ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ

Truth is high but higher still is truthful living

ਆਦਿ ਕਾਲ ਤੋਂ ਹੀ ਇਸ ਮੁੱਦੇ ਤੇ ਗੱਲ ਹੁੰਦੀ ਆਈ ਹੈ,ਹੋ ਰਹੀ ਹੈ ਤੇ ਅੱਗੇ ਤੋਂ ਵੀ ਹੁੰਦੀ ਰਹੇਗੀ। ਹਰ ਯੁੱਗ ਵਿਚ ਕੁਝ ਯੁੱਗ-ਪੁਰਸ਼ ਹੁੰਦੇ ਹਨ। ਸੰਦੇਸ਼ ਤਾਂ ਕਈ ਹੁੰਦੇ ਹਨ ਪਰ ਜੋ ਸਮਾਜ ਦੀ ਮੁਹਾਰ ਹੀ ਬਦਲ ਦੇਵੇ,  ਉਸ ਸੰਦੇਸ਼ ਨੂੰ ਲੋਕਾਈ ਸਹਿਜ ਨਾਲ ਮੰਨ ਵੀ ਲੈਂਦੀ ਹੈ, ਉਸਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਵੀ ਬਣਾ ਲੈਂਦੀ ਹੈ ਤੇ ਇਸਦਾ ਗਵਾਹ ਇਤਿਹਾਸ ਹੈ।  ਵੈਸੇ ਤਾਂ ਸੰਵੇਦਨਾ ਨੂੰ ਕਿਸੇ ਗਵਾਹ ਦੀ ਲੋੜ ਨਹੀ ਹੁੰਦੀ ਭਾਵੇਂ ਉਹ ਗਵਾਹੀ, ਇਤਿਹਾਸ ਹੀ ਕਿਉਂ ਨਾ ਦਿੰਦਾ ਹੋਵੇ। ਇਤਿਹਾਸ ਤਾਂ ਘਟਨਾਵਾਂ ਦਾ ਰਿਕਾਰਡ ਹੁੰਦਾ ਹੈ ਤੇ ਉਸਦੀ ਤਾਸੀਰ ਨੂੰ ਸਾਂਭਣਾ, ਸਮਾਜ ਦਾ ਫਰਜ ਹੁੰਦਾ ਹੈ ਪਰ ਹਰ ਯੁੱਗ ਵਿਚ ਕੁਤਾਹੀ ਹੁੰਦੀ ਆਈ ਹੈ, ਨਹੀ ਤਾਂ ਕੋਈ ਕਾਰਣ ਨਹੀ ਕਿ ਸਮਾਜ ਵਿਚ ਇਤਨਾ ਨਿਘਾਰ ਆ ਜਾਵੇ ਕਿ ਜਗਿਆਸੂ ਵਿਅਕਤੀਆਂ ਨੂੰ ਨਵੇਂ ਸਿਰਿਉਂ ਉਹ ਲੜ ਫੜਣ ਲਈ ਮਜ਼ਬੂਰ ਹੋਣਾ ਪਵੇ ਜੋ ਖਿਸਕ ਗਿਆ ਹੈ।

ਯੋਰਪ ਦੇ ਇਤਿਹਾਸ ਵਿਚ ਜੋ  ਡੂੰਘਾ ਤੇ ਫੈਸਲਾਕੁੰਨ ਮੋੜ ਆਇਆ ਉਸਨੂੰ ਫਰੈਂਚ ਰਿਵੋਲੂਸ਼ਨ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ। ਇਹ 1789 ਦੇ ਸ਼ੁਰੂ ਤੋਂ ਲੈਕੇ 1790 ਦੇ ਅੰਤ ਦੇ ਸਮੇਂ ਦੌਰਾਨ ਦਾ ਹੈ। ਨੋਪੀਲਅਨ ਬੋਨਾਪਾਰਟੇ ਦੇ ਤਖਤ ਦਾ ਸਮਾਂ ਸੀ। ਇਸ ਸਮੇਂ ਦੌਰਾਨ ਫਰੈਂਚ ਦੇ ਨਾਗਰਿਕਾਂ ਨੇ ਦੇਸ਼ ਦੀ ਰਾਜਨੀਤੀ ਦਾ ਨਕਸ਼ਾ ਨਵੇਂ ਸਿਰਿਉਂ ਉਸਾਰਿਆ ਤੇ ਸਦੀਆਂ ਤੋਂ ਚਲੀ ਆ ਰਹੀਆਂ ਬਿਸਵੀ ਸੰਸਥਾਵਾਂ ਨੂੰ ਹੂੰਝ ਕੇ ਰੱਖ ਦਿੱਤਾ ਤੇ ਇਸ ਸ਼ੁਭ ਕਰਮ ਨੇ, ਬਾਦਸ਼ਾਹਤ ਅਤੇ ਜਗੀਰਦਾਰੀ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਲੋਕਾਂ ਨੇ ਸੁਖਾਵੀਂ ਜੀਵਨ-ਜਾਚ ਅਪਣਾ ਲਈ।

ਇਸ ਪਿੱਛੇ ਵੀ ਉਹ ਲੋਕ ਸਨ ਜਿਨ੍ਹਾਂ ਨੇ ਸੱਚ ਨੂੰ ਸਮਝਿਆ ਤੇ ਸੱਚ ਦੇ ਅਧਾਰ ਤੇ ਜੀਵਨ ਬਸਰ ਕਰਨ ਦਾ ਲੋਕ ਹੋਕਾ ਦਿੱਤਾ।

ਖਾਸ ਕਰਕੇ ਹਰਮਨ ਪਿਆਰੀ ਪ੍ਰਭੂਸਤਾ ਤੇ ਐਸੇ ਮੌਲਿਕ ਅਧਿਕਾਰ ਜੋ ਖੋਹੇ ਨਾ ਸਕਦੇ ਹੋਣ, ਜੋ ਨਾਗਰਿਕ ਦੇ ਹੋਣ।

ਅੱਜ ਫੇਰ ਉਹੋ ਸਮਾਂ ਹੈ ਜਦੋਂ ਨਾਗਰਿਕ ਦੇ ਅਧਿਕਾਰ,  ਤਰਸ ਵਾਲੀ ਹਾਲਤ ਵਿਚ ਹਨ।

ਅਸੀਂ ਸੱਚ ਤੇ ਸਚਾਈ ਤੋਂ ਦੂਰ ਹੋ ਗਏ ਹਾਂ। ਨਤੀਜਨ ਅਸੀਂ ਆਪਣੇ ਪੂਰਵਜ਼ਾਂ ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ  ਮੋੜ ਲਿਆ ਹੈ।

ਜੇ ਅਸੀਂ ਯਾਦ ਕਰੀਏ,  ਜ਼ਬਾਨ ਤੇ ਖਰਾ ਉਤਰਨਾ, ਗੁਆਂਢੀ ਹੀ ਨਹੀ ਸਗੋਂ ਸਾਰੇ ਪਿੰਡ ਨਾਲ ਪਿਆਰ ਕਰਨਾ ਤੇ ਉਨ੍ਹਾਂ ਤੋਂ ਆਪਣੇ ਨਿਜੀ ਹਿੱਤ ਵਾਰ ਦੇਣੇ,ਅਸੀਂ ਸੁਣੇ ਹੀ ਨਹੀ ਸਗੋਂ ਵੇਖੇ ਹਨ।

ਖੂਹ ਦੀਆਂ ਟਿੰਡਾਂ ਤੋਂ ਸ਼ਰਬਤ ਵਰਗਾ ਪਾਣੀ ਵਗਦਾ ਸੀ। ਸ਼ਤੂਤ ਦੀ ਛਾਂ,ਰਾਹੀ ਦੀ ਸਾਰੀ ਥਕਾਵਟ ਲਾਹ ਦਿੰਦੀ ਸੀ ਤੇ ਚੰਗੇਰ ਵਿਚ ਹਮੇਸ਼ਾਂ ਲਪੇਟੇ ਹੋਏ ਫੁਲਕੇ,ਪ੍ਰਾਹੁਣੇ ਦਾ ਇੰਤਜਾਰ ਕਰਦੇ ਸਨ। ਸਰਘੀ ਵੇਲੇ ਝਾਟੀ ਵਿਚਲੀ ਲੱਸੀ ਵੀ ਸਾਂਝੀ ਹੁੰਦੀ ਸੀ ਕੋਈ ਵੀ ਮੰਗ ਸਕਦਾ ਸੀ ਤੇ ਦੇਣ ਲਗਿਆਂ ਬੇਬੇ ਦੇ ਮੂੰਹ ਤੇ ਨੂਰ ਆ ਜਾਂਦਾ ਸੀ।

ਵਕਤ ਖਲੋ ਜਾਂਦਾ ਹੈ ਜਿਵੇਂ ਦਾ ਸਾਡਾ ਖਲੋ ਗਿਆ ਹੈ। ਲੋਕ ਨਾਪਸੰਦ ਕਰਦੇ ਹਨ ਪਰ ਚੁੱਪ ਹਨ। ਇੱਕ ਚੁੱਪ ਤੇ ਸੌ ਸੁਖ ਵਾਲਾ ਵਰਤਾਰਾ,ਸਮਾਜ ਨੂੰ ਰਸਾਤਲ ਵੱਲ ਲਿਜਾ ਰਿਹਾ ਹੈ।

ਸਮਾਜ ਰਸਾਤਲ ਵਲ ਕਿਉਂ ਜਾ ਰਿਹਾ ਹੈ ਇਸਦਾ ਕਾਰਣ ਉਹ ਭੁਲੀ ਹੋਈ ਜੀਵਨ-ਜਾਚ ਹੈ ਜੋ ਸਾਡੇ ਸਭਿਆਚਾਰ ਦੀ ਪਹਿਚਾਣ ਸੀ।

ਇਸ ਵਿਚ ਕੋਈ ਸ਼ਕ ਨਹੀ ਕਿ ਅੱਜ ਅਸੀਂ ਡੰਗ-ਟਪਾਊ ਹੋ ਗਏ ਹਾਂ। ਉਡਦੀ ਹੋਈ ਗਰਦ ਨੂੰ ਭਾਣਾ ਮੰਨਕੇ, ਸਿਰਫ ਬਚਾਵ ਦੀ ਮੁਦਰਾ ਵਿਚ ਆ ਗਏ ਹਾਂ।

ਸਾਡੇ ਹੀ  ਪਰਿਵਾਰ ਦੇ ਦੂਜੇ ਜੀਅ ਕਹਿੰਦੇ ਹਨ ਕਿ ਸਭ ਠੀਕ ਹੋ ਜਾਵੇਗਾ, ਚਿੰਤਾ ਕਿਉਂ ਕਰਦੇ ਹੋ?

