ਲੋਕਵੇਦੀ : ਪ੍ਰੋ ਨਾਹਰ ਸਿੰਘ (ਡਾ)

ਮੈ ਨੀਵਾਂ ਮੇਰਾ ਮੁਰਸ਼ਦ ਉੱਚਾ, ਅਸੀ ਉੱਚਿਆ ਦੇ ਸੰਗ ਲਾਈ

ਸਦਕੇ ਜਾਵਾਂ ਉਹਨਾ ਉੱਚਿਆ ਦੇ, ਜਿਨ੍ਹਾਂ ਨੀਵਿਆਂ ਨਾਲ ਨਿਭਾਈ

ਲੋਕਵੇਦੀ : ਪ੍ਰੋ ਨਾਹਰ ਸਿੰਘ (ਡਾ)

ਮੇਰੀ ਆਪਣੇ ਮੁਰਸ਼ਦ ਪ੍ਰੋਫੈਸਰ ਨਾਹਰ ਸਿੰਘ ਨਾਲ ਪਹਿਲੀ ਨਿੱਜੀ ਮਿਲਣੀ ਕੋਈ ਬਹੁਤੀ ਖੁਸ਼ਗਵਾਰ ਨਹੀਂ ਸੀ। ਮੈਂ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਐਮ. ਏ ਕਰਕੇ ਸਿੱਧਾ ਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਿੱਚ ਐੱਮ. ਫਿਲ ਕਰਨ ਆਇਆ ਸੀ। ਉਸ ਸਮੇਂ ਮੇਰੀ ਹਵਾ ਕਾਫ਼ੀ ਖਰਾਬ ਸੀ ਕਿਉਂਕਿ ਮੈਂ ਮੈਰਿਟ ਲਿਸਟ ਵਿੱਚ ਸਿਖਰ ਤੇ ਸੀ। ਉਸ ਸਮੇਂ ਸਾਰੇ ਰੈਗੂਲਰ,ਕੌਰਸਪੌਡਸ ਅਤੇ ਪ੍ਰਾਈਵੇਟ ਵਿਦਿਆਰਥੀਆਂ ਦੀ ਸਾਂਝੀ ਲਿਸਟ ਬਣਦੀ ਸੀ। ਲੋਕਾਂ ਨੂੰ ਨੌਕਰੀ ਨਹੀਂ ਮਿਲਦੀ ਸੀ,ਮੈਂ ਬੀਐਸ ਸੀ- ਬੀ ਐੱਡ ਹੋਣ ਕਰਕੇ ਨੌਕਰੀ ਠੁਕਰਾ ਕੇ ਆਇਆ ਸੀ।ਇਸਦੇ ਨਾਲ ਹੀ ਮੈਂ ਯੂਜੀਸੀ ਦੇ ਪਹਿਲੇ ਬੈਚ ਦਾ ਨੈੱਟ ਜੇਆਰਐਫ ਪਾਸ ਸੀ। ਵਿਦਿਆਰਥੀ ਜਥੇਬੰਦੀ ਵਿੱਚ ਕੰਮ ਕਰਦੇ ਹੋਣ ਕਰਕੇ ਬੁਰਜੂਆ ਪੜ੍ਹਾਈ ਅਤੇ ਨੌਕਰੀ ਨੂੰ ਬਹੁਤੀ ਅਹਿਮੀਅਤ ਨਹੀਂ ਦਿੰਦਾ ਸੀ। ਤਰਕਸ਼ੀਲ ਲਹਿਰ ਦਾ ਮੀਤ ਪ੍ਰਧਾਨ ਹੋਣ ਦੇ ਨਾਲ ਨਾਲ ਤਰਕਸ਼ੀਲ ਦਾ ਸੰਪਾਦਕ ਸੀ ਇਸ ਕਰਕੇ ਰੱਬ ਨੂੰ ਢੱਬ ਦੱਸਦਾ ਸੀ, ਬਾਕੀ ਤਾਂ ਸਭ ਕੁਝ ਥੱਲੇ ਥੱਲੇ ਸੀ। ਹੋਰ ਤਾਂ ਹੋਰ ਮੇਰਾ ਐਮ ਫਿਲ ਵਿੱਚ ਪਟਿਆਲਾ ਨਾਲੋਂ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵੀ ਦਾਖ਼ਲਾ ਹੋਇਆ ਸੀ। ਕਈ ਨਵੀਂਆਂ ਯਾਰੀਆਂ ਦੋਸਤੀਆਂ ਕਾਰਨ ਪਟਿਆਲੇ ਟਿਕਿਆ ਸੀ । ਵਿਭਾਗੀ ਬੋਰਡ ਉੱਪਰ ਐਮ ਫਿਲ ਦੇ ਟਾਪਿਕ ਲੱਗੇ ਜਿਨ੍ਹਾਂ ਵਿੱਚ ਪਾਸ਼ ਦੀ ਕਾਵਿ ਸੰਵੇਦਨਾ ਟਾਪਿਕ ਸ਼ਾਮਿਲ ਸੀ, ਮੈਂ ਭਰ ਦਿੱਤਾ।

ਸਭ ਤੋਂ ਵੱਧ ਨੰਬਰ ਹੋਣ ਕਰਕੇ ਟਾਪਿਕ ਮੈਨੂੰ ਮਿਲ ਗਿਆ ਅਤੇ ਵਿਭਾਗ ਵੱਲੋਂ ਹੁਣ ਤੱਕ ਨਿਯਮਾਂ ਅਨੁਸਾਰ ਗੁਪਤ ਰੱਖੇ ਨਿਗਰਾਨ ਦੀ ਗੁਪਤਤਾ ਜੱਗ ਜ਼ਾਹਰ ਹੋ ਗਈ। ਇਹ ਡਾ ਨਾਹਰ ਸਿੰਘ ਦਾ ਦਿੱਤਾ ਟਾਪਿਕ ਸੀ । ਮੈਨੂੰ ਮੇਰੇ ਮਹਿਬੂਬ ਕਵੀ ਪਾਸ਼ ਨੇ ਮੁਰਸ਼ਦ ਦੇ ਦਿੱਤਾ ਸੀ। ਮੈਂ ਚਾਈਂ ਚਾਈਂ ਉਨ੍ਹਾਂ ਨੂੰ ਮਿਲਣ ਗਿਆ। ਉਹ ਪੰਜਾਬੀ ਵਿਭਾਗ ਵਿੱਚ ਜਿੱਥੇ ਹੁਣ ਵਿਭਾਗੀ ਲਾਇਬਰੇਰੀ ਹੈ, ਉਸ ਦੇ ਸਾਹਮਣੇ ਅਧਿਆਪਕਾਂ ਦੇ ਬੈਠਣ ਲਈ ਬਣੇ ਲੱਕੜ ਦੇ ਕੈਬਿਨ ਵਿੱਚ ਬਹਿੰਦੇ ਸਨ ਜੋ ਪਹਿਲਾ ਉਹ ਡਾ ਰਵੀ ਕੋਲ ਹੁੰਦਾ ਸੀ। ਉਹ ਦਰਵਾਜ਼ਾ ਭੇੜ ਕੇ ਅੰਦਰ ਬੈਠੇ ਸਨ । ਮੈਂ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਚਲਿਆ ਗਿਆ। ਉਹ ਪੌਣੇ ਵਿੱਚ ਵਲੇਟੀ ਰੋਟੀ ਦੀ ਪੂਣੀ ਬਣਾ ਕੇ ਖਾਈ ਜਾਂਦੇ ਸੀ,ਜਿਸ ਨੂੰ ਮਾਲਵੇ ਵਿੱਚ ਘੁੱਗੂ ਬਣਾਕੇ ਖਾਣਾ ਕਹਿੰਦੇ । ਉਸ ਸਮੇਂ ਬਹੁਤੇ ਕਾਮਰੇਡ ਮੁੰਡੇ ਦਾੜ੍ਹੀ ਕੱਟਕੇ ਪੱਗ ਬੰਨਦੇ ਸੀ,ਅਕਸਰ ਸ਼ਰਟ ਪੈਂਟ ਵਿੱਚੋਂ ਬਾਹਰ ਰੱਖਦੇ ਸੀ ਤਾਂ ਜੋ ਦੇਸੀ ਲੱਗ ਸਕਣ ਅਤੇ ਵਿਸ਼ੇਸ਼ ਪਛਾਣ ਗਲ ਵਿੱਚ ਲੰਮੀ ਤਣੀ ਵਾਲਾ ਝੋਲਾ ਪਾ ਕੇ ਰੱਖਦੇ ਸਨ ।

ਮੈਂ ਕੱਟੇ ਵਾਲਾਂ ਵਾਲਾ, ਟੀ ਸ਼ਰਟ ਪਾਈ( ਜੋ ਉਸ ਸਮੇਂ ਆਮ ਨਹੀਂ ਸੀ) ਅਤੇ ਪੈਂਟ ਅੰਦਰ ਦੇ ਕੇ ਉਪਰੋ ਬੈਲਟ ਲਾ ਕੇ ਹੱਥ ਵਿੱਚ ਇਕਨਾਮਿਕਸ ਵਾਲੇ ਗਿਆਨ ਬਾਈ ਵੱਲੋਂ ਦਿੱਤੀ ਸੈਮੀਨਾਰਾਂ ਤੇ ਮਿਲਣ ਵਾਲੀ ਸੋਹਣੀ ਫਾਈਲ ਫੜੀ ਕਮਰੇ ਵਿੱਚ ਵੜ੍ਹਿਆ ਤਾਂ ਉਨ੍ਹਾਂ ਨੇ ਮੈਨੂੰ ਕੋਈ ਸ਼ਹਿਰੀ ਟਾਈਪ ਮੁੰਡਾ ਸਮਝ ਕੇ ਆਖਿਆ “ਉਹ-ਹੋ ਤੂੰ ਕੀ ਸੋਚਕੇ ਇਹ ਟਾਪਿਕ ਭਰ ਦਿੱਤਾ , ਤੂੰ ਕੀ ਪਾਸ਼ ਬਾਰੇ ਜਾਣਦਾ ਏ ? ਤੈਥੋਂ ਨਹੀ ਇਹ ਟਾਪਿਕ ਹੋਣਾ ! ਕੁਝ ਹੋਰ ਕਰ ਲੈ ” ਮੈਂ ਆਪਣਾ ਸਵਾਗਤ ਨਾ ਹੁੰਦਾ ਵੇਖ ਕੇ ਕੁਝ ਗੁੱਸੇ ਭਰੇ ਦਾਅਵੇ ਨਾਲ ਆਖਿਆ ਮੈਂ ਸਾਰਾ ਪਾਸ਼ ਪੜ੍ਹਿਆ ਹੈ। ਪੁੱਛੋ ਕੀ ਪੁੱਛਣਾ ਹੈ। ਵੈਸੇ ਹੁਣ ਤਾਂ ਮੈਂ ਟਰਮ ਪੇਪਰ ਬਾਰੇ ਪੁੱਛਣ ਆਇਆ ਸੀ। ਕੋਈ ਕਿਤਾਬ ਹੈ ਹਮਦਰਦਵੀਰ ਨੁਸ਼ਹਿਰਵੀ ਦੀ ਸੰਪਾਦਿਤ ਤੀਲੇ ਅਤੇ ਆਹਲਣਾ ਕਿੱਥੋਂ ਮਿਲੇਗੀ ? ਅਖੀਰ ਬਾਬਾ ਕੁਝ ਢਿਲਾ ਜਿਹਾ ਪੈ ਗਿਆ ਅਤੇ ਅਧਿਆਪਕ ਵਾਲੇ ਫਰਜ਼ ਨਾਲ ਆਖਿਆ ਹਾਂ! ਹਾਂ !ਜਾ ਲਿਖ ਲਿਆ। ਜਦੋਂ ਮੈਂ ਉਹ ਲਿਖ ਕੇ ਲੈ ਕੇ ਗਿਆ ਤਾਂ ਸ਼ਾਇਦ ਉਨ੍ਹਾਂ ਨੂੰ ਵਿਚਾਰਧਾਰਕ ਸੋਚ ਪਸੰਦ ਆਈ ਜਾਂ ਆਪਣਾ ਫ਼ਰਜ਼ ਪੂਰਾ ਕਰਦਿਆਂ ਦਸਤਖਤ ਕਰ ਦਿੱਤੇ ਸਨ। ਇੰਜ ਮੈਨੂੰ ਚੇਲਾ ਮੰਨ ਲਿਆ ਜਾਂ ਮੁੰਨ ਲਿਆ।

