ਸ਼ਬਦਾਂ ਦੇ ਵਣਜਾਰੇ-ਗਿਆਨ ਸਿੰਘ ਦਰਦੀ

ਸ਼ਬਦਾਂ ਦੇ ਵਣਜਾਰੇ

ਗਿਆਨ ਸਿੰਘ ਦਰਦੀ ਇੱਕ ਧਾਰਮਿਕ ਸ਼ਖ਼ਸੀਅਤ ਹੋਣ ਕਰਕੇ ਉਸ ਦੀਆਂ ਰਚਨਾਵਾਂ ਵਿੱਚ ਅਕਸਰ ਹੀ ਕੋਈ ਨਸੀਅਤ ਸਮੋਈ ਹੁੰਦੀ ਹੈ। ਉਹ ਜਿ਼ੰਦਗੀ ਦੀ ਪ੍ਰੋੜ ਅਵਸਥਾ ਵਿੱਚੋਂ ਗੁਜ਼ਰਦਿਆਂ ਆਪਣੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਸਮਾਜ ਲਈ ਕੋਈ ਨਿੱਗਰ ਸੁਨੇਹਾ ਦਿੰਦਾ ਪ੍ਰਤੀਤ ਹੁੰਦਾ ਹੈ। ਦਰਦੀ ਦੀ ਗਜ਼ਲ ਦਾ ਰੰਗ ਉਸ ਵੇਲੇ ਹੋਰ ਨਿਖਰਿਆ ਜਦੋਂ ਉਸ ਨੇ ਉਸਤਾਦ ਗਜ਼ਲਗੋ ਮਹਿੰਦਰਦੀਪ ਗਰੇਵਾਲ ਤੋਂ ਇਸ ਦੇ ਵਿਧੀ-ਵਿਧਾਨ ਨੂੰ ਸਮਝਣ ਦੀ ਕੋਸਿ਼ਸ਼ ਕੀਤੀ। ਉਹ ਹੁਣ ਜਦੋਂ ਵੀ ਕਿਸੇ ਸ਼ੇਅਰ ਦੀ ਸਿਰਜਣਾ ਕਰਦਾ ਹੈ ਤਾਂ ਉਸ ਨੂੰ ਬਹਿਰ-ਬੰਦਿਸ਼ ਦੀ ਕਸਵੱਟੀ ਵਿਚੋਂ ਦੀ ਲੰਘਾ ਕੇ ਜ਼ਰੂਰ ਪਰਖਦਾ ਹੈ। ਗਿਆਨ ਸਿੰਘ ਦਰਦੀ ਦੀਆਂ ਗਜ਼ਲਾਂ ਮੁਕੰਮਲ ਬਹਿਰ ਵਿੱਚ ਬੱਝੀਆਂ ਹੁੰਦੀਆਂ ਹਨ। ਉਸ ਦਾ ਖਿਆਲ ਭਾਵੇਂ ਢਿੱਲਾ ਪੈ ਜਾਵੇ ਪਰ ਇਹ ਬਹਿਰ/ਤੋਲਂ ਤੋਂ ਬਾਹਰਾ ਨਹੀਂ ਹੋ ਸਕਦਾ, ਇਹ ਦਰਦੀ ਦੀ ਗਜ਼ਲਕਾਰੀ ਦੀ ਖਾਸ ਪ੍ਰਾਪਤੀ ਕਹੀ ਜਾ ਸਕਦੀ ਹੈ। ਉਸ ਦੇ ਸ਼ੇਅਰਾਂ ਦੇ ਵਿਸ਼ੇ ਬੜੇ ਹੀ ਸਰਲ, ਸਾਦੇ ਅਤੇ ਆਮ ਜਿੰ਼ਦਗੀ ਦੀ ਪਕੜ ਵਿੱਚ ਆਉਣ ਵਾਲੇ ਹੁੰਦੇ ਹਨ। ਉਹ ਇਸ ਗੱਲ ਦਾ ਵੀ ਧਾਰਨੀ ਹੈ ਕਿ ਕੋਈ ਵੀ ਲਿਖਤ ਬੋਝਲ ਨਹੀਂ ਹੋਣੀ ਚਾਹੀਦੀ ਅਤੇ ਜਨ-ਸਧਾਰਨ ਦੀ ਸਮਝ ਵਿੱਚ ਆਉਣ ਵਾਲੀ ਹੋਣੀ ਚਾਹੀਦੀ ਹੈ। ਇਸ ਲਈ ਦਰਦੀ ਨੂੰ ਧਰਤੀ ਨਾਲ ਜੁੜ੍ਹਿਆ ਸ਼ਾਇਰ ਵੀ ਕਿਹਾ ਜਾ ਸਕਦਾ ਹੈ। ਉਸ ਦੀ ਇੱਕ ਗਜ਼ਲ ਦਾ ਨਮੂੰਨਾ ਹਾਜ਼ਰ ਹੈ-