ਸਾਨੂੰ ਭੁਲ ਗਿਆ ਹੈ ਕਿ ਕੀ ਠੀਕ ਨਹੀ ਹੈ। ਸੱਚ ਤੇ ਅਸੱਚ ਦਾ  ਫਰਕ ਮਿਟ ਗਿਆ ਹੈ।  ਫਰਕ ਸਿਰਫ ਸੱਚ ਤੇ ਝੂਠ ਵਿਚ ਹੀ  ਦਰਜ਼ ਹੈ।

ਗੁਰੂ ਨਾਨਕ ਦੇਵ ਜੀ ਦੇ ਯੁੱਗ ਵਿਚਲਾ ਸੱਚ,ਅਸੱਚ ਨੇ ਢਕ ਲਿਆ ਸੀ। ਸੱਚ ਕਦੇ ਵੀ ਦੋ ਧਿਰੀ ਨਹੀ ਹੁੰਦਾ। ਹਾਂ ਅੱਸਚ ਯਕੀਨਨ ਦੋ ਧਿਰੀ ਹੁੰਦਾ ਹੈ। ਅਸੱਚ ਵਿਚਲੀ ਤਾਸੀਰ ਨੂੰ ਗੁਰੂ ਨਾਨਕ ਦੇਵ ਜੀ ਨੇ ਪਹਿਚਾਣਕੇ ਹੀ ਸੱਚ ਦਾ ਗੱਲ ਕੀਤੀ ਤੇ ਸਮਾਜ ਵਿਚ ਸੁਧਾਰ  ਵੀ ਲਿਆਂਦਾ ਤੇ ਸਿਧਾਂਤ ਵੀ ਪੇਸ਼ ਕੀਤੇ। ਕਿਰਤ ਕਰੋ, ਵੰਡ ਛਕੋ ਅੱਜ ਵੀ ਉਤਨਾ ਹੀ  ਪ੍ਰਸੰਗਿਕ  ਹੈ।
ਸਿਧਾਂਤ ਨਾਲ ਹੀ ਉਹ ਜੀਵਨ-ਜਾਚ ਬਣਦੀ ਹੈ ਜਿਸਨੂੰ ਸਚੁ ਆਚਾਰੁ ਕਿਹਾ  ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਸਾਡੇ ਜਿਉਣ ਦਾ ਢੰਗ।

ਅੱਜ ਸਾਨੂੰ  ਇਸ ਸੱਚ ਅਧਾਰਿਤ ਜਾਚ ਦੀ ਬਹੁਤ ਲੋੜ ਹੈ।

ਸਮਝਣਾ ਪਵੇਗਾ ਕਿ ਜੀਣ ਥੀਣ ਦੀ ਇਹੋ ਤਹਜ਼ੀਬ ਹੈ। ਸਾਡਾ ਫਰਜ਼ ਹੈ ਕਿ ਅਸੀਂ  ਵਕਤ ਰਹਿੰਦਿਆਂ,ਆਪਣੀ ਅਮੀਰ ਤਹਜ਼ੀਬ  ਨੂੰ ਸੇਹਤਮੰਦ ਕਰਕੇ ਹੀ ਅਗਲੀ ਪੀੜੀ ਨੂੰ ਸੋਂਪੀਏ। ਨਹੀ ਤਾਂ ਨਵੀ ਪੀੜ੍ਹੀ ਸਾਨੂੰ ਉਲ੍ਹਾਮਾ ਦੇਵੇਗੀ।

ਸੱਭਿਆਚਾਰਕ ਵਿਰਾਸਤ ਪੀੜ੍ਹੀ ਤੋਂ ਪੀੜ੍ਹੀ ਤੱਕ ਪਹੁੰਚ ਕਰਦੀ ਹੈ। ਸਾਨੂੰ ਯਾਦ ਹੈ ਪਰ ਕੀ ਅਸੀਂ ਵਿਰਾਸਤ ਨੂੰ ਕੁਝ ਹਾਂ-ਪੱਖ ਦੇ ਰਹੇ ਹਾਂ ਕਿ ਅਗਲੀ ਪੀੜ੍ਹੀ ਉਸਨੂੰ ਯਾਦ ਵੀ ਰਖ ਸਕੇ ਤੇ ਮਾਣ ਵੀ ਕਰ ਸਕੇ?

ਅਫਰਾ ਤਫਰੀ ਨਵੀ ਦਿਸ਼ਾ ਦੀ ਭਾਲ ਵਿਚ ਹੈ। ਗਲੋਬਲ ਪਿੰਡ ਨੇ ਸਾਡੇ  ਰਸਦੇ ਵਸਦੇ ਪਿੰਡ ਖਾ ਲਏ ਹਨ। ਇਸਦਾ ਇੱਕੋ ਇੱਕ ਬਦਲ ਲੋਕ-ਚੇਤਨਾ ਹੈ।

ਅਸਲ ਵਿਚ ਰਸਤੇ ਐਸੇ ਹਨ ਜੋ ਮੰਡੀ ਵਲ ਜਾਂਦੇ ਹਨ, ਵਹਿੰਦੇ ਪਾਣੀਆਂ ਵਾਂਗ।

 

ਵਿਰਾਸਤੀ  ਤਲਾਸ਼ ਜਾਰੀ ਹੈ ਇਸੇ ਲਈ ਅਸੀਂ ਅੱਜ ਇਕਠੇ ਹੋਏ ਹਾਂ।

ਸਿਸਟਮ ਦਾ ਸੰਦਰਭ ਸਾਡਾ ਸਮਾਜਿਕ ਜੀਵਨ ਹੈ ਨਾਂ ਕਿ ਕਿਸੇ ਦੇਸ਼ ਦੀ ਸਰਕਾਰ ਵਲੋਂ ਉਸਾਰਿਆ ਮਕੜ-ਜਾਲ।

ਕੁਝ ਵੀ ਬਦਲਣ ਦੀ ਲੋੜ ਨਹੀ ਹੈ ਜੋ ਹੈ ਉਸਨੂੰ ਸਾਂਭਣ ਦੀ ਲੋੜ ਹੈ। ਇਹ ਅਸੰਭਵ ਜਿਹਾ ਲਗਦਾ ਹੈ। ਹੈ ਵੀ ਮੁਸ਼ਕਲ ਪਰ ਅਸੰਭਵ ਕੁਝ ਵੀ ਨਹੀ ਹੁੰਦਾ ਤੇ ਇਹ ਸਭ ਹੌਲੀ ਹੌਲੀ ਹੀ ਹੋਣਾ ਹੈ। ਇਸ ਲਈ ਸਿਰਫ ਆਪਣੇ ਹੱਕਾਂ ਤੇ ਪਹਿਰਾ ਦੇਣ ਦੀ ਤੇ ਗੁਆਂਢੀ ਨਾਲ ਪਿਆਰ ਕਰਨ ਦੀ ਲੋੜ ਹੈ। ਅੱਜ ਸਾਨੂੰ ਲੋੜ ਹੈ ਕਲ ਨੂੰ ਗੁਆਂਢੀ ਦੀ ਲੋੜ ਹੈ।

ਸਹੀ ਦਿਸ਼ਾ ਵਿਚ ਜੀਣਾ ਥੀਣਾ ਕੀ ਹੈ  ਤੇ ਸਾਡੀ ਅਗਲੀ ਪੀੜੀ ਕਿਵੇਂ ਦਾ ਜੀਵੇਗੀ,ਕੀ ਉਹ ਉਲਾਂਭਾ ਤੇ ਨਹੀ ਦੇਵੇਗੀ? ਇਸ ਭਵਿਖੀ ਜੀਵਨ-ਜਾਚ ਨੇ ਉਲਾਂਭੇ ਪੈਦਾ ਕਰ ਦਿੱਤੇ ਹਨ।

ਵਿਰੋਧ ਤੋਂ ਬਚਦੇ ਅਸੀਂ ਖੁਦ ਦੀ ਜ਼ਮੀਰ ਦੇ ਹੀ ਵਿਰੋਧੀ ਬਣ ਜਾਂਦੇ ਹਾਂ। ਸਾਹਿਤ  ਦੇ ਰਣਤੱਤੇ ਵਿਚ ਤੇ ਸਾਡਾ  ਵਿਰਸਾ ਹੋਣਾ ਚਾਹੀਦਾ ਹੈ ਤੇ ਉਸਦੀ ਪ੍ਰਫੁਲਤਾ ਲਈ ਯਕੀਨਨ ਸਾਡੀ ਸਰਬ-ਸੋਚ ਵੀ ਨਿੱਗਰ ਹੋਣਾ ਚਾਹੀਦੀ ਹੈ।

ਅਸੀਂ ਪਹਿਲੇ ਹੀ ਅਚੇਤ ਵਿਚ ਵਸੇ ਹੋਏ ਪ੍ਰਭਾਵਾਂ  ਨਾਲ ਗੱਲ ਕਰਦੇ ਹਾਂ। ਸਾਡੀ ਆਗਾਮੀ ਸੋਚ, ਅਚੇਤ ਸੋਚ ਨਾਲ ਜਰਬਾਂ ਦੇਕੇ ਹੀ ਕੋਈ ਨੁਕਤਾ ਸੋਚਦੀ ਹੈ।

ਆਪਣੀ ਈਗੋ ਨੂੰ ਸੰਤੁਸ਼ਟ ਕਰਨ ਲਈ ਅਸੀਂ ਕਦੇ ਕਦੇ ਆਪਣੇ ਆਪ ਨੂੰ ਵੀ ਮੰਨਣ ਤੋਂ ਇਨਕਾਰੀ ਹੁੰਦੇ ਹਾਂ। ਦੂਜੇ ਸ਼ਬਦਾਂ ਵਿਚ ਨਵਾਂ ਗ੍ਰਹਿਣ ਹੀ ਨਹੀ ਕਰਨਾ ਚਾਹੁੰਦੇ। ਸਾਨੂੰ ਅਕਸਰ ਹਰ ਦਿਨ ਨਵੇਂ ਮੌਕੇ ਮਿਲਦੇ ਹਨ, ਨਵਾਂ ਸਿਖਣ ਲਈ। ਆਸੇ ਪਾਸੇ ਵਿਚਰਦੀ ਦੁਨੀਆਂ ਪਰਾਈ ਨਹੀ ਹੁੰਦੀ ਪਰ ਅੱਖਾਂ ਤੋਂ ਪੱਟੀ ਉਤਾਰਨ ਦੀ ਹਿੰਮਤ ਨਹੀ ਹੁੰਦੀ। ਖਦਸ਼ਾ ਹਾਜ਼ਰ ਹੁੰਦਾ ਹੈ ਕਿ ਕੌਣ ਇਤਨੀ ਰੌਸ਼ਨੀ ਬਰਦਾਸ਼ਤ ਕਰੇਗਾ? ਗੰਧਾਰੀ, ਸਾਡੇ ਰਗ ਰਗ ਵਿਚ ਵਸੀ ਹੋਈ ਹੈ।