ਉਹ ਕਲਾਸ ਪੜ੍ਹਾਉਣ ਸਮੇਂ ਪੂਰੇ ਨੋਟਿਸ ਲੈ ਕੇ,ਤਿਆਰੀ ਕਰਕੇ ਆਉਂਦੇ ਸਨ । ਖੇਤਰੀ ਖੋਜ ਵਿਧੀ ਸਮਝਾਉਣ ਲਈ ਆਪਣੇ ਖੋਜ ਕਾਰਜ ਦੀਆਂ ਨਿੱਜੀ ਉਦਾਹਰਣਾਂ ਦਿੰਦੇ। ਵਿਦਿਆਰਥੀਆਂ ਨਾਲ ਘੁਲਣ ਮਿਲਣ ਜਾਂ ਹਲਕੀ ਗੱਲ ਕਰਨ ਤੋਂ ਝਕਦੇ ਜੇ ਕਦੇ ਲੋਕਵੇਦ ਪੜ੍ਹਾਉਂਦੇ ਹੋਣ ਕਰਕੇ ਚੱਕਵੀਂ ਗੱਲ ਆ ਵੀ ਜਾਂਦੀ ਤਾਂ ਥੋੜ੍ਹਾ ਜਿਹਾ ਹੱਸ ਲੈਂਦੇ, ਰੁਕ ਰੁਕ ਘੁਟੇ ਸਾਹ ਵਾਲਾ ਹਾ ਹਾ ਵਾਲਾ ਹਾਸਾ ਹੱਸ ਕੇ ਤੁਰੰਤ ਗੱਲ ਨੂੰ ਗੰਭੀਰ ਮੋੜਾ ਦੇ ਕੇ ਵਿਦਿਆਰਥੀਆਂ ਦੇ ਹੱਸਣ ਦਾ ਮੌਕਾ ਖੋਹ ਲੈਂਦੇ। ਖੋਜ ਵਿਧੀ ਪੜ੍ਹਾਉਂਦੇ ਏਨੇ ਮਗਨ ਹੋ ਜਾਂਦੇ ਕਿ ਕਈ ਵਾਰ ਆਪਣੇ ਆਪ ਵਿੱਚ ਖੋਹ ਜਾਂਦੇ । ਖੇਤਰੀ ਖੋਜ ਕਾਰਜ ਬਾਰੇ ਬੋਲਦਿਆਂ ਨਿੱਜੀ ਅਨੁਭਵ ਦੱਸਣ ਲੱਗ ਪੈਂਦੇ ਕਿ ਕਿਵੇਂ ਲੋਕ ਗੀਤਾਂ ਦੀ ਸਮੱਗਰੀ ਇਕੱਤਰ ਕਰਨ ਲਈ ਉਨ੍ਹਾਂ ਵਰਗਾ ਹੀ ਹੋਣਾ ਪੈਂਦਾ ਹੈ । ਉਨ੍ਹਾਂ ਵਾਂਗ ਕੁੜਤਾ, ਚਾਦਰੇ ਦਾ ਲਾਂਗੜ ਲਾ ਕੇ, ਉਗੜੀ ਦੁਗੜੀ ਪੱਗ ਬੰਨ੍ਹ ਕੇ ਜਾਓ ਤਾਂ ਦਿਲ ਦੀ ਗੱਲ ਦੱਸਦੇ ਹਨ । ਜੇ ਅਫੀਮ ਖਾਂਦੇ ਹਨ ਤਾਂ ਤੁਹਾਨੂੰ ਵੀ ਖਾਣੀ ਪਵੇਗੀ,ਜੇ ਮੰਗਦੇ ਹਨ ਤਾਂ ਦੇਣੀ ਪਵੇਗੀ,ਇਹ ਬੀੜੀ ਪੀਂਦੇ ਹਨ ਤਾਂ ਇਉਂ ਮਹਿਸੂਸ ਕਰਨਾ ਪਊ ਕਿ ਧੂੰਆਂ ਤੁਹਾਡੇ ਗੱਲ ਨਹੀਂ ਘੁੱਟ ਰਿਹਾ ਸਗੋਂ ਚੰਗਾ ਲੱਗਦਾ ਹੈ। ਜੇ ਦਾਰੂ ਪੀਂਦੇ ਹਨ ਤਾਂ ਪੀਣ ਪਿਆਉਣ ਤੋਂ ਬਾਅਦ ਹੀ ਉਨ੍ਹਾਂ ਨਾਲ ਘੁਲ ਮਿਲ ਸਕਦੇ ਹੋ । ਉਨ੍ਹਾਂ ਦੱਸਿਆ ਕਿ ਔਰਤਾਂ ਤੋਂ ਗੀਤ ਕਢਵਾਉਣ ਲਈ ਔਰਤਾਂ ਦੇ ਗੀਤ ਜੇ ਆਪ ਗਾਉਣੇ ਸ਼ੁਰੂ ਕਰ ਦਿੱਤੇ ਜਾਣ ਤਾਂ ਝੱਟ ਉਹ ਤੁਹਾਡੀ ਭਰੜਾਈ ਬੇਸੁਰੀ ਆਵਾਜ਼ ਨੂੰ ਆਪਣੀ ਰਾਗਾਤਮਕ ਮਿੱਠੀ ਲੈ ਵਾਲੀ ਆਵਾਜ਼ ਨਾਲ ਦੱਬ ਦੇਣਗੀਆਂ । ਖੇਤਰੀ ਕਾਰਜ ਦੇ ਖੱਟੇ ਮਿੱਠੇ ਅਨੁਭਵ ਸਾਂਝੇ ਕਰਦੇ ਸਨ ਕਿ ਕਿਵੇਂ ਇੱਕ ਵਾਰ ਸਿਆਪੇ ਇਕੱਠੇ ਕਰਦਿਆਂ ਸਿਆਪਾ ਪੈ ਗਿਆ ਸੀ।ਅਗਲਿਆਂ ਦੇ ਘਰ ਮੌਤ ਹੋਈ ਸੀ ਇੱਥੇ ਕੀਰਨੇ ਇਕੱਠੇ ਕਰਨ ਦੀ ਪਈ ਸੀ ।ਇਹ ਘਟਨਾ ਸੁਣਾ ਕੇ ਉਹ ਸਮੱਗਰੀ ਇਕੱਤਰੀਕਰਨ ਸਮੇਂ ਸੰਵੇਦਨਸ਼ੀਲ ਰਹਿਣ ਦੀ ਸਲਾਹ ਦਿੰਦੇ ਸਨ ।

ਉਨ੍ਹਾਂ ਦੇ ਜੀਵਨ ਵਿੱਚ ਬੜੇ ਬੰਦੇ ਆਏ ਹੋਣੇ ਨੇ ਪਰ ਆਪਣੇ ਗੁਰੂਦੇਵ ਡਾ ਕੇਸਰ ਸਿੰਘ ਕੇਸਰ ਅਤੇ ਮਿੱਤਰ ਜਗਜੀਤ ਸਿੰਘ ਨਾਲ ਸਾਰੀ ਉਮਰ ਨਿਭਦੇ ਰਹੇ ਹਨ। ਵੈਸੇ ਉਨ੍ਹਾਂ ਦੀ ਦੋਸਤੀ ਦਾ ਘੇਰਾ ਤਾਂ ਕੇਸਰ ਸਿੰਘ ਬਰਵਾਲੀ ਤੋਂ ਲੈ ਕੇ ਪ੍ਰਿੰਸੀਪਲ ਸਰਵਣ ਸਿੰਘ ਤੱਕ ਸੀ। ਜਿਸ ਵਿੱਚ ਸਾਰੇ ਵੰਨਗੀਆਂ ਦੇ ਲੋਕਧਾਰਾ ਸ਼ਾਸਤਰੀ ਅਤੇ ਕਾਮਰੇਡ ਵੀ ਆ ਜਾਂਦੇ ਹਨ। ਪਰ ਡਾਕਟਰ ਕੇਸਰ ਸਿੰਘ ਕੇਸਰ ਦਾ ਨਾਂ ਹਮੇਸ਼ਾ ਆਦਰ ਭਾਅ ਨਾਲ ਲੈਂਦੇ ਸਨ ਸਗੋਂ ਉਨ੍ਹਾਂ ਦੇ ਹਰ ਵਚਨ ਤੇ ਫੁੱਲ ਚੜ੍ਹਾਉਂਦੇ ਸੀ। ਖੈਰ ਜਗਜੀਤ ਸਿੰਘ ਬਾਰੇ ਤਾਂ ਹਰ ਵੇਲੇ ਇੱਟ ਖੜੱਕਾ ਚੱਲਦਾ ਰਹਿੰਦਾ ਸੀ; ”ਤੈਨੂੰ ਪਤਾ ਇਹਨੂੰ ਮੈਂ ਕਿਵੇਂ ਢੋਣਾ ਹਾਂ, ਅੰਨ੍ਹੇ ਨੂੰ ਨਾਲੇ ਖਵਾਓ ਨਾਲੇ ਘਰੇ ਛੱਡ ਕੇ ਆਓ ।” ਅਸਲ ਵਿੱਚ ਜਗਜੀਤ ਨੂੰ ਕਾਰ ਸਕੂਟਰ ਕੁਝ ਵੀ ਚਲਾਉਣਾ ਨਹੀਂ ਆਉਂਦਾ ਸੀ ।ਉਸ ਨੂੰ ਨਾ ਪਸੰਦ ਬੰਦਿਆਂ ਦੀ ਲਾਹ ਪਾਹ ਕਰਨ ਦੀ ਬਾਣ ਸੀ। ਉਹ ਕੁੱਡਰ ਜਿਹੇ ਢੰਗ ਨਾਲ ਤਨਜ਼ ਕੱਸ ਕੇ ਦੁਸ਼ਮਣੀ ਸਹੇੜ ਲੈਂਦੇ ਸਨ, ਜਿਹੜੀ ਜੋੜੀ ਮਸ਼ਹੂਰ ਕਰਕੇ ਡਾਕਟਰ ਨਾਹਰ ਸਿੰਘ ਨੂੰ ਭੁਗਤਨੀ ਪੈਂਦੀ ਸੀ। ਉਹ ਜਗਜੀਤ ਦੇ ਪੜ੍ਹਨ ਲਿਖਣ ਦੀ ਕਦਰ ਕਰਦਾ ਸੀ ਪਰ ਉਸ ਦੇ ਸੁਭਾਅ ਤੋਂ ਸਿਰੇ ਦਾ ਦੁਖੀ ਰਹਿੰਦਾ । ਜਗਜੀਤ ਨੇ ਵੱਡੇ ਭਰਾ ਵਾਂਗ ਨਾਹਰ ਸਿੰਘ ਨੂੰ ਹਰ ਸਮੇਂ ਟੋਕੀ ਹੀ ਜਾਣਾ । ਕਦੇ ਦਾਰੂ ਪੀਣ ਤੋਂ ਵਰਜਨਾ, ਕਦੇ ਕਿਸੇ ਨਾਲ ਬੋਲਣ ਤੋਂ ਹਟਕਣਾ ਤਾਂ ਖਿਝ ਕੇ ਨਾਹਰ ਸਿੰਘ ਨੇ ਆਖਣਾ ਯਾਰ ਤੂੰ ਆਪ ਤਾਂ ਕੁਸ਼ ਕਰਨਾ ਨਹੀਂ, ਮੈਨੂੰ ਵੀ ਕੁਝ ਕਰਨ ਨਹੀਂ ਦਿੰਦਾ, ਭਲਾ ਐਂ ਕਿਵੇਂ ਚੱਲੂ ! ਚੱਲ ਹੱਟ ਮੈਂ ਤਾਂ ਇਉਂ ਹੀ ਕਰੂ।

