ।

ਵੇਖ ਲੋਰੀ ਸੁਣਾ ਰਹੀ ਮਮਤਾ, ਖੁ਼ਆਬ ਨੈਣਾਂ ਦੇ ਕੋਲ ਹੋ ਬੈਠਾ।

 

ਨੂਰ ਦੇ ਨਾਲ ਭਰ ਗਿਆ ਕੋਈ, ਜੀਣ ਜੋਗਾ ਹੈ ਕਰ ਗਿਆ ਕੋਈ,

ਮੈਨੂੰ ਦੀਵਟ `ਤੇ ਧਰ ਗਿਆ ਕੋਈ, ਮੈਂ ਮਸ਼ਾਲਾਂ ਦੇ ਕੋਲ ਹੋ ਬੈਠਾ।

 

ਢੰਗ ਆਇਆ ਨਾ ਕੋਈ ਜੱਗ ਵਾਲਾ, ਰੱਬ ਮਿਲਿਆ ਨਾ ਇਸ਼ਕ ਦੀ ਮਾਲ,

ਵੇਖਿਆ ਮੈਂ ਸਫ਼ੇਦ ਜਾਂ ਕਾਲਾ, ਲੱਖ ਰੰਗਾਂ ਦੇ ਕੋਲ ਹੋ ਬੈਠਾ।

 

ਇੱਕ ਜਜ਼ਬਾ ਵੀ ਹੈ ਖੁਮਾਰੀ ਹੈ, ਸਾਹਵੇਂ ਅਸਮਾਨ ਦੀ ਸਵਾਰੀ ਹੈ,

ਬਿਨ ਪਰ੍ਹਾਂ ਦੇ ਜੋ ਇਹ ਉਡਾਰੀ ਹੈ, ਮੈਂ ਤਾਂ ਡਾਰਾਂ ਦੇ ਕੋਲ ਹੋ ਬੈਠਾ।

 

ਰੰਗ, ਮੌਸਮ, ਸੁਗੰਧ, ਬਰਸਾਤਾਂ, ਛੇੜ ਐਵੇਂ ਨਾ ਬੀਤੀਆਂ ਬਾਤਾਂ,

ਕਿੰਝ ਕੱਟੇਂਗਾ ਸੁੰਝੀਆਂ ਰਾਤਾਂ, ਦਿਲ ਜੇ ਯਾਦਾਂ ਦੇ ਕੋਲ ਹੋ ਬੈਠਾ।

 

Slide16

 

 

 

Advertisements