ਵਿਅਕਤੀ ਆਪਣੇ ਅੰਦਰ ਧਸੇ ਹੋਏ ਤੇ ਖੋਪੜੀ ਵਿਚ ਉਣੇ ਹੋਏ ਰੇਸ਼ਿਆਂ ਨੂੰ ਬਚਾ ਕੇ ਰਖਦਾ ਹੈ। ਸੋਚ-ਤਕਨੀਕ ਨੂੰ ਦਿਲ ਤੇ ਮੰਨਦਾ ਹੈ ਪਰ ਦਿਮਾਗ ਦੀ ਖਲਬਲੀ ਬਹੁਤੀ  ਬਲਵਾਨ ਹੁੰਦੀ ਹੈ।

ਐਸਾ ਨਹੀ ਹੈ ਕਿ ਕੁਝ ਹੋ ਨਹੀ ਸਕਦਾ, ਬਿਲਕੁਲ ਹੋ  ਸਕਦਾ ਹੈ ਪਰ ਉਹਦੇ ਲਈ ਆਪਣੇ  ਆਪ ਨੂੰ ਐਸੇ ਵਰਤਾਰੇ ਤੋਂ ਨਿਰਲੇਪ ਕਰਨਾ ਪਵੇਗਾ। ਸਾਡੇ ਕੋਲ ਆਪਣੇ ਪੁਰਖਿਆਂ ਦਾ ਸਿਰਜਿਆ ਹੋਇਆ ਮਾਡਲ ਮੌਜੂਦ ਹੈ। ਉਹ ਮਾਡਲ ਸਾਡੇ ਅਚੇਤ ਵਿਚ ਵਸਿਆ ਹੋਇਆ ਹੈ ਪਰ ਦੁਨਿਆਂਦਾਰੀ ਦੇ ਸੁਚੇਤ ਵਰਤਾਰਿਆਂ ਨੇ ਉਸਨੂੰ ਦੂਸ਼ਿਤ ਕਰ ਦਿੱਤਾ ਹੈ। ਐਸਾ ਵੀ ਨਹੀ ਕਿ ਅਸੀਂ ਨਵੀਆਂ ਪ੍ਰਸਥਿਤੀਆਂ ਨੂੰ ਨਜ਼ਰ ਅੰਦਾਜ਼ ਕਰ ਦੇਈਏ। ਕਈ ਵਾਰ ਸਮਝੌਤੇ ਵੀ ਕਰਨੇ ਪੈਂਦੇ ਹਨ ਪਰ ਇਹ ਸਮਝੌਤੇ ਸੱਚ ਤੇ ਅਧਾਰਿਤ, ਸਿਧਾਂਤ ਦੇ ਅਨੁਸਰਣੀ ਤੇ ਵਰਤਮਾਨ ਦੇ ਹਾਣੀ ਹੋਣੇ ਚਾਹੀਦੇ ਹਨ। ਸਾਨੂੰ ਉਸ ਅਧਾਰ ਦੀ ਬੌਟਮ ਲਾਈਨ ਉਲੰਘਣੀ ਨਹੀ ਚਾਹੀਦੀ ਜੋ ਸਾਡੇ ਸਭਿਆਚਾਰ ਦੇ ਅਨੁਕੂਲ ਨਾ ਹੋਵੇ।

ਜੋ ਜਨਮ ਤੋਂ ਹੀ ਸੰਸਕਾਰਾਂ ਸਮੇਤ ਸਾਡੇ ਵਿਚ ਰਚਿਆ ਹੋਇਆ ਹੈ। ਵਕਤ ਦੀ ਧੂੜ ਨੇ ਉਸਨੂੰ ਮੈਲਾ ਕਰ  ਦਿੱਤਾ ਹੈ। ਸਚੁ ਆਚਾਰੁ ਸਾਡੇ ਅੰਦਰ ਹੈ ਪਰ ਅਸੀਂ ਹੀ ਅਵੇਸਲੇ ਹਾਂ।

ਸੋਚ-ਹਲੂਣਾ ਇਹ ਗੱਲ ਤਸਲੀਮ ਕਰਨ ਵਿਚ ਕੋਈ ਹਰਜ਼ ਨਹੀ ਸਮਝਦਾ ਕਿ ਸਾਡੇ ਸੰਸਕਾਰਾਂ ਤੇ ਜੰਮੀ ਧੂੜ ਨੇ ਸਾਡਾ ਫੱਕਾ ਨਹੀ ਛਡਣਾ।

ਇਹ ਆਸ ਰਖਣੀ  ਹੀ ਨਹੀ ਚਾਹੀਦੀ ਕਿ ਕੋਈ ਐਨ ਮਨੋਰਥ ਤੇ ਤਰਕ ਨਾਲ ਹੀ ਗੱਲ ਕਰੇਗਾ।

ਸਾਂਝੀ ਸੋਚ ਨੂੰ ਭਰਮ ਨਾਲ ਨਹੀ ਜੋੜ ਦੇਣਾ ਚਾਹੀਦਾ। ਇਹ ਸਮੇ ਸਮੇ ਸਮੂਹਿਕ ਹੁੰਦੀ ਆਈ ਹੈ ਤੇ ਇਸ ਇਕਾਗਰਤਾ ਦੀ ਸਾਨੂੰ ਲੋੜ ਹੈ।

ਇਸ ਇਕਸਾਰਤਾ ਦਾ ਧੁਰਾ ਉਹ ਜੀਵਨ-ਜਾਚ ਹੈ  ਜੋ ਸਾਡਾ ਵਿਰਸਾ ਰਹੀ ਹੈ ਤੇ ਹੁਣ ਪੇਤਲੀ ਪੈਂਦੀ ਜਾ ਰਹੀ ਹੈ।

ਸਾਡੇ ਕੋਲ ਇੱਕ ਸੋਚ ਆ ਪਹੁੰਚੀ ਹੈ ਕਿ ਸਰਕਾਰਾਂ ਕੁਝ ਨਹੀ ਕਰਦੀਆਂ। ਅਸੀਂ ਥਿੜਕੇ ਹੋਏ ਕਿਸੇ ਇੱਕ ਪਾਰਟੀ ਨਾਲ ਜੁੜ ਕੇ ਕੋਈ ਆਸ ਪੈਦਾ ਕਰ ਲੈਂਦੇ ਹਾਂ। ਇਹ ਭੁਲ ਜਾਂਦੇ ਹਾਂ ਕਿ ਨਿੱਕੀਆਂ ਨਿੱਕੀਆਂ ਛਾਨਣੀਆਂ ਨੇ ਸਾਡਾ ਆਲਾ ਦੁਆਲਾ ਧੁਆਂਖ ਦਿੱਤਾ ਹੈ। ਛਾਨਣੀਆਂ ਦਾ ਇਹ ਢੇਰ ਯਕਮੁੱਕਤ ਮਨਫੀ ਨਹੀ ਹੋ ਸਕਦਾ। ਸਾਨੂੰ ਤੇ ਇੱਕ ਇੱਕ ਛਾਨਣੀ ਦੀ ਪੁਣਛਾਣ ਕਰਨੀ ਪਵੇਗੀ। ਇਹ ਲੋੜ ਮੇਰੇ ਗੁਆਂਢੀ ਦੀ ਹੈ, ਉਹ ਕਰੇ ਤਾਂ ਹੀ ਮੇਰਾ ਸਾਹ ਸੌਖਾ ਹੋ ਸਕਦਾ ਹੈ। ਅਸੀਂ ਉਸ ਗੁਆਂਢੀ ਨੂੰ ਸਹੂਲਤ ਦੇ ਸਕਦੇ ਹਾਂ ਕਿ ਉਹ ਆਪਣੇ ਵਿਹਾਰ ਵਿਚ ਕੋਈ ਤਬਦੀਲੀ ਲਿਆਵੇ। ਗੁਆਂਢੀ ਤੇ ਲਾਈਆਂ ਪਾਬੰਧੀਆਂ,ਸਾਡੀਆਂ ਆਪਣੀਆਂ ਹਨ। ਸਾਡੇ ਵਿਚ ਹੀ ਨਿਘਾਰ ਹੈ ਸਾਨੂੰ ਉਸ ਨਿਘਾਰ ਦੀ ਪਹਿਚਾਣ ਕਰਨੀ ਪਵੇਗੀ।  ਗੁਆਂਢੀ ਨੂੰ ਪੁੱਛਣਾ ਪਵੇਗਾ ਕਿ ਉਸਦੀ ਲੋੜ ਕੀ ਹੈ?  ਕਿਤੇ ਉਸਨੂੰ  ਸਾਡੀ ਲੋੜ ਤੇ ਨਹੀ?

ਗੁਆਂਢੀ ਦਾ ਕੇਲੇ ਦਾ ਛਿਲਕਾ, ਸੜਕ ਤੇ ਸੁਟਿਆ ਸਾਨੂੰ ਚੁੱਕਣਾ ਪਵੇਗਾ। ਇੰਝ  ਹੁੰਦਾ ਆਇਆ ਹੈ ਤੇ ਇਹ ਹੋ ਸਕਦਾ ਹੈ।

ਇਹ ਹੀ ਹੈ ਦੋਸਤੀ ਦੀ ਉਹ ਰਿਸ਼ਤਗੀ ਜਿਸਨੇ ਸਾਡੇ ਸੋਚਣ ਸਮਝਣ ਤੇ ਪਾਬੰਧੀ ਲਗਾ ਦਿੱਤੀ ਹੈ। ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ। ਮਾਨਸਿਕ ਗੱਲ ਇਹ ਹੈ ਕਿ ਗੁਆਂਢੀ ਦੀ  ਇਹ ਮਰਜੀ ਨਹੀ ਹੈ।

ਉਸਨੇ ਇਹ ਗੱਲ ਅਸਿਧੇ ਰੂਪ ਵਿਚ, ਸਾਡੇ ਕੋਲੋਂ ਹੀ ਸਿਖੀ ਹੋਵੇਗੀ।

ਸਾਨੂੰ ਇਹ ਗੱਲ ਤਸਲੀਮ ਕਰ ਲੈਣੀ ਚਾਹੀਦੀ ਹੈ ਕਿ ਦੋਸਤੀਆਂ ਦੀ ਤਲਾਸ਼ ਅਜੇ ਖਤਮ ਨਹੀ ਹੋਈ।

ਇਸ ਬੁਨਿਆਦ ਨੂੰ ਹਕੀਕਤ ਮੰਨਕੇ ਬਹੁਤ ਕੁਝ ਕੀਤਾ ਜਾ ਸਕਦਾ ਹੈ ਤੇ ਇਸਦੀ ਲੋੜ ਅੱਜ ਤੋਂ ਵਧ ਕਦੇ ਵੀ ਨਹੀ ਸੀ।