ਪ੍ਰੋਫੈਸਰ ਨਾਹਰ ਸਿੰਘ ਬਾਹਰੋਂ ਜਿੰਨੇ ਬੇਪਰਵਾਹ ਜਾਪਦੇ ਹਨ, ਅੰਦਰੋਂ ਉਨੇ ਜ਼ਿੰਮੇਵਾਰ, ਘਰ ਪਰਿਵਾਰ-ਪ੍ਰਸਤ, ਜ਼ਿਆਦਾ ਹੀ ਜ਼ਿੰਮੇਵਾਰ, ਘਰਦੇ ਕੰਮਾਂ ਨੂੰ ਹਨੇਰੀ। ਜਦੋਂ ਅਸੀਂ ਪ੍ਰੋਫੈਸਰ ਸਾਹਿਬ ਦੇ ਘਰ ਜਾਣੇ ਸ਼ੁਰੂ ਹੋਏ ਤਾਂ ਸਾਡੀ ਬੇਟੀ ਦੁੱਧ ਪੀਂਦੀ ਸੀ, ਸਾਡੇ ਨਾਲ ਹੋਣੀ,ਉਨ੍ਹਾਂ ਨੇ ਫੁਰਤੀ ਨਾਲ ਬੋਤਲ ਮੰਗਣੀ, ਪਾਣੀ ਗਰਮ ਕਰਕੇ ਧੋਣੀ, ਦੁੱਧ ਪਾਉਣਾ, ਹੱਥ ਤੇ ਪਾਕੇ ਠੰਡਾ ਗਰਮ ਚੈੱਕ ਕਰਦੇ, ਇੰਨੀ ਫੁਰਤੀ ਨਾਲ ਬੱਚੇ ਨੂੰ ਫੜਾ ਦੇਣਾ ਕਿ ਅਸੀ ਹੈਰਾਨ ਰਹਿ ਜਾਣਾ। ਅਸੀਂ ਅੰਦਾਜ਼ਾ ਲਾਇਆ ਨਵੀ (ਬੇਟਾ)ਅਤੇ ਰਮਨ(ਬੇਟੀ) ਪਾਲਦਿਆਂ ਗੁਰੂਮਾਤੇ ਸੁਰਿੰਦਰ ਤੋਂ ਟ੍ਰੇਨਿੰਗ ਲਈ ਹੋਣੀ ਹੈ,ਪਤਾ ਨਹੀਂ ਪਹਿਲਾ ਤੋਂ ਅਜਿਹੇ ਸਨ। ਉਨ੍ਹਾਂ ਦਾ ਘਰ ਹਮੇਸ਼ਾ ਸਾਬਨਾਂ, ਸਿਲੰਡਰਾਂ ਨਾਲ ਭਰੇ ਰਹਿਣਾ, ਜਦੋਂ ਥੋੜ੍ਹੇ ਖੁੱਲਣ ਲੱਗੇ ਤਾਂ ਅਸੀਂ ਪੁੱਛਣਾ ਡਾਕਟਰ ਸਾਹਿਬ ਅਕਾਲ ਪੈਣ ਵਾਲਾ ਹੈ,ਐਨੀਆਂ ਚੀਜ਼ਾਂ ਜਮ੍ਹਾਂ ਰੱਖਦੇ ਹੋ, ਕਾਹਨੂੰ ਯਾਰ ਕਿਹੜਾ ਨਿੱਕੀ ਨਿੱਕੀ ਚੀਜ਼ ਲਈ ਮਾਰਕੀਟ ਗੇੜੇ ਮਾਰਦਾ ਫਿਰੇ। ਇੱਕੋ ਵਾਰੀ ਸਾਲ ਦਾ ਸਭ ਕੁਝ ਲੈ ਆਈਦਾ ਹੈ। ਚੰਡੀਗੜ੍ਹ ਦੀ ਘਰ ਦੀ ਫਰਿੱਜ ਵਿੱਚ ਹਰ ਸਮੇਂ ਦਾਲ ਦਾ ਵੱਡਾ ਪਤੀਲਾ ਪਿਆ ਹੁੰਦਾ ਸੀ। ਪੁੱਛਣ ਤੇ ਦੱਸਣਾ ਯਾਰ ਚੰਡੀਗੜ੍ਹ ਪੀਜੀਆਈ ਹੈ, ਯੂਨੀਵਰਸਿਟੀ ਏ, ਦਫ਼ਤਰ ਹਨ,ਕੋਈ ਬਿਮਾਰ ਸ਼ੁਮਾਰ,ਤੀਮਾਰਦਾਰ,ਧਰਨੇ ਮੁਜ਼ਾਹਰੇ ਵਾਲਾ, ਕੋਈ ਪਿੰਡੋਂ ਸ਼ਹਿਰੋ ਦੂਰੋ ਨੇੜਿਉ ਆਇਆ ਰਹਿੰਦਾ, ਦਾਲ ਬਣੀ ਹੋਵੇ ਤਾਂ ਰੋਟੀ ਦਾ ਜੁਗਾੜ ਸੌਖਾ ਹੋ ਜਾਂਦਾ ਹੈ, ਉਹ ਹਰ ਮਸਲੇ ਵਿੱਚ ਰਿਸ਼ਤਿਆਂ ਦੀਆਂ ਤੰਦਾਂ ਨੂੰ ਜਾਣਦੇ ਸਨ, ਕਦੇ ਭਾਵੁਕ ਨਹੀਂ ਹੁੰਦੇ ਪਰ ਰਿਸ਼ਤੇ ਨਿਭਾਉਦੇ ਹਨ।

ਹੁਣ ਇਹ ਗੱਲ ਪਤਾ ਨਹੀਂ ਸੱਚੀ ਹੈ ਕਿ ਝੂਠੀ ਪਰ ਸਾਰੇ ਸੁਣਾਉਂਦੇ ਹਨ ਮੈਂ ਵੀ ਸੁਣਾ ਦਿੰਦਾ ਹਾਂ ਜਦੋਂ ਪ੍ਰੋ ਨਾਹਰ ਸਿੰਘ ਦੀ ਨੌਕਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੀ ਪਰ ਰਿਹਾਇਸ਼ ਚੰਡੀਗੜ੍ਹ ਸੀ । ਹਰ ਰੋਜ਼ ਬੱਸ ਦਾ ਸਫਰ ਕਰਦੇ, ਸਫ਼ਰ ਦੇ ਸਾਥੀ ਅੰਗਰੇਜ਼ੀ ਵਾਲੇ ਗੁਰਕਿਰਪਾਲ ਸਿੰਘ ਸੇਖੋਂ ਅਤੇ ਮੋਹਨ ਸਿੰਘ ਸੰਧੂ ਸਨ। ਇੱਕ ਦਿਨ ਕੰਡਕਟਰ ਨੇ ਦੂਸਰੇ ਪ੍ਰੋਫੈਸਰਾਂ ਦੀ ਸ਼ਾਨ ਵਿਰੁੱਧ ਕੁਝ ਬੋਲ ਦਿੱਤਾ। ਨਾਹਰ ਸਿੰਘ ਤੋਂ ਬਰਦਾਸ਼ਤ ਨਾ ਹੋਇਆ ਅਤੇ ਉਲਝ ਪਿਆ ਹੱਥੋਪਾਈ ਵਿੱਚ ਪੱਗ ਢਿੱਲੀ ਹੋ ਗਈ । ਨਾਹਰ ਸਿੰਘ ਨੇ ਬੜੀ ਫੁਰਤੀ ਨਾਲ ਪੱਗ ਲਾਹ ਕੇ ਕਾਮਰੇਡਾਂ ਵਾਲੇ ਝੋਲੇ ਵਿੱਚ ਪਾ ਲਈ ਅਤੇ ਆਓ ਦੇਖਿਆ ਨਾ ਤਾਅ ਕੰਡਕਟਰ ਗੋਡਿਆਂ ਥੱਲੇ ਕਰ ਲਿਆ। ਆਖ਼ਰ ਕਬੱਡੀ ਦਾ ਪੁਰਾਣਾ ਖਿਡਾਰੀ ਸੀ ।ਆਖਰ ਹੋਣਾ ਕੀ ਸੀ ਛੱਡ ਛੁਡਾਈ ਹੋਗੀ ।ਇਹੋ ਜਿਹੇ ਕੇਸਾਂ ਵਿੱਚ ਮੁਆਫ਼ੀ ਮੰਗੀ ਨਾ ਮੰਗੀ ਇੱਕ ਬਰਾਬਰ ਹੀ ਹੁੰਦੀ ਹੈ । ਬਾਅਦ ਵਿੱਚ ਪੁੱਛਣ ਵਾਲੇ ਪੁੱਛਣ ਲੱਗੇ ਭਲੇਮਾਨਸਾ ਤੂੰ ਆਪਣੀ ਪੱਗ ਆਪ ਕਿਉਂ ਲਾਹੀ ?ਨਾਹਰ ਸਿੰਘ ਕਹਿੰਦਾ ਭਾਈ ਲੜਾਈ ਝਗੜੇ ਵਿੱਚ ਪੱਗ ਤਾਂ ਢੈਹ ਹੀ ਜਾਣੀ ਹੁੰਦੀ ਹੈ ਪਰ ਕੋਈ ਦੂਸਰਾ ਢਾਹੇ ਤਾਂ ਬੇਇੱਜ਼ਤੀ ਹੁੰਦੀ ਹੈ’ ਆਪਣੀ ਇੱਜ਼ਤ ਆਪਣੇ ਹੱਥ ਰਹੇ ਤਾਂ ਚੰਗੀ ਰਹਿੰਦੀ ਹੈ । ਨਾਲੇ ਸਿਆਣਾ ਬਿਆਣਾ ਪ੍ਰੋਫ਼ੈਸਰ, ਇੱਕ ਕੰਡਕਟਰ ਕੁੱਟਦਾ ਕਿਤੇ ਚੰਗਾ ਲੱਗਦਾ ਸੀ? ਨਾਹਰ ਸਿੰਘ ਦੇ ਜੱਟ ਤਰਕ ਅੱਗੇ ਸਭ ਕੁਝ ਫੇਲ ਸੀ । ਬਾਅਦ ਵਿੱਚ ਵਰਮਾ ਜੀ ਦੱਸਦੇ ਹਨ ਕਿ ਵਲੇਟੀ ਪੱਗ ਨੂੰ ਸਿੱਧਾ ਕਰਨ ਲਈ ਸ਼ੀਸ਼ੇ ਵਾਲਾ ਕਮਰਾ ਪੁੱਛਦਾ ਸੀ। ਪੰਜਾਬੀ ਵਿਭਾਗ ਦੇ ਵਿੱਚ ਸ਼ਾਇਦ ਉਦੋਂ ਤੋਂ ਹੀ ਕੁਝ ਕਮਰਿਆਂ ਚ ਸ਼ੀਸ਼ੇ ਲੱਗੇ ਹਨ ।