                     ਤਲਵਿੰਦਰ ਮੰਡ (416-904-3500)      

  ਗਜ਼ਲ

ਗਿਆਨ ਸਿੰਘ ਦਰਦੀ

Slide1

ਜਿਹੜੀ ਜ਼ੁਲਮ ਦਾ ਲੱਕ ਤੋੜ ਦਏ, ਕਰ ਕੇ ਕਾਰ ਮੈਂ ਆਇਆ ਹਾਂ

ਚਾਰੇ ਪੁੱਤਰ ਮਾਂ ਬਾਪ ਸਣੇ, ਦੇਸ਼ ਤੋਂ ਵਾਰ ਕੇ ਆਇਆ ਹਾਂ

ਕੀ ਹੋਇਆ ਜੇ ਝੱਖੜਾਂ ਨੇ ਹੈ, ਘਰ ਨੂੰ ਮੈਨੂੰ ਮੋੜ ਦਿੱਤਾ

ਬੇਘਰ ਹੋਇਆਂ ਦੁਖੀਆਂ ਦੇ ਮੈਂ, ਸੀਨੇ ਠਾਰ ਕੇ ਆਇਆ ਹਾਂ

ਜਦ ਤੱਕ ਜੋਸ਼ ਜੁਆਨੀ ਦਾ ਹੈ, ਜਦ ਤੱਕ ਜਾਨ ਹੈ ਜੁੱਸੇ ਵਿਚ

ਬੇਇਨਸਾਫੀ ਨਾਲ ਲੜਾਂਗਾ, ਦਿਲ ਵਿਚ ਧਾਰ ਕੇ ਆਇਆ ਹਾਂ

ਨੇਤਾ ਦੇ ਜੋ ਅੰਦਰ ਵੜ ਕੇ, ਜੰਤਾ ਨੂੰ ਨਿੱਤ ਡੱਸਦਾ ਸੀ

ਉਹ ਜ਼ਹਿਰੀਲਾ ਨਾਗ ਫਨੀਅਰ, ਜਾਨੋਂ ਮਾਰ ਕੇ ਆਇਆ ਹਾਂ

ਜਿੱਤਦਾ ਹਰਨਾ ਬਣਿਆਂ ਆਇਆ, ਪਰ ਮੈਂ ਤਾਂ ਵਿਚਕਾਰ ਰਿਹਾ

ਮੈਨੂੰ ਕੋਈ ਅਫਸੋਸ ਨਹੀਂ, ਕਿਹੜਾ ਹਾਰ ਕੇ ਆਇਆ ਹਾਂ?

ਜਿਸ ਸਾਗਰ ਵਿਚ ਤੂਫ਼ਾਨਾਂ ਨੇ, ਅੱਤ ਦਾ ਸ਼ੋਰ ਮਚਾਇਆ ਸੀ

ਕਾਗਜ਼ ਦੀ ਉਸ ਸਾਗਰ ਅੰਦਰ, ਬੇੜੀ ਤਾਰ ਕੇ ਆਇਆ ਹਾਂ

ਅੰਤ ਜਮਾਂ ਨੂੰ ਆਖਿਆ ‘ਦਰਦੀ’, ਚੱਲੋ ਜਿੱਥੇ ਚੱਲਣਾ ਹੁਣ

ਇਕ ਇਕ ਕਰਕੇ ਪਾਈ ਪਾਈ, ਕਰਜ਼ ਉਤਾਰ ਕੇ ਆਇਆ ਹਾਂ ।

Slide3

 

Advertisements