ਅੱਜ ਅਸੀਂ ਨਿੱਕੇ ਨਿੱਕੇ ਫਾਇਦਿਆਂ ਦੀ ਖਾਤਰ,ਆਦਰਸ਼ਾਂ ਦਾ ਕਤਲ ਕਰ ਰਹੇ ਹਾਂ।

ਦੋਸਤੋ ਅੱਜ ਸਾਡਾ ਨਿੱਜਵਾਦ ਆਲਸੀ ਤੇ ਅਰਾਮ ਪ੍ਰਸਤ ਹੋ ਗਿਆ ਹੈ। ਐਸਾ  ਨਿੱਜਵਾਦ ਚੌਰਾਹੇ ਵਿਚ ਆਕੇ ਇਨਸਾਨੀਅਤ ਦਾ ਨੁਕਸਾਨ ਕਰੇਗਾ।

ਹੁਣ ਇਹ ਵੇਖਣ ਵਾਲੀ ਗੱਲ ਹੈ ਕਿ ਤੁਹਾਡੀ ਮਰਜੀ ਦਾ ਕਰਮ ਕੀ ਹੈ? ਕੀ ਤੁਸੀਂ ਕਿਸੇ ਦ੍ਰਿੜ ਕਥਨ ਕਹਿੰਣ ਵਾਲੇ ਤੇ ਸੁਨਣ ਵਾਲੇ ਹੋ? ਬਹੁਤੇ ਲੋਕ ਇਸਤਰ੍ਹਾਂ ਨਹੀ ਸੋਚਦੇ।  ਵਜ਼ੂਦ ਸੋਚਦਾ ਹੈ,ਜੋ ਮਿਲ ਗਿਆ ਸੱਚ ਬਚਨ, ਜੋ ਦਿਸ ਰਿਹਾ ਸੱਤ ਬਚਨ। ਜੋ ਮਹਿਸੂਸ ਹੋ ਰਿਹਾ, ਉਸਦਾ ਮਜਾ ਲਵੋ। ਜੋ ਦੁਖ ਦੇ ਰਿਹਾ ਹੈ ਉਸਤੋਂ ਅੱਖਾਂ ਬੰਦ ਕਰ ਲਵੋ। ਕਾਰਣ  ਇਹ ਹੈ ਕਿ ਸਭਿਆਚਾਰਕ, ਰੀੜ ਦੀ ਹੱਡੀ ਕਮਜੋਰ ਪੈ ਗਈ ਹੈ।

ਅਸੀਂ ਇੱਕ ਨਵਾਂ ਸ਼ਬਦ ਘੜ ਲਿਆ ਹੈ—ਯਥਾਰਥ।

ਯਥਾਰਥ  ਦੇ ਤਸਲੇ ਵਿਚ ਅਸੀਂ ਆਪਣੀ ਜੀਵਨ-ਜਾਚ ਉੱਲਦ ਦਿੱਤੀ ਹੈ। ਕੀ ਇੰਝ ਨਹੀ ਹੋ ਸਕਦਾ ਕਿ ਆਦਰਸ਼  ਨੂੰ ਸਮਝ ਕੇ ਉਸਨੂੰ ਯਥਾਰਥ ਨਾਲ ਜਰਬਿਆ ਜਾਵੇ ਜਾਂ ਉਸ ਯਥਾਰਥ ਨੂੰ ਨਿਕਾਰ  ਦਿੱਤਾ ਜਾਵੇ ਜਿਸ ਵਿਚ ਆਦਰਸ਼ ਨਾ ਹੋਵੇ?

ਖੋਜ ਬਹੁਤ ਜ਼ਰੂਰੀ ਹੈ, ਬਿਨ੍ਹਾਂ ਖੋਜ ਤੋਂ ਉਲਝਾ ਹੀ ਉਲਝਾ ਹੈ। ਸਿਧੇ ਪਾਣੀ ਸਾਨੂੰ ਕਦੇ ਵੀ  ਸਚੁ ਆਚਾਰੁ ਵਲ ਲੈਕੇ ਨਹੀ ਜਾਣਗੇ। ਜੋ ਹੋ ਰਿਹਾ ਹੈ ਇਹ ਸਾਡੇ ਅਨੁਕੂਲ ਨਹੀ ਤੇ ਕਿਉਂ ਅਨੁਕੂਲ ਨਹੀ ਇਹ ਸਮਝਣ ਦੀ ਲੋੜ ਹੈ।

ਅਸਲ ਵਿਚ,ਸਭਿਆਚਾਰ  ਨਾਲ ਜੁੜਿਆ ਸਿੱਧਾ ਰਸਤਾ ਤਾਂ ਬਹੁਤ ਔਖਾ ਹੋ ਗਿਆ ਹੈ। ਗਲੋਬਲ ਪਿੰਡ ਦੇ ਨਵੇਂ ਨਵੇਂ ਵਿਚਾਰ,ਸਾਡੇ ਘੜੇ ਹੋਏ ਨਹੀ ਹਨ ਪਰ ਨੁਕਸਾਨ ਸਭਤੋਂ ਬਹੁਤਾ ਸਾਡਾ ਹੀ ਕਰ ਰਹੇ ਹਨ।

ਸਾਡੇ ਤੋਂ ਭਾਵ ਹਰ ਉਸ ਸਭਿਆਚਾਰ  ਤੋਂ ਹੈ ਜੋ ਕਿਸੇ ਸਮੇਂ,ਸਥਿਤੀ ਤੇ ਭੂਗੋਲਿਕ ਪ੍ਰਸਥਿਤੀਆਂ ਅਨੁਸਾਰ,  ਧਰਤੀ ਦੇ ਕਿਸੇ ਵੀ ਖਿੱਤੇ ਵਿਚ ਪਨਪਿਆ ਹੈ। ਹਰ ਸਭਿਆਚਾਰ ਵਿਚ ਖਿੱਤੇ ਦੀ ਜ਼ਮੀਨੀ ਹਕੀਕਤ ਹੁੰਦੀ ਹੈ। ਉਸ ਹਕੀਕਤ ਨੂੰ ਰੱਦ ਨਹੀ ਕੀਤਾ ਜਾ ਸਕਦਾ ਪਰ ਕਾਰਪੋਰੇਟ ਦੇ ਵਿਰਾਟ ਰੂਪ ਨੇ ਧਾਵਾ ਬੋਲਿਆ ਹੋਇਆ ਹੈ।  ਉਹ ਸਿਰਫ ਆਪਣਾ ਨਫਾ ਵੇਖਦਾ ਹੈ ਭਾਵੇਂ ਯੂਨੈਸਿਕੋ ਨੇ ਇਸ ਬਾਰੇ ਡਾਇਸ ਵੀ ਬਣਾਇਆ ਹੈ ਪਰ ਇਸਦਾ ਪ੍ਰਭਾਵ ਦਿਸ ਨਹੀ ਰਿਹਾ।

ਅੱਜ ਫੋਕਸ ਵਿਚ ਮਨੁੱਖ ਨਹੀ ਸਗੋਂ ਵਸਤੂ ਹੈ। ਆਪਣੇ ਫਾਇਦੇ ਦੀ ਖਾਤਰ ਉਨ੍ਹਾਂ ਨੇ ਮਨੁੱਖ ਨੂੰ ਵਸਤੂ ਬਨਾਉਣ ਲਈ ਟਿੱਲ ਲਾਇਆ ਹੋਇਆ ਹੈ ਤੇ ਸਾਡੇ ਕੋਲ ਕੋਈ ਚਾਰਾ ਦਿਸਦਾ ਨਹੀ।

ਇਸਦਾ ਮੁੱਢਲਾ ਕਾਰਣ ਇਹ ਹੀ ਹੈ ਕਿ ਅੱਜ ਸਾਡਾ  ਗੁਆਂਢੀ, ਸਾਡੇ ਲਈ ਅਜਨਬੀ ਹੋ  ਗਿਆ ਹੈ।

ਆਉ ਉਨ੍ਹਾਂ ਛਾਨਣੀਆਂ ਨੂੰ ਇੱਕ ਇੱਕ ਕਰਕੇ ਉਤਾਰੀਏ। ਆਪਸੀ ਸਮਝ ਪੈਦਾ ਕਰੀਏ,ਆਪਣੀ ਲੋੜ ਨੂੰ ਇੱਕ  ਪਲੇਟਫਾਰਮ ਤੇ ਲਿਆਈਏ। ਕਰਿੰਗੜੀਆਂ ਪਾਕੇ ਆਪਣੇ ਪਿੰਡ ਨੂੰ ਬਚਾਈਏ।

ਧੀ ਦੇ ਵਿਆਹ ਲਈ ਮੰਜੇ ਇੱਕਠੇ ਕਰੀਏ।

ਸਾਡੀਆਂ ਪਗਡੰਡੀਆਂ ਗੁਆਚੀਆਂ ਨਹੀ ਹਨ,ਸਿਰਫ ਧੂੜ ਨਾਲ ਅੱਟੀਆਂ ਗਈਆਂ ਹਨ।

ਸਾਡੇ ਅੰਦਰੋਂ,ਅਲੋਪ ਹੋਇਆ ਮਨੁੱਖ ਇਸਦੀ ਕਾਮਨਾ ਕਰਦਾ ਹੈ,ਸਿਰਫ ਸਾਨੂੰ ਤੇਜ ਰੌਸ਼ਨੀ ਵਿਚ ਵਿਖਾਈ ਨਹੀ ਦੇ ਰਿਹਾ।

ਇਹ ਆਲੋਪ ਹੋਇਆ ਮਨੁੱਖ ਤੀਜਾ ਪਾਤਰ ਨਹੀ ਹੈ, ਮੈ ਵੀ ਹਾਂ, ਤੁਸੀਂ ਵੀ ਹੋ ਤੇ ਸਾਡੇ ਵਰਗੇ ਹੋਰ ਵੀ ਕਈ ਹਨ।

ਸੱਚ ਸਰਗੁਣ ਹੈ ਪਰ ਸਚਾਈ ਉਪਰ ਕਾਇਮ ਹੋਈ ਜੀਵਨ-ਜਾਚ, ਸਭਤੋਂ ਉੱਤਮ ਹੈ।ਇਹ ਮਾਰਗ ਹੀ ਅਸਲ ਹੈ ਤੇ ਇਸਦਾ ਕੋਈ ਵੀ ਵਿਕਲਪ ਨਹੀ ਹੈ।

 

 

 

 

Advertisements

ਸਮਾਜ ਵਿਚਲੀ ਅਰਾਜਕਤਾ

ਸਮਾਜ ਵਿਚਲੀ ਅਰਾਜਕਤਾ

ਮੰਡੀ ਵਲ ਮਨੁੱਖ ਨਹੀ ਤੁਰ ਰਿਹਾ, ਅਸਲ ਵਿਚ ਰਸਤੇ ਹੀ ਐਸੇ ਹਨ ਜੋ ਮੰਡੀ ਵਲ ਜਾਂਦੇ ਹਨ, ਵਹਿੰਦੇ ਪਾਣੀਆਂ ਵਾਂਗ।