ਬਹੁਤੇ ਬੰਦੇ ਉਹਦੇ ਲੋਕਧਾਰਾ ਵਿਗਿਆਨੀ ਅਤੇ ਅਤੇ ਦੇਸੀ ਉਚਾਰਨ ਹੋਣ ਕਰਕੇ ਅੰਦਾਜ਼ਾ ਲਾ ਲੈਂਦੇ ਹਨ ਕਿ ਸਾਡੇ ਵਾਂਗ ਇਹਦਾ ਵੀ ਅੰਗਰੇਜ਼ੀ ਵੱਲੋਂ ਹੱਥ ਤੰਗ ਹੋਵੇ ਪਰ ਉਸਦੀ ਅੰਗਰੇਜ਼ੀ ਡਰਾਫ਼ਟਿੰਗ ਬਹੁਤੇ ਪੰਜਾਬੀ ਵਾਲਿਆਂ ਨਾਲੋਂ ਵਧੀਆ ਹੈ ।ਉਹ ਅਕਸਰ ਕਹਿੰਦਾ ਹੁੰਦਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਤਾਂ ਬੰਦਾ ਅੰਗਰੇਜ਼ੀ ਵਿੱਚ ਚਿੱਠੀਆਂ ਲਿਖਦਾ ਲਿਖਦਾ ਹੀ ਮਰ ਜਾਂਦਾ ਹੈ। ਇਹ ਚੁਟਕਲਾ ਮਸ਼ਹੂਰ ਹੈ ਉਸ ਨੂੰ ਸਹੀ ਅੰਗਰੇਜ਼ੀ ਵਿੱਚ ਚਿੱਠੀ ਡਰਾਫਟ ਕਰਨ ਦਾ ਇੰਨਾ ਭੁਸ ਹੈ ਕਿ ਇੱਕ ਵਾਰ ਉਸ ਨੇ ਦੇਖਿਆ ਕਿ ਉਸਦੇ ਤਤਕਾਲੀ ਮੁਖੀ ਨੇ ਉਸ ਦੇ ਖਿਲਾਫ ਉੱਚ ਅਧਿਕਾਰੀਆਂ ਨੂੰ ਇੱਕ ਚਿੱਠੀ ਲਿਖੀ ਹੈ। ਮੁਖੀ ਚਿੱਠੀ ਭੇਜ ਰਿਹਾ ਹੈ। ਉਸ ਨੇ ਦਫ਼ਤਰ ਵਿੱਚ ਬੈਠਿਆਂ ਚਿੱਠੀ ਪੜ੍ਹ ਲਈ ਅਤੇ ਗਲਤੀਆਂ ਕੱਢਣ ਲੱਗ ਪਿਆ ਕਿ ਮੇਰੇ ਖਿਲਾਫ ਚਿੱਠੀ ਤਾਂ ਭੇਜ ਦਿਓ ਪਰ ਅੰਗਰੇਜ਼ੀ ਤਾਂ ਸਹੀ ਕਰ ਲਵੋ । ਮੈਂ ਪੁੱਛਿਆ ਗੱਲ ਸੱਚੀ ਹੈ । ਕਹਿੰਦਾ ਯਾਰ ਲੜਾਈ ਆਪਣੀ ਥਾਂ ਵਿਭਾਗ ਦੀ ਬੇਇਜਤੀ ਨਹੀਂ ਹੋਣੀ ਚਾਹੀਦੀ ਸੀ ਕਿ ਇਨ੍ਹਾਂ ਨੂੰ ਅੰਗਰੇਜ਼ੀ ਨਹੀਂ ਲਿਖਣੀ ਆਉਂਦੀ। ਉਸ ਤੋਂ ਬਾਅਦ ਉਸ ਨੇ ਵਿਰੋਧੀਆਂ ਵਿਰੁੱਧ ਉਹ ਗਾਲ ਵਾਹੀ ਕਿ ਰਹੇ ਰੱਬ ਦਾ ਨਾਂ ।

ਉਸਨੂੰ ਪੜ੍ਹਨ ਲਿਖਣ ਤੋਂ ਕੋਰੇ ਕੁਰਸੀਆਂ ਦੇ ਤਲਵੇ ਚੱਟਦੇ ਲੋਕ ਚੰਗੇ ਨਹੀਂ ਲੱਗਦੇ। ਉਸ ਦੀ ਕਦੇ ਵੀ ਸਾਹਿਤ ਦੇ ਘੜੰਮ ਚੌਧਰੀਆਂ ਨਾਲ ਨਹੀਂ ਬਣੀ। ਉਸਨੇ ਦਿੱਲੀ ਦੇ ਇੱਕ ਸਾਹਿਤ ਗੈਂਗ ਦਾ ਨਾਂ ਸਰਕਸੀ ਟੋਲਾ ਰੱਖਿਆ ਸੀ। ਬਈ ਸਰਕਸ ਵਾਲਿਆਂ ਵਾਂਗ, ਇਨ੍ਹਾਂ ਦਾ ਤੰਬੂ ਵੀ ਆਪਣਾ, ਗੱਡੀ ਵੀ ਆਪਣੀ,ਬੰਦਾ ਆਪਣਾ, ਪੇਪਰ ਵੀ ਆਪਣਿਆਂ ਹੀ ਪੜ੍ਹਨਾ,ਸਾਲੇ ਆਪਣਾ ਹੀ ਸਾਰਾ ਜੁਗਾੜ ਲੈ ਕੇ ਤੁਰਦੇ ਹਨ ।ਇਹ ਨਹੀਂ ਕਿ ਉਹ ਸਰਕਾਰੀ ਅਦਾਰਿਆਂ ਵਿੱਚ ਕੰਮ ਨਹੀਂ ਕਰਦਾ ਰਿਹਾ ਸਗੋਂ ਨਿੱਠ ਕੇ ਕਰਦਾ ਰਿਹਾ ਹੈ ਪਰ ਇੱਕ ਵਿੱਥ ਰੱਖਕੇ । ਪੰਜਾਬੀ ਕਲਾ ਪ੍ਰੀਸ਼ਦ ਵਿੱਚ ਉਸ ਨੇ ਡਾ ਹਰਚਰਨ ਸਿੰਘ ਤੋਂ ਲੈਕੇ ਲੰਮਾ ਸਮਾਂ ਕੰਮ ਕੀਤਾ । ਹਰ ਵੀਰਵਾਰ ਕਲਾ ਪ੍ਰੀਸ਼ਦ ਦੇ ਵਿਹੜੇ ਕਲਾਕਾਰਾਂ ਦੀ ਮਹਿਫ਼ਲ ਸਜਦੀ ਸੀ, ਚੌਂਕੀ ਲੱਗਦੀ ਸੀ। ਉਹਨਾਂ ਕਰਿੱਡ ਵਿੱਚ ਵੀ ਕੰਮ ਕੀਤਾ ਜੋ ਕਿਸੇ ਸਮੇਂ ਕਾਮਰੇਡਾਂ ਦੇ ਕਹਿਣ ਅਨੁਸਾਰ ਇੰਦਰਾ ਗਾਂਧੀ ਦਾ ਬਣਾਇਆ ਰਾਅ ਦਾ ਅੱਡਾ ਸੀ। ਅਸਲ ਵਿੱਚ ਤਾਂ ਉਹ ਹਮੇਸ਼ਾਂ ਕਿਸੇ ਵੱਡੇ ਸਾਹਿਤਕਾਰ ਜਾਂ ਵਿਦਵਾਨ ਦੀ ਛੱਤਰ ਛਾਇਆ ਹੇਠ ਕੰਮ ਕਰਦਾ,ਜਿਹੜਾ ਉਸ ਨੂੰ ਵਿਸ਼ਵਾਸ ਕਰਕੇ ਕੰਮ ਕਰਨ ਦੇਵੇ,ਆਪਣੀ ਹੱਦ ਵਿਚ ਖੁਦ ਮੁਖਤਿਆਰ ਹੋ ਕੇ ਕੰਮ ਕਰ ਸਕਦਾ ਸੀ।ਦਿਨ ਰਾਤ ਜਨੂੰਨ ਨਾਲ ਸਿਰ ਸੁੱਟ ਕੇ ਕੰਮ ਕਰਦਾ ਸੀ ।ਹਰ ਸਮੇਂ ਨਾ ਤਾਂ ਖੁਸ਼ਾਮਦ ਦੀ ਭਾਸ਼ਾ ਬੋਲ ਸਕਦਾ ਸੀ ਤੇ ਨਾ ਹੀ ਬਿਨਾਂ ਸ਼ੌਕ ਤੋਂ ਅਣਮੰਨੇ ਦਿਲ ਨਾਲ ਬੱਧਾ ਰੁੱਧਾ ਕੰਮ ਕਰ ਸਕਦਾ ਸੀ ।