ਨਾਂ ਚਾਹੁੰਦੇ ਹੋਏ ਵੀ, ਤਨਾਵਾਂ ਨਾਲ ਭਰਿਆ ਅੱਜ ਦਾ ਇਨਸਾਨ, ਦਿਸਦਾ ਇੰਝ ਹੈ ਜਿਵੇਂ ਉਸਨੂੰ ਕੋਈ ਮਖੌਟਾ ਪਾਇਆ ਹੋਵੇ ਪਰ ਇਹ ਸੱਚ ਨਹੀ। ਮਖੋਟੇ ਪਾਉਣੇ ਉਸਦੀ ਮਰਜ਼ੀ ਨਹੀ, ਲੋੜ ਹੈ।

ਹਾਂ ਜੀ ਬਿਲਕੁਲ ਰਾਜੀਨੀਤੀਵਾਨਾਂ ਵਾਂਗ। ਭੂਤਕਾਲ ਦੀਆਂ ਭਾਵਕ ਤਸਵੀਰਾਂ ਪੇਸ਼ ਕਰੇਗਾ ਜਿਨ੍ਹਾ ਦਾ ਸਿਵਾਏ ਉਸਦੇ ਨਿੱਜ ਦੇ ਹੋਰ ਕੋਈ ਅਰਥ ਨਹੀ ਹੁੰਦਾ। ਜਿਉਂ ਹੀ ਮਤਲਬ ਨਿਕਲ ਗਿਆ, ਸਮਝ ਲਵੋ ਸਿਲੈਕਸ਼ਨ ਜਿਤ ਲਈ, ਉਹ ਤੁਹਾਡੇ ਸਿਰ ਤੇ ਬੈਠ ਕੇ ਤੁਹਾਨੂੰ ਹੋਰ ਵੀ ਨਿਸਲ ਕਰੇਗਾ। ਇਹ ਨਿਸਲ ਕਰਨ ਵਾਲਾ ਕੋਈ ਹੋਰ ਨਹੀ ਸਗੋਂ ਤੁਹਾਡਾ ਆਪਣਾ ਆਪਾ ਹੀ ਹੈ ਜਿਸਨੇ ਕੋਈ ਹੋਰ ਨਾਮ ਧਾਰਨ ਕੀਤਾ ਹੋਇਆ ਹੈ।Slide1

ਇਹ ਹੀ ਹੈ ਦੋਸਤੀ ਦੀ ਉਹ ਰਿਸ਼ਤਗੀ ਜਿਸਨੇ ਸਾਡੇ ਸੋਚਣ ਸਮਝਣ ਤੇ ਪਾਬੰਧੀ ਲਗਾ ਦਿੱਤੀ ਹੈ। ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ। ਮਾਨਸਿਕ ਗੱਲ ਇਹ ਹੈ ਕਿ ਇਹ ਉਸਦੀ ਮਰਜੀ ਨਹੀ ਹੈ। ਜੇ ਮਰਜ਼ੀ ਹੁੰਦੀ ਤਾਂ ਉਹ ਦੋਸਤੀਆ ਦੀ ਤਲਾਸ਼ ਖਤਮ ਕਰ ਦਿੰਦਾ। ਅਸਲ ਵਿਚ ਵਹਿੰਦੇ ਪਾਣੀਆਂ ਦੇ ਖਿਲਾਫ ਚਲਣਾ, ਉਸਦਾ ਆਦਰਸ਼ਿਕ ਸੁਪਨਾ ਹੈ ਪਰ ਯਥਾਰਥ ਨਹੀ। ਯਥਾਰਥ ਦਾ ਰੱਥ ਤਾਂ ਮੰਡੀ ਕੋਲ ਹੈ। ਲੋਕ ਨਿੱਕੇ ਨਿੱਕੇ ਫਾਇਦਿਆਂ ਦੀ ਖਾਤਰ,ਆਦਰਸ਼ਾਂ ਦਾ ਕਤਲ ਕਰ ਰਹੇ ਹਨ।

ਦੋਸਤੋ ਸੌਖੇ ਸ਼ਬਦ ਹਨ ਨਿੱਜਵਾਦ, ਇੱਕ ਐਸਾ ਕਮਰਾ ਹੈ ਜੋ ਸਿਰਫ ਤੁਹਾਡੇ ਅਰਾਮ ਕਰਨ ਲਈ ਹੁੰਦਾ ਹੈ। ਜਦੋਂ ਵੀ ਤੁਹਾਡਾ ਜਾਂ ਮੇਰਾ ਜਾਂ ਕਿਸੇ ਹੋਰ ਦਾ ਨਿੱਜਵਾਦ ਚੌਰਾਹੇ ਵਿਚ ਆਵੇਗਾ, ਸਮਾਜ ਦਾ ਵੀ , ਦੋਸਤੀ ਦਾ ਵੀ ਤੇ ਇਨਸਾਨੀਅਤ ਦਾ ਵੀ ਨੁਕਸਾਨ ਕਰੇਗਾ।

ਹੁਣ ਇਹ ਵੇਖਣ ਵਾਲੀ ਗੱਲ ਹੈ ਕਿ ਤੁਹਾਡੀ ਮਰਜੀ ਦਾ ਕਰਮ ਕੀ ਹੈ? ਕੀ ਤੁਸੀਂ ਕਿਸੇ ਦ੍ਰਿੜ ਕਥਨ ਕਹਿੰਣ ਵਾਲੇ ਤੇ ਸੁਨਣ ਵਾਲੇ ਹੋ? ਬਹੁਤੇ ਲੋਕ ਇਸਤਰ੍ਹਾਂ ਨਹੀ ਸੋਚਦੇ। ਅਸਲ ਵਿਚ ਸੱਚ ਤੇ ਹੈ ਕਿ ਬਹੁਤੇ ਲੋਕ ਇਹੋ ਜਿਹੇ ਪੰਗਿਆਂ ਵਿਚ ਪੈਂਦੇ ਹੀ ਨਹੀ ਹਨ। ਜੋ ਮਿਲ ਗਿਆ ਸੱਚ ਬਚਨ, ਜੋ ਦਿਸ ਰਿਹਾ ਸੱਤ ਬਚਨ। ਜੋ ਮਹਿਸੂਸ ਹੋ ਰਿਹਾ, ਉਸਦਾ ਮਜਾ ਲਵੋ। ਜੋ ਦੁਖ ਦੇ ਰਿਹਾ ਹੈ ਉਸਤੋਂ ਅੱਖਾਂ ਬੰਦ ਕਰ ਲਵੋ। ਕਾਰਣ  ਇਹ ਹੈ ਕਿ ਰੀੜ ਦੀ ਹੱਡੀ ਹੈ ਹੀ ਨਹੀ।Slide9

ਜਿਸ ਕੋਲ ਅਹੰਮ ਹੈ ਉਸ ਬਾਰੇ ਸੋਚੋ ਕਿ ਉਸਨੂੰ ਅਪਣਾ ਕੇ ਫਾਇਦਾ ਹੈ ਜਾਂ ਦੁਰਕਾਰ ਕੇ ਫਾਇਦਾ ਹੈ। ਉਨ੍ਹਾ ਦੀ ਨਜ਼ਰ ਵਿਚ ਉੱਚੀ ਦੁਕਾਨ ਕਦੇ ਵੀ ਫਿੱਕਾ ਨਹੀ ਪਰੋਸ ਸਕਦੀ ਪਰ ਉੱਚੀ ਦੁਕਾਨ ਨੂੰ ਪਤਾ ਹੁੰਦਾ ਹੈ ਕਿ ਇਹ ਬਾਲਕੇ, ਜੋ ਉਸਦੇ ਆਸੇ ਪਾਸੇ ਹਨ ਇਨ੍ਹਾ ਦੀ ਔਕਾਤ ਕੀ ਹੈ?

ਦੂਜੇ ਤਰ੍ਹਾਂ ਦੇ ਲੋਕ ਉਹ ਹਨ ਜੋ ਅਹੰਮ ਨੂੰ ਯਕੀਨੀ ਤੌਰ ਤੇ ਨਹੀ ਲੈਂਦੇ ਬਲਕਿ ਉਨ੍ਹਾ ਨੇ ਮਲਮੇ ਚੜਾਏ ਹੁੰਦੇ ਹਨ ਤੇ ਉਹ ਵੀ ਜ਼ਮੀਨ ਨਾਲ ਜੁੜੇ ਹੋਏ ਨਹੀ ਹੁੰਦੇ ਤੇ ਰਾਜ ਕਰਨ ਦੀ ਲਾਲਸਾ ਨਾਲ ਬਝੇ ਹੁੰਦੇ ਹਨ ਉਹ ਹੋਰ ਵੀ ਖਤਰਨਾਕ ਹੁੰਦੇ ਹਨ ਸਮਾਜ ਲਈ। ਸ਼ੌਰਟ ਕਟੀਏ ਤਾਂ ਸੱਪ ਦੀ ਕੁੰਜ ਨੂੰ ਵੀ ਸੰਵੇਦਨਾ ਸਮਝ ਲੈਂਦੇ ਹਨ।

ਇਹ ਇਸ ਲਈ ਕਿ ਉਨ੍ਹਾਂ ਦੀ ਕਮਾਈ ਅਹੰਮ ਤੱਕ ਪਹੁੰਚੀ ਹੀ ਨਹੀ ਹੁੰਦੀ ਤੇ ਉਹ ਸਿਰਫ ਭਰਮ ਵਿਚ ਹੀ ਸਿਟਿਉਂ ਸਿਟੀ ਹੋਏ ਹੁੰਦੇ ਹਨ ਕਦੇ ਵੀ ਸੱਚ ਨਹੀ ਬੋਲਣਗੇ। ਹਮੇਸ਼ਾਂ ਤੁਹਾਨੂੰ ਵਰਤਣ ਦੀ ਤਾਕ ਵਿਚ ਰਹਿੰਣਗੇ। ਕਮਾਲ ਇਸ ਗੱਲ ਦਾ ਹੈ ਕਿ ਤੁਸੀਂ ਜੋ ਕੁਝ ਸੋਚਦੇ ਨਹੀ, ਵਰਤਣ ਲਈ ਸੈਕੰਡਰੀ ਤੌਰ ਤੇ ਤਿਆਰ ਹੀ ਰਹਿੰਦੇ ਹੋ ਜਿਵੇਂ ਬੈਂਡ ਵਾਲੇ ਹੁੰਦੇ ਹਨ ਬਸ ਇਸ਼ਾਰਾ ਮਿਲਣਾ ਹੈ ਤੇ ਸੰਗੀਤ ਸ਼ੁਰੂ ਕਰ ਦੇਣਾ।