ਹੁਣ ਕੈਨੇਡਾ ਅਤੇ ਪੰਜਾਬ ਵਿੱਚ ਵੰਡਿਆ ਪਿਆ ।ਕਦੇ ਕੈਨੇਡਾ ਕਦੇ ਚੰਡੀਗੜ੍ਹ ।ਹੁਣ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਬਰੈਂਪਟਨ ਏਰੀਏ ਦੀਆਂ ਸਾਹਿਤਕ ਸੱਭਿਆਚਾਰਕ ਮਹਿਫਲਾਂ ਤੋਂ ਦੂਰ ਹੀ ਰਹਿੰਦਾ ਹੈ । ਜੇ ਚੱਲਿਆ ਵੀ ਜਾਵੇ ਤਾਂ ਪਿੱਛੇ ਬੈਠਾ ਸੁਣਦਾ ਰਹਿੰਦਾ ਹੈ ।ਜੇ ਕੋਈ ਪਛਾਣ ਲਵੇ ਜਾਂ ਆਦਰ ਮਾਣ ਨਾਲ ਬੁਲਾਵੇ ਫੇਰ ਆਪਣੇ ਪੁਰਾਣੇ ਅਧਿਆਪਕੀ ਜਲੌਅ ਵਿੱਚ ਆ ਜਾਂਦਾ ਹੈ। ਸੱਚਮੁੱਚ ਉਸ ਨੇ ਲੋਕਧਾਰਾ ਨੂੰ ਸਮਝਿਆ ਹੈ ਅਤੇ ਸਮਝਦਿਆਂ ਲੋਕ ਧਾਰਾ ਹੀ ਹੋ ਗਿਆ ਹੈ। ਉਹ ਉਦੋਂ ਤੱਕ ਪਰੰਪਕ ਰਹਿੰਦਾ ਹੈ ਜਦੋਂ ਤੱਕ ਮਾਨਵਹਿਤ ਵਿੱਚ ਹੈ ਜਦ ਕਦੇ ਪਰੰਪਰਾ ਰਾਹ ਵਿੱਚ ਆਵੇ ਤਾਂ ਕਾਮਰੇਡ ਬਨਣ ਨੂੰ ਵੀ ਮਿੰਟ ਲਾਉਂਦਾ ਹੈ ਅਤੇ ਪਰੰਪਰਾ ਦੀਆਂ ਧੱਜੀਆਂ ਉਡਾ ਦਿੰਦਾ ਹੈ ।ਅਜਿਹਾ ਹੈ ਮੇਰਾ ਗੁਰੂ ਪੀਰ ਮੁਰਸ਼ਦ ਡਾਕਟਰ ਨਾਹਰ ਸਿੰਘ ।ਜਿਸਦਾ ਜਨਮ ਪਿੰਡ ਫ਼ਤਹਿਗੜ੍ਹ ਨਿਊਆਂ,ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਮਾਤਾ ਸਰਦਾਰਨੀ ਅਜਮੇਰ ਕੌਰ ਅਤੇ ਪਿਤਾ ਸਰਦਾਰ ਰੱਖਾ ਸਿੰਘ ਔਜਲਾ ਦੇ ਘਰ 6 ਅਕਤੂਬਰ 1952 ਨੂੰ ਹੋਇਆ। ਆਪ ਜੀ ਨੇ ਪੰਜਾਬੀ ਵਿੱਚ ਪੀਐੱਚ ਡੀ ਤੱਕ ਦੀ ਉਚੇਰੀ ਸਿੱਖਿਆ ਪ੍ਰਾਪਤ ਕੀਤੀ। ਡੀਏਵੀ ਕਾਲਜ ਚੰਡੀਗੜ੍ਹ ਤੋਂ ਵਾਇਆ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਜਾਬੀ ਵਿਭਾਗ ਗਿਆ,ਜਿਥੇ ਪ੍ਰੋਫ਼ੈਸਰ ਮੁਖੀ ਅਤੇ ਡੀਨ ਭਾਸ਼ਾਵਾਂ ਵੀ ਸੀ ।ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਦੇ ਸੰਕਲਨ ਅਤੇ ਅਧਿਐਨ ਖੇਤਰ ਵਿੱਚ ਬਹੁਮੁੱਲਾ ਕੰਮ ਕੀਤਾ ਹੈ ।ਵਿਸ਼ੇਸ਼ ਰੂਪ ਵਿੱਚ ਮਲਵਈ ਲੋਕ ਕਾਵਿ ਦਾ ਇਕੱਤਰੀਕਰਨ,ਸੰਪਾਦਨ ਅਤੇ ਅਧਿਐਨ ਦਾ ਵੱਡ ਆਕਾਰੀ ਅਤੇ ਮਿਆਰੀ ਖੋਜ ਪ੍ਰਾਜੈਕਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਕੀਤਾ ਹੈ। ਇਸ ਵਿੱਚ ਮਲਵਈ ਮਰਦਾਂ ਦੇ ਗਿੱਧੇ ਦੀਆਂ ਬੋਲੀਆਂ (ਕਾਲਿਆ ਹਰਨਾਂ ਰੋਹੀਏਂ ਫਿਰਨਾਂ) ਮਲਵੈਣਾਂ ਦੇ ਗਿੱਧੇ ਦੀਆਂ ਬੋਲੀਆਂ (ਲੌਂਗ ਬੁਰਜੀਆਂ ਵਾਲਾ) ਮਲਵੈਣਾਂ ਦੇ ਲੰਮੇ ਗੌਣ (ਚੰਨਾ ਤੇਰੀ ਚਾਨਣੀ) ਮਲਵੈਣਾਂ ਦੇ ਬਿਰਹੜੇ (ਖ਼ੂਨੀ ਨੈਣ ਜਲ ਭਰੇ) ਘੋੜੀਆਂ ਸੁਹਾਗ (ਬਾਗ਼ੀ ਚੰਬਾ ਖਿਲ ਰਿਹਾ) ਸਿੱਠਣੀਆਂ ਤੇ ਹੇਅਰੇ (ਰੜੇ ਭੰਬੀਰੀ ਬੋਲੇ),ਰੀਤਾਂ ਰਿਵਾਜਾਂ ਦੇ ਗੀਤ ( ਮਾਂ ਸੁਹਾਗਣ ਸ਼ਗਨ ਕਰੇ )ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਬਾਕੀ ਪ੍ਰਕਾਸ਼ਨ ਲਈ ਦਿੱਤੀਆਂ ਹੋਈਆਂ ਹਨ ਪਹਿਲਾਂ ਇਹ ਪ੍ਰਾਜੈਕਟ ਦਸ ਜਿਲਦਾਂ ਵਿੱਚ ਉਲੀਕਿਆ ਸੀ ਪਰ ਇਹ ਛੱਪਣ ਸਮੇਂ ਬਾਰਾਂ ਜਿਲਦਾਂ ਵਿੱਚ ਫੈਲ ਗਿਆ। ਇਨ੍ਹਾਂ ਲੋਕ ਗੀਤਾਂ ਦੀ ਏਨੀ ਜ਼ਿਆਦਾ ਮੰਗ ਹੈ ਕਿ ਪਹਿਲੀਆਂ ਚਾਰ ਜਿਲਦਾਂ ਚਾਰ ਚਾਰ ਵਾਰ ਛਪ ਚੁੱਕੀਆਂ ਹਨ। ਪੰਜਾਬੀ ਦੀ ਕਿਸੇ ਵੀ ਉਪ ਭਾਸ਼ਾ ਵਿੱਚ ਤਾਂ ਕੀ ਸਮੁੱਚੀ ਪੰਜਾਬੀ ਭਾਸ਼ਾ ਵਿੱਚ ਵੀ ਐਨਾ ਵੱਡਾ ਲੋਕ ਕਾਵਿ ਦਾ ਸੰਗ੍ਰਹਿ ਨਾ ਕਿਸੇ ਵਿਅਕਤੀ ਨੇ ਕੀਤਾ ਹੈ ਅਤੇ ਨਾ ਹੀ ਸ਼ਾਇਦ ਕੋਈ ਸੰਸਥਾ ਕਰ ਸਕੇ। ਇਕੱਤਰੀਕਰਨ ਅਤੇ ਸੰਪਾਦਨ ਤੋਂ ਇਲਾਵਾ ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ,ਪੰਜਾਬੀ ਲੋਕ ਨਾਚਾਂ ਦੀ ਸੱਭਿਆਚਾਰਕ ਭੂਮਿਕਾ ਤੇ ਸਾਰਥਿਕਤਾ, ਮਾਰਕਸੀ ਰੂਪ-ਚਿੰਤਨ ਅਤੇ ਪੰਜਾਬ ਦੀ ਲੋਕਧਾਰਾ ਚਿੰਤਨ ਤੇ ਚੇਤਨਾ ਲੋਕਧਾਰਾ ਦੇ ਖੇਤਰ ਵਿੱਚ ਸਿਧਾਂਤਕ ਪੁਸਤਕਾਂ ਹਨ ।ਪ੍ਰੋਫੈਸਰ ਨਾਹਰ ਸਿੰਘ ਜੀ ਦੀ ਮੁੱਖ ਤੌਰ ਤੇ ਅਧਿਐਨ ਸਮੱਗਰੀ ਮਾਲਵਾ ਖੇਤਰ ਨਾਲ ਸਬੰਧਿਤ ਰਹੀ ਹੈ ਅਤੇ ਉਨ੍ਹਾਂ ਦੀ ਅਧਿਐਨ ਵਿਧੀ ਦਵੰਦਾਤਮਕ ਪਦਾਰਥਵਾਦੀ ਰਹੀ ਹੈ। ਉਨ੍ਹਾਂ ਦੇ ਸਮਕਾਲੀ ਪ੍ਰਸਿੱਧ ਲੋਕਧਾਰਾ ਸ਼ਾਸਤਰੀ ਭੁਪਿੰਦਰ ਸਿੰਘ ਖਹਿਰਾ ਅਨੁਸਾਰ ਨਾਹਰ ਸਿੰਘ ਨੇ ਪੰਜਾਬ ਦੀ ਅਲੋਪ ਹੋ ਰਹੀ ਲੋਕਧਾਰਾ ਨੂੰ ਸਾਂਭਣ ਅਤੇ ਦਸਤਾਵੇਜ਼ੀਕਰਨ ਦਾ ਇਤਿਹਾਸਕ ਕਾਰਜ ਨਿਭਾਇਆ ਹੈ। ਉਸ ਨੇ ਪੰਜਾਬ ਦੀ ਲੋਕਧਾਰਾ ਵਿੱਚ ਕਾਰਜਸ਼ੀਲ ਪੰਜਾਬੀ ਲੋਕ ਮਨ ਦੀ ਕਾਰਜ ਪ੍ਰਕਿਰਿਆ ਨੂੰ ਨਵੇਂ ਗਿਆਨ ਅਨੁਸ਼ਾਸਨਾਂ ਦੇ ਪ੍ਰਸੰਗ ਵਿੱਚ ਸਮਝਿਆ ਹੈ ਅਤੇ ਪੰਜਾਬੀ ਲੋਕਧਾਰਾ ਅਧਿਐਨ ਦਾ ਆਪਣਾ ਇੱਕ ਮੌਲਿਕ ਅਧਿਐਨ ਮਾਡਲ ਉਸਾਰਿਆ ਹੈ । ਲੋਕ ਧਾਰਾ ਬਾਰੇ ਉਦਰੇਵਾਂ ਅਤੇ ਰੁਦਨ ਪੇਸ਼ ਕਰਨ ਦੀ ਥਾਂ ਇਸ ਨੂੰ ਸੁਚੱਜੇ ਢੰਗ ਨਾਲ ਸਾਂਭਣ ਦਾ ਉਪਰਾਲਾ ਕੀਤਾ ਹੈ ਅਤੇ ਇਸ ਦੇ ਹਾਂ ਪੱਖੀ ਮਾਨਵਵਾਦੀ ਅੰਸ਼ਾਂ ਨੂੰ ਪ੍ਰਵਾਨਿਆ ਹੈ ਅਤੇ ਰੂੜ ਹੋ ਚੁੱਕੀਆਂ ਪਰੰਪਰਾਵਾਂ ਦਾ ਦਲੇਰੀ ਨਾਲ ਨਿਖੇਧ ਵੀ ਕੀਤਾ। ਮੈਨੂੰ ਮਾਣ ਹੈ ਕਿ ਮੈਂ ਡਾਕਟਰ ਨਾਹਰ ਸਿੰਘ ਦਾ ਵਿਦਿਆਰਥੀ ਰਿਹਾ ਹਾਂ। ਇਸ ਮਾਣ ਵਿੱਚ ਉਨ੍ਹਾਂ ਨੇ ਆਪਣੀ ਤਾਜ਼ੀ ਛਪੀ ਪੁਸਤਕ ਪੰਜਾਬ ਦੀ ਲੋਕਧਾਰਾ ਚਿੰਤਨ ਤੇ ਚੇਤਨਾ ਭੇਟ ਕਰਦਿਆਂ ਹੋਰ ਵੀ ਵਾਧਾ ਕਰ ਦਿੱਤਾ ਜਦ ਉਨ੍ਹਾਂ ਨੇ ਲਿਖਿਆ ਕਿ ਨਾਮਵਰ ਸਾਹਿਤ ਚਿੰਤਕ ਆਪਣੇ ਜੇਠੇ ਖੋਜ ਵਿਦਿਆਰਥੀ ਡਾ ਰਜਿੰਦਰਪਾਲ ਸਿੰਘ ਬਰਾੜ ਤੇ ਚਰਨਜੀਤ ਕੌਰ ਲਈ ਡੂੰਘੇ ਸਨੇਹ ਹਿੱਤ ਇੱਕ ਅਗਸਤ,ਵੀਹ ਸੋ ਅਠਾਰਾਂ ਨੂੰ ਉਨ੍ਹਾਂ ਨੇ ਇਹ ਸ਼ਬਦ ਲਿਖ ਕੇ ਸਰਸ਼ਾਰ ਕਰ ਦਿੱਤਾ । ਇਨ੍ਹਾਂ ਲਾਈਨਾਂ ਨੂੰ ਪਹਿਲੇ ਪਹਿਰੇ ਦੇ ਵਿੱਚ ਹੋਈ ਪਹਿਲੀ ਮਿਲਣੀ ਨਾਲ ਜੋੜ ਕੇ ਪੜ੍ਹੋ ਤਾਂ ਨੂੰ ਪਤਾ ਲੱਗਦਾ ਹੈ ਕਿ ਕਿ ਗੁਰੂ ਦੇ ਦੁਆਰ ਮੁਰਸ਼ਦ ਕੋਲ ਪ੍ਰਵਾਨ ਪੈਣ ਲਈ ਲੰਮੀ ਉਡੀਕ ਕਰਨੀ ਪੈਂਦੀ ਹੈ। ਡਾਕਟਰ ਨਾਹਰ ਸਿੰਘ ਭਰਾਵਾਂ ਤੋਂ ਵੱਧ ਮਿੱਤਰਾਂ ਵਰਗੇ ਗੁਰੂ ਹਨ, ਇਹੀ ਦੁਆ ਹੈ ਕਿ ਸਭ ਨੂੰ ਅਜਿਹੇ ਗੁਰੂ ਮਿਲਣ।

ਪ੍ਰੋ ਰਾਜਿੰਦਰ ਪਾਲ ਸਿੰਘ ਬਰਾੜ(ਡਾ)

ਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ,ਪਟਿਆਲਾ,ਸੰਪਰਕ :

9815050617,rpsbrar@gmail.com

Surjit Singh Bhatti

 

 

Advertisements

ਹਰੀਸ਼ ਜੈਨ  ਜੱਟ ਬਾਣੀਆ

 

ਹਰੀਸ਼ ਜੈਨ  ਜੱਟ ਬਾਣੀਆ

ਰਜਿੰਦਰ ਪਾਲ ਜੀ ਨੇ ਆਪਣਾ ਲਿਖਿਆ ਪੜ੍ਹਣ ਲਈ ਭੇਜਿਆ।

ਕਮਾਲ  ਦੀ ਲਿਖਤ ਲੱਗੀ। ਸੋਚਿਆ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗਾ।   ਮੇਰਾ ਸੁਝਾਅ ਹੈ ਕਿ ਲੇਖਕ,ਸੁਹਿਰਦ ਪਾਠਕ ਜ਼ਰੂਰ ਪੜ੍ਹਣ।