Slide2

ਕੁਲਵੰਤ ਸਿੰਘ  ਵਿਰਕ ਨਾਲ ਮੁਲਾਕਾਤ

ਕੁਲਵੰਤ ਸਿੰਘ  ਵਿਰਕ ਨਾਲ ਮੁਲਾਕਾਤ

ਇਹ ਗੱਲ ਅੱਜ ਜ਼ਹਿਨ ਵਿਚ ਆਈ ਤੇ ਤੁਹਾਡੇ ਨਾਲ ਸਾਂਝੀ ਕਰਨ ਨੂੰ ਜੀਅ ਕੀਤਾ। ਜ਼ਿੰਦਗੀ ਵਿਚ ਕੁਝ ਲੋਕ ਮਿਲਦੇ ਹਨ ਉਹ ਹੁੰਦੇ ਨਹੀ ਹਨ ਜੋ ਉਹ ਦਿਸਦੇ ਹਨ। ਆਪਣੇ ਦਿਸਣ ਦੇ ਅੰਦਾਜ਼ ਤੋਂ ਉਨਾਂ ਦਾ ਵੇਖਰੇਵਾਂ ਹੁੰਦਾ ਹੈ। ਇਹ ਸਮਝ ਆਉਣ ਵਾਲੀ ਗੱਲ ਹੈ ਤੇ ਬੇਫਿਕਰੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਦੁਨੀਆਂ ਵਿਚ ਹਰ ਭਾਂਤ ਦੇ ਲੋਕ ਮੌਜੂਦ ਹਨ। ਸਿਰਫ ਉਨਾਂ ਬਾਰੇ ਸਹੀ ਤਸਵੀਰ ਜਾਣ ਲੈਣੀ ਹੀ ਕਾਫੀ ਹੁੰਦੀ ਹੈ। ਕਹਿੰਦੇ ਹਨ ਕਿ ਸਮਝ ਲੈਂਦੇ ਹਾਂ ਮਜ਼ਬੂਨ ਨੂੰ ਲਿਫਾਫਾ ਵੇਖਕੇ। ਦੂਜੇ ਸ਼ਬਦਾਂ ਵਿਚ ਕਿਤਾਬ ਦੇ ਕਵਰ ਤੋਂ ਉਸ ਬਾਰੇ ਅੰਦਾਜ਼ਾ ਲਾ ਲੈਣਾ, ਜਿੱਥੇ ਭਰਮ ਸਿਰਜ ਦਿੰਦਾ ਹੈ ਉੱਥੇ ਤੁਹਾਡਾ ਸਮਾਂ ਵੀ ਦਾਅ ਤੇ ਲੱਗ ਜਾਂਦਾ ਹੈ। ਕਿਸੇ ਵਿਦਵਾਨ ਨੇ ਕਿਹਾ ਸੀ ਕਿ ਮੈਂ ਕਿਤਾਬਾਂ ਨਹੀ ਪੜ੍ਹਦਾ ਸਿਰਫ ਚੰਗੀਆ ਕਿਤਾਬਾਂ ਹੀ ਪੜ੍ਹਦਾ ਹਾਂ।

ਇਸਤੋਂ ਪਹਿਲਾਂ ਕਿ ਗੱਲ ਦਾ ਮੰਥਨ ਸਮਝ ਆਵੇ, ਤੁਹਾਨੂੰ ਇੱਕ ਐਸੀ ਗਾਥਾ ਦਸਦਾ ਹਾਂ ਜਿਸ ਵਿਚ ਇੱਕ ਵਿਅਕਤੀ ਨਾਲ ਮੇਰੀ ਮੁਲਾਕਾਤ ਹੋਈ।

ਬਹੁਤ ਸਾਰੇ ਲੇਖਕਾਂ ਦੇ ਇੱਕਠ ਵਿਚ ਜਾਣ ਦਾ ਮੌਕਾ ਅਕਸਰ ਮਿਲਦਾ ਰਹਿੰਦਾ ਹੈ।

ਸੁਆਲ ਵੀ ਉਤਪੰਨ ਹੁੰਦੇ ਹਨ। ਸੁਆਲ  ਵੀ ਠਰਦੇ ਹਨ  ਉਨ੍ਹਾਂ ਦੇ ਜੁਆਬ ਸੁਣਕੇ ਪਰ ਕਈ ਵਾਰੀ ਕੁਝ ਵਿਚ ਵਿਚਾਲੇ ਦੇ ਲੋਕ ਤੁਹਾਡੀ ਮਨਸ਼ਾ ਨੂੰ ਸਮਝ ਹੀ ਨਹੀ ਸਕਦੇ। ਜਦ ਕਿ ਸਮਝ ਕੋਈ ਰਾਕੇਟ ਸਾਇੰਸ ਵੀ ਨਹੀ ਹੁੰਦੀ, ਉਨ੍ਹਾ ਦਾ ਮਕਸਦ ਹੀ ਹੋਰ ਹੁੰਦਾ ਹੈ। ਉਹ ਤੁਹਾਡੇ ਸੁਆਲ ਤੋਂ ਡਰ ਜਾਂਦੇ ਹਨ ਕਿਉਂਕਿ ਇਹ ਸੁਆਲ ਉਨ੍ਹਾਂ ਦੇ ਜ਼ਹਿਨ  ਵਿਚ  ਉੱਘਿਆ  ਹੀ ਨਹੀ ਹੁੰਦਾ।  ਉਹ ਉਸ ਤਾਸੀਰ  ਤੱਕ ਪਹੁੰਚੇ ਹੀ ਨਹੀ ਹੁੰਦੇ ਤੇ ਨਾਂਹ ਹੀ ਉਸ ਵਡੇ ਲੇਖਕ ਬਾਰੇ ਉਨ੍ਹਾਂ ਦੀ ਕੋਈ ਸਮਝ ਹੁੰਦੀ ਹੈ।

ਉਹ ਖਿਚ  ਲਿਆਂਉਂਦੇ ਹਨ,ਸੁਆਲ ਤੇ ਜੁਆਬ ਨੂੰ, ਰੜੇ ਹੀ ਜਿੱਥੇ ਉਹ ਅਸਾਨੀ ਨਾਲ ਰੋੜੇ ਮਾਰ ਸਕਣ।ਜਦੋਂ ਗੁੰਜਾਇਸ਼ ਖਤਮ ਹੋ ਜਾਵੇ ਤਾਂ ਅਫਸੋਸ ਵੀ ਦਮ ਤੋੜ ਦਿੰਦਾ ਹੈ।

ਬਹੁਤ ਹੀ ਚੁਪਚਾਪ ਰਹਿੰਣ ਵਾਲੇ ਲੋਕ, ਆਪਣੇ ਅੰਦਰ ਭਾਵਨਾਵਾਂ ਦਾ ਅੰਬਾਰ ਸਮੋਈ ਬੈਠੇ ਹੁੰਦੇ ਹਨ, ਉਹ ਹਮੇਸ਼ਾਂ ਹੀ ਕੁਝ ਕਹਿੰਣ ਲਈ ਉਤਸੁਕ ਰਹਿੰਦੇ ਹਨ, ਇਸੇ ਲਈ ਉਹ ਐਸੇ ਮੌਕੇ ਭਾਲਦੇ ਹਨ ਜਿਨ੍ਹਾਂ ਤੋਂ ਉਨ੍ਹਾ ਨੂੰ ਸਹੀ ਸੇਧ ਮਿਲੇ। ਉਹ ਬਹੁਤ ਸੰਵੇਦਨਸ਼ੀਲ ਵੀ ਹੁੰਦੇ ਹਨ। ਜਿਨ੍ਹਾਂ ਵਿਚ ਵਿਸ਼ਵਾਸ਼ ਦੀ ਘਾਟ ਆਪਣੀ ਚਰਮ ਸੀਮਾ ਤੇ ਹੁੰਦੀ ਹੈ ਉਹ ਹੀ ਤਿੜਕਮ ਲੜਾਉਂਦੇ ਹਨ। ਚੁਪ ਉਨ੍ਹਾਂ ਕੋਲ ਵੀ ਹੁੰਦੀ ਹੈ ਪਰ ਉਹ ਚੁੱਪ, ਹਮੇਸ਼ਾਂ ਬਾਹਰ ਆਉਣ ਨੂੰ ਤਰਲੋਮੱਛੀ ਹੁੰਦੀ ਹੈ। ਚੁੱਪ ਦੀ ਪਹਿਲੀ ਪਰਤ ਤਾਂ ਸਹਿਜਤਾ ਵਿਚ ਹੀ ਹੋਣੀ ਚਾਹੀਦੀ ਹੈ।

ਇਹ ਆਪਾ ਵਿਰੋਧੀ ਵਿਚਾਰਾਂ ਦੀਆ ਬਹੁਤ ਹੀ ਉਦਾਹਰਣਾਂ ਹਨ, ਕੁਝ ਸਿਖਾਉਣ ਵਾਲੀਆਂ ਤੇ ਕੁਝ ਵਜੂਦ ਬਚਾਉਣ ਵਾਲੀਆਂ। ਇੱਕ ਉਦਾਹਰਣ ਕੁਝ ਇਸਤਰ੍ਹਾਂ ਹੈ—-

ਇੱਕ ਐਸਾ ਪੰਛੀ ਜੋ ਉੱਚਾ ਉਡਿਆ ਹੋਵੇ ਤੇ ਕਦੇ ਤੁਹਾਡੇ ਬਨੇਰੇ ਤੇ ਵੀ ਬੈਠਾ ਹੋਵੇ, ਤੁਹਾਡਾ ਬਨੇਰਾ ਭਾਵੇਂ ਕੱਚੀ ਮਿੱਟੀ ਦਾ ਹੀ ਕਿਉਂ ਨਾ ਹੋਵੇ ਉਹ ਸਦਾ ਲਈ ਤੁਹਾਡੀਆਂ ਰਗਾਂ ਵਿਚ ਵਸ ਜਾਂਦਾ ਹੈ। ਇਸ ਦਾ ਇੱਕ ਨੁਕਸਾਨ ਵੀ ਹੈ। ਤੁਹਾਡੀਆਂ ਧਾਰਨਾਵਾਂ ਸ਼ਹਿਨਸ਼ਾਹੀ ਹੋ ਜਾਂਦੀਆਂ ਹਨ। ਜਰਾ ਜਿੰਨੀ ਵੀ ਉਣੀ ਗੱਲ ਤੁਹਾਨੂੰ ਤੰਗ ਕਰਦੀ ਹੈ।

ਹੁਣ ਜਦੋਂ ਕੁਲਜੀਤ ਨੂੰ ਕੁਲਵੰਤ ਸਿੰਘ ਵਿਰਕ ਸਹਿਜਤਾ ਨਾਲ ਮਿਲਿਆ ਹੋਵੇ ਤਾਂ ਕੁਲਜੀਤ ਦੀ ਤੱਵਕੋ,ਆਪਣਾ ਅਚੇਤ ਉਸਾਰ ਲੈਂਦੀ ਹੈ। ਉਹ ਸਮਝਣ ਲੱਗ ਪੈਂਦਾ ਹੈ ਕਿ ਬਾਕੀ ਵਡੇ ਲੋਕ ਵੀ ਇੰਝ ਦੇ ਹੀ ਹੋਣਗੇ। ਹੋਣੇ ਵੀ ਚਾਹੀਦੇ ਹਨ।

 

ਸੰਨ 1984-85 ਦੀ ਗੱਲ ਹੈ। ਉਦੋਂ ਅਸੀਂ ਵਿਲਸਨ ਐਵੀਨਿਉ ਰਹਿੰਦੇ ਸਾਂ। ਵਿਲਸਨ ਤੇ ਬੈਥਰਸਟ ਦੇ ਚੌਰਾਹੇ ਕੋਲ। ਇਹ ਇੱਕ ਤਿੰਨ ਮੰਜਿਲਾ ਅਪਾਰਟਮੈਂਟ ਬਿਲਡਿੰਗ ਸੀ ਤੇ ਅਸੀਂ ਦੂਜੀ ਮੰਜਿਲ ਦੇ ਪੰਜ ਨੰਬਰ ਅਪਾਰਟਮੈਂਟ ਵਿਚ ਰਹਿੰਦੇ ਸਾਂ। ਪੁਰਾਣੀ ਬਿਲਡਿੰਗ, ਕਾਕਰੋਚਾਂ ਨਾਲ ਭਰੀ ਹੋਈ। ਜਿਤਨੇ ਮਰਜੀ ਮਾਰੀ ਜਾਵੋ। ਅਗਲੇ ਹਫ਼ਤੇ ਫਿਰ ਉਤਨੇ ਹੀ ਹੋ ਜਾਂਦੇ।

ਕਵਰਡ ਵਿਚ ਸਲ੍ਹਾਬ, ਜਿੱਥੇ ਵਰੀ ਦੇ ਸੂਟ ਵੀ ਖਰਾਬ ਹੋ ਗਏ ਪਰ ਕਿਰਾਇਆ ਥੋੜਾ ਸੀ। ਸ਼ਾਇਦ ਤਿੰਨ ਸੌਂ ਡਾਲਰ ਸੀ,ਦੋ ਰੂਮਾਂ ਦੇ ਇਸ ਯੁਨਿਟ ਦਾ। ਸਨੋ ਦਾ ਵਕਤ ਸੀ ਤੇ ਮੈਂ ਆਫਟਰ-ਨੂਨ ਸ਼ਿਫਟ ਕਰਦਾ ਸੀ। ਸਾਡੇ ਘਰ ਦੇ ਬਿਲਕੁਲ ਸਾਹਮਣੇ ਅਖਬਾਰਾਂ ਦੇ ਬਕਸੇ ਸਨ। ਟਰਾਂਟੋ ਸਟਾਰ, ਟਰਾਂਟੋ ਸਨ ਤੇ ਗਲੋਬ ਐਂਡ ਮੇਲ ਦੇ। ਇੱਕ ਸਰਦਾਰ ਨੀਲੀ ਪੱਗ ਬੰਨ੍ਹੀ ਉੱਥੇ ਆਉਂਦਾ ਤੇ ਕੁਆਟਰ ਪਾਕੇ ਟਰਾਂਟੋ ਸਟਾਰ ਕਢਕੇ ਲੈ ਜਾਂਦਾ।

ਉਨ੍ਹਾਂ ਦਿਨਾਂ ਵਿਚ ਪੂਰਨ ਗੁਰਸਿੱਖ ਉਸ ਇਲਾਕੇ ਵਿਚ ਬਹੁਤ ਘਟ ਸਨ। ਕਦੇ ਕਦੇ ਹੀ ਕੋਈ ਦਿਖਾਈ ਦਿੰਦਾ ਸੀ। ਦਿਲ ਕਰਦਾ ਸੀ ਕੋਈ ਮਿਲੇ ਤੇ ਉਸ ਨਾਲ ਗਲਬਾਤ ਕੀਤੀ ਜਾਵੇ। ਦੂਜੇ ਤੀਜੇ ਦਿਨ ਮੈਂ ਫੈਸਲਾ ਕੀਤਾ ਕਿ ਤਿਆਰ ਰਹਿੰਣਾ ਹੈ ਤੇ ਜਦੋਂ ਵੀ ਸਰਦਾਰ ਜੀ ਆਉਂਣ, ਉਨ੍ਹਾਂ ਨੂੰ ਜਾਕੇ ਮਿਲਣਾ ਹੈ। ਉਹ ਆਏ ਤੇ ਮੈਂ ਬਾਹਰ ਜਾਕੇ ਮਿਲਿਆ। ਬੜੇ ਤਪਾਕ ਨਾਲ ਮਿਲੇ। ਮੈਂ ਘਰ ਆਉਂਣ ਦਾ ਸੱਦਾ ਦਿੱਤਾ ਤਾਂ ਬੋਲੇ, “ਅੱਜ ਨਹੀ, ਕਲ ਆਵਾਂਗਾ। ” ਅਖਬਾਰ ਲੈਕੇ ਚਲੇ ਗਏ। ਮੈਂ ਅਗਲੇ ਦਿਨ ਉਡੀਕ ਰਿਹਾ ਸੀ। ਉਹ ਆਏ ਤੇ ਸਿਧੇ ਹੀ ਬਕਸਿਆਂ ਦੀ ਬਜਾਇ ਮੇਰੇ ਘਰ ਵੱਲ ਵੇਖਣ ਲੱਗ ਪਏ।

ਮੈਂ ਸ਼ੀਸ਼ੇ ਵਿਚੋਂ ਹੀ ਸੈਨਤ ਮਾਰੀ ਤੇ ਉਹ ਆ ਗਏ। ਅਸੀਂ ਇੱਕਠਿਆਂ ਚਾਹ ਪੀਤੀ। ਜਾਣ ਲਗਿਆਂ ਮੈਂ ਕਿਹਾ ਕਿ ਤੁਸੀਂ ਆ ਜਾਇਆ ਕਰੋ। ਉਹ ਬੋਲੇ, “ਬੇਟਾ ਮੇਰਾ ਤੇ ਕੋਈ ਨਹੀ ਪਰ ਮੇਰੀ ਪਤਨੀ ਦਾ ਦਿਲ ਨਹੀ ਲਗਦਾ। ਅਸੀਂ ਆਪਣੀ ਬੇਟੀ ਕੋਲ ਠਹਿਰੇ ਹੋਏ ਹਾਂ।” ਮੈਂ ਕਿਹਾ ਕੋਈ ਗੱਲ ਨਹੀ ਤੁਸੀਂ ਸ਼ਨੀਵਾਰ ਆ ਜਾਇਉ, ਮੇਰੀ ਪਤਨੀ ਘਰ ਹੁੰਦੀ ਹੈ, ਆਪਾਂ ਦੋਵਾਂ ਨੂੰ ਮਿਲਾ ਦਿਆਂਗੇ।

ਸ਼ਨੀਵਾਰ ਦੋਵੇਂ ਜੀਅ ਆ ਗਏ। ਅਸੀਂ ਸਾਰਿਆਂ ਰਲਕੇ ਲੰਚ ਕੀਤਾ। ਉਸਤੋਂ ਬਾਦ ਉਨ੍ਹਾਂ ਦੀ ਪਤਨੀ ਮੇਰੀ ਪਤਨੀ ਨੂੰ ਹਰ ਰੋਜ਼ ਫੋਨ ਕਰਨ ਲੱਗ ਪਈ। ਹਫਤੇ ਕੁ ਬਾਦ ਹੀ ਮੇਰੀ ਸਸ ਵੀ ਸਾਡੇ ਕੋਲ ਵੈਨਕੂਵਰ ਤੋਂ ਆ ਗਏ। ਹੁਣ ਤਿੰਨਾਂ ਦਾ ਜੁਟ ਬਣ ਗਿਆ ਸੀ। ਮਿਲਦਿਆਂ ਗਿਲਦਿਆਂ ਤਿੰਨ ਹਫਤੇ ਬੀਤ ਚੁੱਕੇ ਸਨ। ਸਵੇਰੇ ਅਖਬਾਰ ਲੈਣ ਆਏ ਕਦੇ ਆ ਜਾਂਦੇ ਤੇ ਕਦੇ ਦੂਰੋਂ ਹੀ ਫਤਿਹ ਬੁਲਾਕੇ ਚਲੇ ਜਾਂਦੇ।

ਉਸ ਦਿਨ ਐਤਵਾਰ ਸੀ। ਬੀਬੀਆਂ ਨੇ ਸਲਾਹ ਬਣਾਈ ਹੋਈ ਸੀ ਘਰੇ ਪਿੰਨੀਆ ਬਨਾਉਣ ਦੀ। ਰਾਸ਼ਨ ਸ਼ਨੀਵਾਰ ਹੀ ਇੱਕਠਾ ਕਰ ਲਿਆ ਸੀ। ਦਸ ਕੁ ਵਜੇ ਉਨ੍ਹਾ ਦੀ ਕਾਰਵਾਈ ਸ਼ੁਰੂ ਹੋ ਗਈ। ਬਾਰਾਂ ਵਜੇ ਸਰਦਾਰ ਜੀ ਵੀ ਆ ਗਏ। ਅਸੀਂ ਦੋਵੇਂ ਟੀਵੀ ਦੇਖ ਰਹੇ ਸਾਂ, ਚਾਹ ਦੇ ਕੱਪ ਹੱਥਾਂ ਵਿਚ ਸਨ ਕਿ ਅਚਾਨਕ ਮੈਂ ਪੁੱਛਿਆ, “ਅੰਕਲ ਇਤਨੇ ਦਿਨ ਹੋ ਗਏ, ਲਗਦੈ ਮਹੀਨਾ ਹੀ ਬੀਤ ਗਿਆ ਪਰ ਅਜੇ ਤੱਕ ਮੈ ਤੁਹਾਡਾ ਨਾਮ ਨਹੀ ਪੁੱਛਿਆ। ਉਹ ਬੋਲੇ, “ ਕੁਲਜੀਤ, ਮੇਰਾ ਨਾਮ ਕੁਲਵੰਤ ਸਿੰਘ ਵਿਰਕ ਹੈ।”

ਮੈਂ ਕੋਈ ਬਹੁਤਾ ਧਿਆਨ ਨਹੀ ਦਿੱਤਾ। ਬੇਧਿਆਨੀ ਵਿਚ ਹੀ ਕਿਹਾ, “ਵਾਹ ਬੜਾ ਵਧੀਆ ਨਾਮ ਹੈ। ਇਸ ਨਾਮ ਦਾ ਤੇ ਇੱਕ ਪੰਜਾਬੀ ਲੇਖਕ ਵੀ ਹੈ।”