Slide7

ਪੰਜਾਬ ਵਿੱਚ ਇਹ ਮਸ਼ਹੂਰ ਹੈ ਕਿ ਪੰਜਾਬੀ ਦਾ ਕੋਈ ਅਦਾਕਾਰ,ਨਾਟਕਕਾਰ,ਪ੍ਰਕਾਸ਼ਕ ਕੁੱਲਵਕਤੀ ਬਣ ਕੇ ਪੈਸਾ ਨਹੀਂ ਕਮਾ ਸਕਿਆ, ਜੁਆਕਾਂ ਨੂੰ ਰੋਟੀ ਨਹੀਂ ਦੇ ਸਕਿਆ,ਸਭ ਨੰਗ ਹੀ ਹੋਏ ਨੇ ਪਰ ਦੱਸਣ ਵਾਲੇ ਇਹ ਵੀ ਦੱਸਦੇ ਹਨ ਕਿ ਤਿੰਨ ਅਪਵਾਦ ਮੇਹਰ ਮਿੱਤਲ,ਬਲਵੰਤ ਗਾਰਗੀ ਅਤੇ ਹਰੀਸ਼ ਜੈਨ ਹਨ। ਹੁਣ ਤੁਸੀਂ ਪੁੱਛੋਗੇ ਕਿ ਇਨ੍ਹਾਂ ਵਿੱਚ ਕੀ ਸਾਂਝੇਦਾਰੀ ਹੋਈ ਤਾਂ ਦੱਸ ਦਿੰਦੇ ਹਾਂ , ਇਹ ਤਿੰਨੋਂ ਬਾਣੀਏ ਹਨ ਆਪਣੇ ਆਪਣੇ ਖੇਤਰਾਂ ਵਿੱਚ ਆਪੋ ਆਪਣੇ ਸਮੇਂ ਨਾਂ ਤੇ ਨਾਵਾਂ ਖੱਟਣ ਵਾਲੇ। ਸੱਚਮੁੱਚ ਹਰੀਸ਼ ਜੈਨ ਦਾ ਪ੍ਰਕਾਸ਼ਨ ਦੇ ਖੇਤਰ ਵਿੱਚ ਨਾਂ ਵੀ ਹੈ ਅਤੇ ਉਸ ਨੇ ਨਾਵਾਂ ਵੀ ਖੱਟਿਆ ਹੈ।

ਅਜੀਤ ਕੌਰ ਦੀਆਂ ਸਵੈ ਜੀਵਨੀ ਮੂਲਕ ਰਚਨਾਵਾਂ ਵਿੱਚ ਇੱਕ ਪ੍ਰਕਾਸ਼ਕ ਓਮੀ ਆਉਂਦਾ ਹੈ। ਮੈਨੂੰ ਪਤਾ ਹੈ, ਉਹ ਹਰੀਸ਼ ਜੈਨ ਨਹੀਂ ਹੈ ਪਰ ਮੈਨੂੰ ਉਸ ਦਾ ਚਿਹਰਾ ਮੋਹਰਾ ਹਮੇਸ਼ਾ ਹਰੀਸ਼ ਵਰਗਾ ਲੱਗਦਾ ਰਿਹਾ ਹੈ। ਉਹ ਓਮੀ ਵਾਲੀਆਂ ਧੱਤਾਂ ਤੋਂ ਕੋਹਾਂ ਦੂਰ ਹੈ ਪਰ ਉਸ ਦਾ ਮੇਰੇ ਉੱਪਰ ਪ੍ਰਭਾਵ ਹਮੇਸ਼ਾਂ ਓਮੀ ਵਾਲਾ ਹੀ ਪਿਆ ਹੈ।ਪਤਾ ਨਹੀਂ ਕਿਉਂ ?

ਹਰੀਸ਼ ਜੈਨ ਵਿੱਚ ਬਾਣੀਆਂ ਵਾਲੀ ਕੰਜੂਸੀ ਵੀ ਹੈ ਤੇ ਜੈਨੀਆਂ ਵਾਲੀ ਸ਼ਾਇਸਤਗੀ ਵੀ ਹੈ ਪਰ ਇਸ ਦੇ ਬਾਵਜੂਦ ਮੈਂ ਹਮੇਸ਼ਾ ਹੀ ਉਸ ਨੂੰ ਜੱਟ ਬਾਣੀਆਂ ਆਖਦਾ ਹਾਂ । ਉਹ ਜੱਟ ਬਾਣੀਆਂ ਹੀ ਹੈ ਭਾਵੇਂ ਜੱਟਾਂ ਵਾਂਗ ਦਾਰੂ ਪੀ ਕੇ ਨਾ ਬੜ੍ਹਕਾਂ ਮਾਰਦਾ ਨਾ ਬੰਦਾ ਬੁੰਦਾ ਮਾਰਨ ਦੀ ਫੜ੍ਹ ਮਾਰਦਾ ਪਰ ਫੇਰ ਵੀ ਉਹ ਜੱਟ ਬਾਣੀਆਂ ਹੈ ।ਉਸ ਕੋਲ ਜੱਟਾਂ ਵਾਲੀ ਦਲੇਰੀ ਵੀ ਹੈ ਤੇ ਜ਼ਮੀਨ ਵੀ ਹੈ।ਜ਼ਮੀਨ ਉਸ ਨੇ ਕਿਸੇ ਤੋਂ ਵਿਆਜ ਦਰ ਵਿਆਜ ਲਾਕੇ ਗਹਿਣੇ ਨਹੀਂ ਲਈ ਸਗੋਂ ਨਗਦ ਖਰੀਦੀ ਹੈ,ਪਹਿਲਾਂ ਡੇਰਾ ਬੱਸੀ ਕੋਲ,ਹੁਣ ਮੁੱਲਾਂਪੁਰ ਕੋਲ । ਉਹੋ ਜਿਹੀ ਜਿਹੋ ਜਿਹੀ ਜ਼ਮੀਨ ਵੱਧ ਬਣਾਉਣ ਦੇ ਚੱਕਰ ਵਿੱਚ ਜੱਟ ਖਰੀਦਦੇ ਹੁੰਦੇ ਪਰ ਜੈਨ ਹੈ ਨਾ ਹਿੱਕ ਦੇ ਜ਼ੋਰ ਨਾਲ ਕਬਜ਼ਾ ਨਹੀਂ ਰੱਖਦਾ ਸਗੋਂ ਨਿਸ਼ਾਨਦੇਹੀ ਕਰਾਕੇ ਪੱਥਰ ਲਾਉਂਦਾ ਫਿਰਦਾ ਹੈ ।ਬੜਾ ਫਿਕਰ ਹੈ ਉਸ ਨੂੰ ਆਪਣੀ ਜ਼ਮੀਨ ਦਾ, ਸੱਚਮੁੱਚ ਬਾਣੀਆਂ ਜੱਟ ਹੋ ਗਿਆ ।

ਹਰੀਸ਼ ਜੈਨ ਪੱਕਾ ਬਿਜ਼ਨਸਮੈਨ ਹੈ ਕਦੇ ਕਿਸੇ ਨਾਲ ਆਪਣੀ ਬਿਜ਼ਨਸ ਪਲਾਨ ਸਾਂਝੀ ਨਹੀਂ ਕਰਦਾ ਪਰ ਹੋਈ ਬੀਤੀ ਬਾਅਦ ਦੇ ਖੁਲਾਸੇ ਦਾ ਤਾਂ ਆਪਣਾ ਹੀ ਆਨੰਦ ਹੈ ।ਦੁਨੀਆਂ ਦੀ ਬਾਣੀਆਂ ਕੌਮ ਯਹੂਦੀ ਮੰਨੇ ਜਾਂਦੇ ਹਨ ਸ਼ੈਕਸਪੀਅਰ ਦੇ ਡਰਾਮਿਆ ਤੋਂ ਲੈ ਉਨ੍ਹਾਂ ਦੀਆਂ ਕਹਾਣੀਆਂ ਤੁਰੀਆਂ ਹੋਈਆਂ। ਇੱਕ ਵਾਰ ਇਜ਼ਰਾਈਲੀ ਯਹੂਦੀ ਭਾਰਤੀ ਜੈਨ ਹਰੀਸ਼ ਨਾਲ ਕਾਂ ਚਿੜੀ ਵਾਂਗ ਇਕੱਠਿਆਂ ਖਿਚੜੀ ਪਕਾਉਣ ਦੀ ਬਾਤ ਪਾਉਣ ਲੱਗੇ। ਸਾਂਝਾ ਕਾਰੋਬਾਰ ਸੀ ਕਿ ਪੰਜਾਬ ਵਿੱਚ ਫੁੱਲਾਂ ਦੀ ਕਾਸ਼ਤ ਕਰਕੇ ਯੂਰਪ ਨੂੰ ਵੇਚੀ ਜਾਵੇ। ਜ਼ਮੀਨ, ਮਸ਼ੀਨਰੀ ਅਤੇ ਤਕਨੀਕ ਦੇ ਉੱਪਰ ਪੈਸੇ ਅੱਧੋ ਅੱਧੀ ਅਤੇ ਮੁਨਾਫਾ ਵੀ ਅੱਧੋ ਅੱਧ । ਸਾਡੇ ਜੈਨ ਸਾਹਿਬ ਦਾ ਦਿਮਾਗ ਕੰਮ ਕਰ ਗਿਆ ਕਹਿੰਦਾ ;ਨਾ ਬਈ ਨਾ ਤੁਸੀਂ ਮਸ਼ੀਨਰੀ ਤੇ ਤਕਨੀਕ ਵੇਚ ਕੇ ਤੁਰਦੇ ਬਣੋਗੇ। ਮੈਨੂੰ ਕੀ ਪਤਾ ਇਹ ਕੀ ਭਾਅ ਮਿਲਦੀ ਹੈ। ਜ਼ਮੀਨ ਮੇਰੀ ਹੋਵੇਗੀ ਮਸ਼ੀਨਰੀ ਤਕਨੀਕ ਤੁਹਾਡੀ ਮੁਨਾਫਾ ਅੱਧੋ ਅੱਧ ਜਿਵੇਂ ਤੁਸੀਂ ਕਹਿੰਦੇ ਹੋ । ਬੋਲੋ ਜੇ ਮਨਜ਼ੂਰ ਅਸਲ ਵਿੱਚ ਉਸ ਨੂੰ ਸਮਝ ਆਗੀ ਕਿ ਇਹ ਜ਼ਮੀਨਾਂ ਨਾਲ ਚੁੱਕ ਲਿਜਾਣੋਂ ਰਹੇ। ਇੰਨਾ ਸੁਣ ਕੇ ਇਜ਼ਰਾਈਲੀ ਅੱਡੀਆਂ ਨੂੰ ਥੁੱਕ ਲਾ ਕੇ ਭੱਜ ਗਏ।ਇਹ ਪਿਛਲੀ ਸਦੀ ਦੇ ਆਖਰੀ ਦਹਾਕੇ ਦੀਆਂ ਗੱਲਾਂ ਹਨ ਸੱਚਮੁੱਚ ਸਮੇਂ ਤੋਂ ਅੱਗੇ ਦੀ ਸੋਚਦਾ ਸੀ ਫੁੱਲਾਂ ਦੀ ਕਾਸ਼ਤ ਅਜੇ ਵੀ ਪੰਜਾਬ ਉਡੀਕਦਾ ਹੈ ।