ਉਹ ਬੋਲੇ, “ਹਾਂ ਬੇਟਾ ਮੈ ਹੀ ਹਾਂ ਉਹ।” ਤੁਸੀਂ ਅੰਦਾਜਾ ਲਾ ਸਕਦੇ ਹੋ ਕਿ ਇਸ ਗੱਲ ਨਾਲ ਮੇਰੇ ਤੇ ਕੀ ਅਸਰ ਹੋਇਆ ਹੋਵੇਗਾ। ਉਨ੍ਹਾਂ ਦਿਨ ਵਿਚ ਮੈਂ ਲਿਖਦਾ ਨਹੀ ਸੀ। ਸੰਜੀਦਾ ਪਾਠਕ ਵੀ ਨਹੀ ਸੀ। ਬਸ ਲੇਖਕ ਦਾ ਹੋਣਾ ਮੇਰੇ ਲਈ ਸ਼ਰਧਾ ਭਾਵ ਸੀ। ਮੈਂ ਆਪਣੀ ਜਗ੍ਹਾ ਤੋਂ ਉੱਠਿਆ ਤੇ ਉਨ੍ਹਾ ਦੇ ਪੈਰੀਂ ਹੱਥ ਲਾਇਆ। ਮੇਰੇ ਇਸ ਕਾਰਜ ਨੂੰ ਮੇਰੀ ਪਤਨੀ ਨੇ ਵੇਖਿਆ। ਮੇਰੇ ਮੂੰਹ ਵਿਚੋਂ ਕੋਈ ਗੱਲ ਨਹੀ ਨਿਕਲ ਰਹੀ ਸੀ।

ਦਿਲ ਕਰਦਾ ਸੀ ਕਿ ਆਪਣੇ ਪੁਰਾਣੇ ਯੂਜਡ ਖਰੀਦੇ ਸੋਫੇ ਨੂੰ ਬਾਹਰ ਸੁਟ ਦੇਵਾਂ। ਜਿਸਤੇ ਮੈਂ ਇਨ੍ਹਾ ਨੂੰ ਬਠਾਲ ਰਖਿਆ ਹੈ। ਇਹ ਵੀ ਪਤਾ ਨਹੀ ਬੀਤੇ ਮਹੀਨੇ ਵਿਚ ਕਿਤੇ ਕੋਈ ਹਲਕੀ ਗੱਲ ਹੀ ਨਾ ਕੀਤੀ ਹੋਵੇ। ਮੇਰੇ ਇਸ ਜਜ਼ਬਾਤੀ ਰੌੰਅ ਨੂੰ ਵੇਖਕੇ ਮੈਨੂੰ ਕੁਲਵੰਤ ਸਿੰਘ ਵਿਰਕ ਨੇ ਆਪਣੇ ਕਲਾਵੇ ਵਿਚ ਲੈ ਲਿਆ। “ਤੁਸੀਂ ਦਸਿਆ ਹੀ ਨਹੀ! ”

“ਲੈ ਇਹਦੇ ਵਿਚ ਦਸਣ ਵਾਲੀ ਕਿਹੜੀ ਗੱਲ ਸੀ?” ਮੈਂ ਉਹ ਦਿਨ ਗਿਣ ਰਿਹਾ ਸੀ ਜੋ ਮੈਂ ਸਰਦਾਰ ਜੀ ਨਾਲ ਬਿਤਾਏ ਸਨ ਬਿਨ੍ਹਾਂ ਜਾਣੇ ਕਿ ਇਹ ਇਤਨਾ ਵਡਾ ਲੇਖਕ ਮੇਰੇ ਨਾਲ ਚਾਹ ਪੀ ਰਿਹਾ ਹੈ। ਮੇਰੇ ਬਾਰੇ ਜਾਣਕਾਰੀ ਲੈ ਰਿਹਾ ਹੈ। ਮੈਨੂੰ ਆਪਣੀ ਪੜ੍ਹਾਈ ਜਾਰੀ ਰਖਣ ਦੀ ਤਾਕੀਦ ਕਰ ਰਿਹਾ ਹੈ। ਇਕ ਵਾਰ ਵੀ ਉਨ੍ਹਾਂ ਨੇ ਆਪਣਾ ਤੇ ਕੀ ਕਹਾਣੀ ਵਿਧਾ ਬਾਰੇ ਵੀ ਕੋਈ ਗੱਲ ਨਹੀ ਕੀਤੀ ਸੀ।

ਉਸਤੋਂ ਬਾਦ ਉਹ ਜਦ ਵੀ ਆਏ, ਉਨ੍ਹਾਂ ਨੇ ਹਮੇਸ਼ਾਂ ਮੈਨੂੰ ਸਹਿਜ ਰਖਣ ਦੀ ਕੋਸ਼ਿਸ਼ ਕੀਤੀ। ਜਿਸ ਦਿਨ ਕਨਿਸ਼ਕ ਏਅਰ ਇੰਡੀਆ ਦਾ ਜਹਾਜ਼ ਹਾਦਸਾ ਗ੍ਰਸਤ ਹੋਇਆ ਉਸ ਦਿਨ ਅਸੀਂ ਵੈਸਟਨ ਰੋਡ ਦੇ ਗੁਰਦੁਆਰੇ ਵਿਚ ਮੱਥਾ ਟੇਕਣ ਗਏ ਸੀ। ਇਹ ਖਬਰ ਵੀ ਸਾਨੂੰ ਉਥੋਂ ਹੀ ਮਿਲੀ ਸੀ ਤੇ ਉਨ੍ਹਾ ਦੇ ਇਹ ਸ਼ਬਦ ਅੱਜ ਵੀ ਯਾਦ ਹਨ, “ਬਹੁਤ ਮਾੜਾ ਹੋਇਆ।” ਕਹੇ ਹੋਏ ਤਿੰਨ ਸ਼ਬਦ ਮੇਰੇ ਲਈ ਇੰਝ ਹਨ ਜਿਵੇਂ ਕੋਈ ਅਫਸੋਸ ਪ੍ਰਗਟ ਕਰਨ ਦੀ ਇੰਤਹਾ ਹੋਵੇ।

ਵਕਤ ਪਾਕੇ ਉਹ ਚਲੇ ਗਏ। ਮੁੜ ਗਏ ਇੰਡੀਆ ਨੂੰ। ਮੇਰੇ ਲਈ ਸਿਰਫ ਸ਼ਰਧਾ ਸੀ ਕੋਈ ਜਾਤੀ ਸਾਂਝ ਨਹੀ ਸੀ। ਇਹ ਸਾਂਝ ਤਾਂ ਉਂਨ੍ਹਾਂ ਦੀ ਹਰ ਪੰਜਾਬੀ ਨਾਲ ਸੀ।

ਦੁਬਾਰਾ ਆਏ, ਮੇਰੇ ਨਾਲ ਸੰਪਰਕ ਨਹੀ ਹੋਇਆ। ਆਖਰੀ ਸਮੇਂ ਦਾ ਹਾਲ ਤਾਂ ਹੁਣ ਲਿਖਤਾਂ ਤੋਂ ਮਿਲਦਾ ਹੈ। ਬਲਬੀਰ ਮੋਮੀ ਹੋਰਾਂ ਲਿਖਿਆ ਹੈ। ਜਗਦੇਵ ਨਿੱਜਰ ਜ਼ਬਾਨੀ ਸੁਣਾਉਂਦਾ ਹੈ। ਹੋਰ ਵੀ ਹੋਣਗੇ ਪਰ ਮੈਂ ਨਹੀ ਸੀ। ਮੈਂ ਕਿਉਂ ਨਹੀ ਸੀ, ਇਸਨੂੰ ਤੁਸੀਂ ਮੇਰੀ ਕੰਮਜੋਰੀ, ਕਮੀਨਗੀ ਜਾਂ ਸਮਾਜ ਨਾਲੋਂ ਟੁਟਿਆ ਹੋਇਆ ਸਮਝ ਸਕਦੇ ਹੋ। ਸਟਗਲਰ ਸਾਂ, ਸੋਲਾਂ ਘੰਟੇ ਕੰਮ ਕਰਨ ਵਾਲਾ।

ਅਸੀਂ ਜਗ੍ਹਾ ਬਦਲ ਲਈ ਸੀ। ਇੱਕ ਦਿਨ ਫੋਨ ਆਇਆ, ਮਿਸਜ਼ ਵਿਰਕ ਸਨ। ਮੈਂ ਜਾਕੇ ਲੈ ਆਇਆ। ਸਾਡੇ ਕੋਲ ਦੋ ਦਿਨ ਰਹੇ। ਉਹ ਮੈਨੂੰ ਲਭਦੇ ਰਹੇ ਸਨ, ਆਖਰ ਮਿਲ ਗਿਆ। ਕੁਝ ਅਮ੍ਰਿਤਸਰ ਦਾ ਵਾਸੀ ਹੋਣ ਦਾ ਵੀ ਲਿਹਾਜ਼ ਸੀ, ਉਨ੍ਹਾਂ ਨੂੰ। ਬੇਟੇ ਦੀ ਸ਼ਾਦੀ ਹੋ ਚੁੱਕੀ ਸੀ। ਬਾਕੀ ਗੱਲਾਂ ਦਾ ਇੱਥੇ ਸਬੰਧ ਨਹੀ ਜੁੜਦਾ ਪਰ ਇੱਕ ਗੱਲ ਤਾਂ ਕਹਿ ਹੀ ਦਿੰਦਾ ਹਾਂ।

 

ਮਿਸਜ਼ ਹਰਬੰਸ ਵਿਰਕ ਦਾ ਇਹ ਕਹਿਣਾ ਸੀ ਕਿ ਸਾਨੂੰ ਤੇ ਉਨ੍ਹਾ ਦੀ ਮੌਤ ਤੋਂ ਬਾਦ ਪਤਾ ਲੱਗਾ ਕਿ ਉਹ ਇਤਨੇ ਮਹਾਨ ਸਨ। ਲੇਖਕ ਹੋਣਾ ਹੋਰ ਗੱਲ ਹੈ ਤੇ ਮਹਾਨ ਹੋਣਾ ਹੋਰ ਗੱਲ। ਇਹ ਮਹਾਨਤਾ ਕੋਈ ਬਾਹਰੋਂ ਦਸ ਗਿਆ ਸੀ ਤੇ ਉਨ੍ਹਾਂ ਨੇ ਮੰਨ ਲਈ ਸੀ।

ਕਿਸੇ ਐਸੇ ਵਿਅਕਤੀ ਨੂੰ ਕੋਈ ਛਿਣ ਦੇ ਜਾਣਾ ਜਿਸਨੂੰ ਤੁਸੀਂ ਜਾਣਦੇ ਵੀ ਨਾ ਹੋਵੋ ਤੇ ਉਹ ਤੁਹਾਡੀ ਸ਼ਾਨ ਨੂੰ ਪਹਿਚਾਣਦਾ ਵੀ ਨਾ ਹੋਵੇ ਇਹ ਵਿਲਖਣ ਮਹਾਨਤਾ ਹੈ। ਮੈਂ ਕੁਝ ਵੀ ਪੜ੍ਹ ਲਵਾਂ, ਕੁਲਵੰਤ ਸਿੰਘ ਵਿਰਕ ਬਾਰੇ ਪਰ ਉਸਨੂੰ ਜ਼ਰਬ ਮੇਰਾ ਉਹ ਸਮਾ ਹੀ ਦਿੰਦਾ ਹੈ ਜੋ ਸਿਰਫ ਮੇਰੇ ਹਿੱਸੇ ਹੀ ਆਇਆ।