ਉਹ ਪ੍ਰਕਾਸ਼ਕ ਹੋਣ ਤੋਂ ਪਹਿਲਾਂ ਪਾਠਕ ਹੈ। ਉਸ ਨੇ ਅੰਗਰੇਜ਼ੀ,ਹਿੰਦੀ ਅਤੇ ਪੰਜਾਬੀ ਦੇ ਲਗਪਗ ਹਰ ਵਿਸ਼ੇ ਦੀਆਂ ਢੇਰ ਦੀਆਂ ਢੇਰ ਕਿਤਾਬਾਂ ਪੜ੍ਹੀਆਂ ਹਨ ਜਿਨ੍ਹਾਂ ਵਿੱਚ ਪੰਡਤ ਕੋਕੇ ਦੇ ਕੋਕ ਸ਼ਾਸਤਰ ਤੋਂ ਲੈ ਕੇ ਨਿਕੋਸ ਕਜ਼ਾਨਜ਼ਾਕਿਸ ਦੇ ਜ਼ੋਰਬਾ ਦੀ ਗਰੀਕ ਤੱਕ ਵਾਇਆ ਓਮ ਪ੍ਰਕਾਸ਼ ਸ਼ਰਮਾ ਦੇ ਜਾਸੂਸੀ ਨਾਵਲਾਂ ਤੱਕ ਸਭ ਕੁਝ ਸਮਾਇਆ ਹੋਇਆ ਹੈ ।ਇਹ ਪੜ੍ਹਨ ਦੀ ਲੱਤ ਕਾਰਨ ਪ੍ਰਕਾਸ਼ਕ ਬਣਿਆ ਜਾਪਦਾ। ਗਿਆਨ ਤੋਂ ਲੈ ਕੇ ਵਿਗਿਆਨ ਤੱਕ ਸਭ ਕੁਝ ਪੜ੍ਹਦਾ ਹੈ। ਪੰਜਾਬੀ ਲੇਖਣੀ ਬਾਰੇ ਉਸ ਦੇ ਵਿਚਾਰ ਕੋਈ ਬਹੁਤ ਉੱਚੇ ਨਹੀਂ ਪਰ ਲੇਖਕਾਂ ਦੀਆਂ ਲਿਖਤਾਂ ਬਾਰੇ ਉਸ ਦੇ ਆਪਣੇ ਮਾਪਦੰਡ ਹਨ। ਉਸ ਨੂੰ ਲਿਖਤਾਂ ਦੇ ਚੰਗੇ ਮਾੜੇ ਬਾਰੇ, ਸਾਹਿਤਕ ਗੁਣਾਂ ਬਾਰੇ ਅਤੇ ਵਿਕਣਯੋਗ / ਨਾ ਵਿਕਣਯੋਗ ਹੋਣ ਬਾਰੇ ਕਿਸੇ ਵੀ ਹੋਰ ਨਾਲੋਂ ਵੱਧ ਪਤਾ ਹੈ ।ਉਹ ਚੰਗੇ ਸਾਹਿਤਕ ਗੁਣਾਂ ਅਤੇ ਵਿਕਣ ਵਾਲੀਆਂ ਵਾਲੀਆਂ ਪੁਸਤਕਾਂ ਦਾ ਸੁਮੇਲ ਪਸੰਦ ਕਰਦਾ ਹੈ ।ਪਰ ਕਈ ਵਾਰ ਸਾਹਿਤਕ ਗੁਣਾਂ ਵਾਲੀਆਂ ਪੁਸਤਕਾਂ ਦੀ ਥਾਂ ਕੂੜਾ ਕਬਾੜਾ ਛਾਪ ਦਿੰਦਾ ਹੈ ਇਸ ਪਿੱਛੇ ਉਹਦਾ ਕੀ ਵਪਾਰਕ ਗਣਿਤ ਹੁੰਦਾ ਹੈ ਮੈਨੂੰ ਤਾਂ ਅੱਜ ਤੱਕ ਸਮਝ ਨਹੀਂ ਆਇਆ ।ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਹ ਪੈਸੇ ਲੈ ਕੇ ਕਿਤਾਬਾਂ ਛਾਪ ਦਿੰਦਾ ਹੈ । ਬਿਲਕੁੱਲ ਉਹ ਪੈਸੇ ਲੈ ਕੇ ਕਿਤਾਬਾਂ ਛਾਪ ਦਿੰਦਾ ਹੈ ਉਦੋਂ ਉਹ ਪ੍ਰਕਾਸ਼ਕ ਨਹੀਂ ਸਿਰਫ ਛਾਪਕ ਹੁੰਦਾ ਹੈ, ਉਹ ਆਖਦਾ ਹੈ ਕਿ ਪ੍ਰਕਾਸ਼ਨ ਚੱਲਦਾ ਰੱਖਣ ਲਈ ਮਸ਼ੀਨ ਚੱਲਦੀ ਰਹਿਣੀ ਚਾਹੀਦੀ ਹੈ ।ਉਸ ਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੁੰਦਾ ਕਿ ਇਹ ਪੁਸਤਕ ਉੱਚ ਸਾਹਿਤਕ ਗੁਣਾਂ ਵਾਲੀ ਨਹੀਂ ਹੈ ਪਰ ਵਿਕੇਗੀ ਬਹੁਤ ਜਾਂ ਇਹ ਪੁਸਤਕ ਸਾਹਿਤਕ ਗੁਣਾਂ ਵਾਲੀ ਹੈ ਪਰ ਵਿਕੇਗੀ ਘੱਟ, ਇਹ ਪੁਸਤਕ ਸਾਹਿਤਕ ਗੁਣਾਂ ਵਾਲੀ ਵੀ ਹੈ ਅਤੇ ਵਿਕੇਗੀ ਵੀ। ਸਾਰੇ ਤਰ੍ਹਾਂ ਦੀਆਂ ਪੁਸਤਕਾਂ ਛਾਪਣ ਜਾਂ ਨਾ ਛਾਪਣ ਪਿੱਛੇ ਤਰਕ ਹੁੰਦੇ ਹਨ । ਆਮ ਕਰਕੇ ਉਸ ਨੇ ਘਾਟਾ ਕਿਸੇ ਚੀਜ਼ ਵਿੱਚ ਵੀ ਨਹੀਂ ਖਾਧਾ ਪਰ ਕਈ ਵਾਰ ਉਹ ਅਜਿਹੇ ਕੰਮ ਜ਼ਰੂਰ ਕਰਦਾ ਹੈ ਕਿ ਜਿਨ੍ਹਾਂ ਨੂੰ ਜੂਏ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ ਜਿਵੇਂ ਕਦੇ ਉਹ ਰਿਕਾਰਡ ਕੱਢਦਾ ਹੈ, ਕਦੇ ਫ਼ਿਲਮ ਬਣਾਉਣ ਦੀ ਪਲਾਨਿੰਗ ਕਰਦਾ ਹੈ, ਕਦੇ ਅਵਲਾਂਚ ਕੱਢਦਾ ਹੈ ਤੇ ਕਦੇ ਰੇਡੀਓ ਸਟੇਸ਼ਨ ਚਲਾਉਣਾ ਚਾਹੁੰਦਾ ਹੈ।ਉਸ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਹੁਣ ਰੋਹਿਤ ਉਸ ਨੂੰ ਵਰਜ ਦਿੰਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਹੁਣ ਉਸਦੀ ਅਜਿਹੀ ਉਮਰ ਹੈ ਕਿ ਰੋਹਿਤ ਦੀ ਵਰਜਣਾ ਮੰਨ ਲੈਣੀ ਚਾਹੀਦੀ ਹੈ ।ਪਰ ਦਿਲ ਹੀ ਉਦਾਸ ਹੈ,ਬਾਕੀ ਸਭ ਰੰਗ ਭਾਗ ਲੱਗੇ ਨੇ।

ਉਸ ਨੇ ਬਹੁਤ ਕੁਝ ਲਿਖਿਆ ਹੈ ਪਰ ਅਸਲ ਵਿੱਚ ਤਾਂ ਉਸ ਦਾ ਕੰਮ ਸ਼ਹੀਦੇ ਆਜਮ ਭਗਤ ਸਿੰਘ ਉੱਪਰ ਹੈ ਉਸਦਾ ਇਹ ਡਰੀਮ ਪ੍ਰਾਜੈਕਟ ਮਹੱਤਵਪੂਰਨ ਹੈ । ਮੈਂ ਦਾਅਵੇ ਨਾਲ ਕਹਿ ਸਕਦਾ ਹੈ ਕਿ ਇਸ ਦੇ ਦਸਵੇਂ ਹਿੱਸੇ ਨਾਲ ਵੀ ਬੜੇ ਲੋਕ ਪੀਐੱਚ ਡੀ ਲੈ ਜਾਂਦੇ ਹਨ।ਉਸ ਨੇ ਜਨੂੰਨ ਨਾਲ ਕੰਮ ਕੀਤਾ ਹੈ, ਮੁਹੱਬਤ ਨਾਲ ਕੰਮ ਕੀਤਾ ਹੈ ਪਰ ਤਰਕ ਦਾ ਪੱਲਾ ਕਿਤੇ ਵੀ ਨਹੀ ਛੱਡਿਆ। ਜਦੋਂ ਉਸ ਨੇ ਭਗਤ ਸਿੰਘ ਦੀ ਜੇਲ੍ਹ ਡਾਇਰੀ ਅਨੁਵਾਦ ਕਰਨ ਲਈ ਦਿੱਤੀ ਤਾਂ ਮੇਰੀ ਰੀਝ ਸੀ ਕਿ ਇਸ ਦੀ ਭੂਮਿਕਾ ਭਗਤ ਸਿੰਘ ਜੀ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਲਿਖਣ ਉਨ੍ਹਾਂ ਨੇ ਭੂਮਿਕਾ ਲਿਖਣ ਵਿੱਚ ਐਨੀ ਦੇਰ ਕਰ ਦਿੱਤੀ ਕਿ ਉਸ ਤੋਂ ਪਹਿਲਾਂ ਮੇਘਰਾਜ ਮਿੱਤਰ ਦੀ ਤਰਕ ਭਾਰਤੀ ਪ੍ਰਕਾਸ਼ਨ ਨੇ ਪੰਜਾਬੀ ਅਨੁਵਾਦ ਛਾਪ ਦਿੱਤਾ। ਮੈਂ ਥੋੜ੍ਹਾ ਨਿਰਾਸ਼ ਹੋਇਆ ਪਰ ਇਸੇ ਦੌਰਾਨ ਹਰੀਸ਼ ਜੈਨ ਆਖਣ ਲੱਗਾ ਕਿ ਆਪਾਂ ਡਾਇਰੀ ਇੰਜ ਛਾਪਾਂਗੇ ਜਿਵੇਂ ਕੋਈ ਨਾ ਛਾਪ ਸਕਿਆ, ਇੱਕ ਪਾਸੇ ਹੱਥ ਲਿਖਤ ਦੂਜੇ ਪਾਸੇ ਪੰਜਾਬੀ ਅਨੁਵਾਦ ਖੈਰ ਇਹ ਗੱਲ ਕਈ ਤਕਨੀਕੀ/ ਗ਼ੈਰ ਤਕਨੀਕੀ ਕਾਰਨਾਂ ਕਰਕੇ ਸਿਰੇ ਨਾ ਚੜ੍ਹੀ ਪਰ ਇਹਨਾਂ ਹੀ ਦਿਨਾਂ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ ਜੀ ਨੇ ਸਾਨੂੰ ਕੁਝ ਉਹ ਪੰਨਿਆਂ ਦੀਆਂ ਫੋਟੋ ਕਾਪੀਆਂ ਦੇ ਦਿੱਤੀਆਂ ਜਿਹੜੇ ਮੂਲ ਡਾਇਰੀ ਦਾ ਹਿੱਸਾ ਨਹੀਂ ਸਨ। ਇਸ ਦਾ ਅਨੁਵਾਦ ਵੀ ਕੀਤਾ ਅਤੇ ਉਹ ਡਾਇਰੀ ਵਿੱਚ ਛਾਪਿਆ ਗਿਆ ਪਰ ਇਹ ਲੱਭਤ ਦਾ ਪਤਾ ਚੱਲਣ ਤੇ ਮੈਂ ਤਾਂ ਖੁਸ਼ ਹੋਣਾ ਹੀ ਸੀ ਹਰੀਸ਼ ਦੀ ਖੁਸ਼ੀ ਦੇਖਣ ਵਾਲੀ ਸੀ ਜਿਵੇਂ ਕੋਈ ਕਾਰੂ ਦਾ ਖਜ਼ਾਨਾ ਲੱਭ ਪਿਆ ਹੋਵੇ। ਅਸਲ ਵਿੱਚ ਤਾਂ ਸ਼ਾਇਦ ਹੀ ਕੋਈ ਅਜਿਹਾ ਸਰੋਤ ਹੋਵੇ ਜਿਹੜਾ ਭਗਤ ਸਿੰਘ ਬਾਰੇ ਮੌਜੂਦ ਹੋਵੇ ਅਤੇ ਉਸ ਨੇ ਨਾ ਪੜ੍ਹਿਆ ਹੋਵੇ ।ਅਖੀਰ ਉਸ ਨੂੰ ਇੱਕ ਨਵਾਂ ਜਨੂੰਨ ਚੜ੍ਹ ਗਿਆ ਤੇ ਉਸ ਨੇ ਭਗਤ ਸਿੰਘ ਦੀ ਜੇਲ੍ਹ ਡਾਇਰੀ ਵਿੱਚ ਸ਼ਾਮਲ ਟੂਕਾਂ ਵਾਲੀਆਂ ਸਾਰੀਆਂ ਪੁਸਤਕਾਂ ਲੱਭਣ ਦਾ ਤਹੱਈਆ ਕਰ ਲਿਆ ਅਤੇ ਇਹ ਲੱਭਦਿਆਂ ਲੱਭਦਿਆਂ ਉਸਨੇ ਇਹ ਵੀ ਲੱਭ ਲਿਆ ਕਿ ਬਹੁਤ ਸਾਰੀਆਂ ਟੂਕਾਂ ਤਾਂ ਕਰਾਈ ਫਾਰ ਜਸਟਿਸ ਵਿੱਚ ਹੈ। ਉਸ ਨੇ ਉਹ ਕਿਤਾਬ ਵੀ ਛਾਪ ਦਿੱਤੀ। ਅਖੀਰ ਉਸ ਨੇ ਅੰਗਰੇਜ਼ੀ ਵਾਲੀ ਕਿਤਾਬ ਵਿੱਚ ਇੱਕ ਪਾਸੇ ਹੱਥ ਲਿਖਤ ਅਤੇ ਦੂਜੇ ਪਾਸੇ ਮੂਲ ਅੰਗਰੇਜ਼ੀ ਹੀ ਨਹੀਂ ਛਾਪੀ ਸਗੋਂ ਹਰ ਟੂਕ ਵਾਲੀ ਮੂਲ ਪੁਸਤਕ ਅਤੇ ਉਸ ਦੇ ਲੇਖਕ ਬਾਰੇ ਜਾਣਕਾਰੀ ਵੀ ਅੰਤ ਟਿੱਪਣੀਆਂ ਵਿੱਚ ਦਰਜ ਕਰ ਦਿੱਤੀ ਹੈ। ਮੁੱਲਵਾਨ ਪੁਸਤਕ ਦੀ ਸਾਰੇ ਆਲੋਚਕਾਂ ਨੇ ਬਹੁਤ ਤਾਰੀਫ਼ ਕੀਤੀ। ਇਹ ਪੁਸਤਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਿਲੀਜ਼ ਕੀਤੀ ਸੀ ।

ਅਕਸਰ ਜਹਾਨ ਭਰ ਦੀਆਂ ਗੱਲਾਂ ਕਰਦਿਆਂ ਕਈ ਵਾਰ ਬਹਿਸ ਵੀ ਹੋ ਜਾਂਦੀ ਹੈ ਇੱਕ ਵਾਰ ਮੈਂ ਉਸ ਨੂੰ ਕਿਹਾ ਤੁਸੀਂ ਲੇਖਕਾਂ ਤੋਂ ਪੈਸੇ ਲੈ ਕੇ ਕਿਤਾਬ ਛਾਪਦੇ ਹੋ , ਤੁਸੀਂ ਗਲਤ ਕਰਦੇ ਹੋ , ਲੇਖਕ ਏਨੀ ਮਿਹਨਤ ਕਰਦੇਆ, ਫਿਰ ਪੱਲਿਓਂ ਪੈਸੇ ਖ਼ਰਚਦੇ ਨੇ ਤੁਸੀਂ ਉਨ੍ਹਾਂ ਦੀ ਛਿੱਲ ਲਾਉਂਦੇ ਹੋ ਕੁਝ ਤਾਂ ਸ਼ਰਮ ਕਰੋ, ਤਰਸ ਖਾਓ। ਉਹ ਠਰੰਮੇ ਨਾਲ ਬੋਲਿਆ ਅਸੀਂ ਉਨ੍ਹਾਂ ਨੂੰ ਪੈਸੇ ਦਿੰਦੇ ਹਾਂ ਜਿਹੜੇ ਲੇਖਕ ਹਨ, ਦਲੀਪ ਕੌਰ ਟਿਵਾਣਾ ਤੋਂ ਪੁੱਛ, ਭਾਵਾਂ ਗੁਰਦਿਆਲ ਸਿੰਘ ਤੋਂ ਪੁੱਛ, ਚਾਹੇ ਕੰਵਲ ਤੋਂ ਪੁੱਛ ,ਪਾਤਰ ਤੋਂ ਪੁੱਛ ,ਅਸੀਂ ਕੁਝ ਸਮਾਂ ਪਹਿਲਾਂ ਅਣਖੀ ਨੂੰ ਪੈਸੇ ਦੇ ਕੇ ਹਟੇ ਹਾਂ ।ਮੈਂ ਮੋੜਵਾਂ ਵਾਰ ਕੀਤਾ ਤੁਸੀਂ ਪੁਰਾਣੇ ਲੇਖਕਾਂ ਨੂੰ ਦਿੰਦੇ ਹੋਵੇਗੇ ਜਿਹੜੇ ਪਾਠ ਪੁਸਤਕ ਵਜੋਂ ਸਿਲੇਬਸਾਂ ਵਿੱਚ ਹਨ।ਉਹ ਫਿਰ ਮੁਸਕਰਾਉਂਦਾ ਬੋਲਿਆ ਨਹੀਂ ,ਨਵਿਆਂ ਨੂੰ ਵੀ ਦਿੰਦੇ ਹਾਂ,ਲੇਖਕ ਵਿੱਚ ਦਮ ਹੋਵੇ ਅਸੀਂ ਸੁਖਵਿੰਦਰ ਅੰਮ੍ਰਿਤ ਨੂੰ ਵੀ ਦਿੱਤੇ ਹਨ। ਪਰ ਫਿਰ ਵੀ ਤੁਸੀਂ ਆਮ ਲੇਖਕਾਂ ਤੋਂ ਪੈਸੇ ਲੈਂਦੇ ਹੋ ? ਉਹ ਬਹੁਤ ਹੋਲੀ ਬੋਲਿਆ ਅਸੀਂ ਕਿਸੇ ਦੇ ਘਰ ਨਹੀਂ ਜਾਂਦੇ ਕਿ ਸਾਨੂੰ ਆ ਕੇ ਪੈਸੇ ਦਿਓ। ਅਸੀਂ ਲੇਖਕਾਂ ਦੇ ਘਰ ਜ਼ਰੂਰ ਜਾਂਦੇ ਹਾਂ, ਖਰੜੇ ਲੈਣ, ਪੈਸੇ ਦੇਣ।ਮੈਨੂੰ ਯਾਦ ਆਇਆ ਇੱਕ ਵਾਰ ਬਲਵੰਤ ਗਾਰਗੀ ਦੇ ਚੰਡੀਗੜ੍ਹ ਵਾਲੇ ਘਰ ਅਸੀਂ ਦੋਵੇਂ ਖਰੜਾ ਲੈਣ ਗਏ ਸੀ। ਜੈਨ ਨੇ ਪਹਿਲਾਂ ਚੈੱਕ ਫੜਾਇਆ ਤਾਂ ਗਾਰਗੀ ਨੇ ਅੰਦਰੋਂ ਖਰੜਾ ਦਿੱਤਾ,ਮੈਂ ਖਰੜਾ ਫਰੋਲਣ ਲੱਗ ਪਿਆ ।ਏਨੀ ਦੇਰ ਵਿੱਚ ਦੋਹਾਂ ਨੇ ਐਗਰੀਮੈਂਟ ਸਾਈਨ ਕੀਤਾ ਜਿਸ ਵਿਚ ਇਹ ਲਿਖਿਆ ਸੀ ਕਿ ਅੰਗਰੇਜ਼ੀ ਰੂਪ ਪਹਿਲਾਂ ਛਪੇਗਾ ਤੇ ਪੰਜਾਬੀ ਰੂਪ ਬਾਅਦ ਵਿੱਚ ਛਾਪੇਗਾ। ਅਜੇ ਅੰਗਰੇਜ਼ੀ ਰੂਪ ਛਪਿਆ ਨਹੀਂ ਸੀ ਸੋ ਉਸ ਨੇ ਖਰੜਾ ਮੁੜ ਅੰਦਰ ਰੱਖ ਲਿਆ ਅਤੇ ਨਾਲ ਚੈੱਕ ਵੀ । ਅਸੀਂ ਚਾਹ ਪੀਤੀ ਨਮਸਕਾਰ ਬੁਲਾ ਕੇ ਵਾਪਸ ਆ ਗਏ।ਪਰ ਮੈਂ ਹਾਰ ਮੰਨਣ ਵਾਲਾ ਨਹੀਂ ਸੀ ਆਪਣੀ ਲੇਖਕ ਬਰਾਦਰੀ ਲਈ ਪ੍ਰਕਾਸ਼ਕ ਨਾਲ ਫਿਰ ਆਡਾ ਲਾਇਆ ਚੱਲ ਬਾਕੀ ਗੱਲਾਂ ਛੱਡ ਲੇਖਕ ਇੰਨੀ ਮਿਹਨਤ ਕਰਦੇ ਹਨ, ਪੈਸੇ ਲਗਾਉਂਦੇ ਹਨ ।ਆਖਰ ਉਨ੍ਹਾਂ ਨੂੰ ਕੀ ਮਿਲਦਾ ਹੈ । ਉਹ ਪੰਜਾਬੀ ਪਿਆਰ ਲਈ ਕਰਦੇ ਹਨ। ਤੁਸੀਂ ਉਨ੍ਹਾਂ ਦੇ ਪੰਜਾਬੀ ਪਿਆਰ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋ । ਇਸ ਵਾਰ ਥੋੜ੍ਹਾ ਰਹੱਸਮਈ ਅੰਦਾਜ਼ ਵਿੱਚ ਬੋਲੇ ਕੋਈ ਪੰਜਾਬੀ ਪਿਆਰ ਪੂਰ ਨਹੀਂ ,ਸਭ ਲੇਖਕ ਬਣਨ ਦਾ ਚੱਕਰ ਹੈ । ਆਖਰ ਮੈਂ ਪੁੱਛਿਆ ਲੇਖਕ ਬਣਕੇ ਫਾਇਦਾ ਕੀ ਹੁੰਦੈ।ਇਹ ਤੂੰ ਮੇਰੇ ਤੋਂ ਨਾ ਪੁੱਛ, ਉਨ੍ਹਾਂ ਤੋਂ ਪੁੱਛ ਜਿਹੜੇ ਪੈਸੇ ਦੇਕੇ ਕਿਤਾਬ ਛੁਪਾਉਂਦੇ ਨੇ, ਲੇਖਕ ਬਣਦੇ ਨੇ, ਮੈਨੂੰ ਤੇ ਇੰਨਾ ਪਤਾ ਹੈ ਕਿ ਜਿਹੜਾ ਬੰਦਾ ਹੁਣੇ ਖਰੜਾ ਦੇਕੇ ਗਿਆ ਹੈ ਨਾ ,ਇਹ ਪੰਦਰਾਂ ਹਜ਼ਾਰ ਵਿੱਚ ਤਿੰਨ ਸੌ ਕਿਤਾਬ ਛਪਾਉਂਦਾ ਹੈ। ਸਾਰੀ ਦੀ ਸਾਰੀ ਮੁਫ਼ਤ ਵੰਡੇਗਾ, ਬੋਰਡ ਦਾ ਸਾਧਾਰਨ ਕਰਮਚਾਰੀ ਹੈ । ਕੱਲ੍ਹ ਜਦੋਂ ਚੇਅਰਮੈਨ ਤੋਂ ਲੈ ਕੇ ਮੈਂਬਰਾਂ ਤੱਕ ਸਭ ਨੂੰ ਪੁਸਤਕ ਭੇਟ ਕਰਦੇ ਦੀਆਂ ਅਖ਼ਬਾਰਾਂ ‘ਚ ਫੋਟੋਆਂ ਛਪੀਆਂ ਤਾਂ ਸਾਰੇ ਬੋਰਡ ਵਿੱਚ ਲੇਖਕ ਲੇਖਕ ਹੋ ਜੂਗੀ ।ਉਸ ਤੋਂ ਬਾਅਦ ਕਿਸੇ ਨੇ ਸੀਟ ਬਦਲੀ ਤਾਂ ਕੀ ਕਰਨੀਆਂ ਕਿਸੇ ਨੇ ਕੰਮ ਵੀ ਨਹੀਂ ਪੁੱਛਣਾ ਸਗੋਂ ਆਏ ਨੂੰ ਚਾਹ ਪਾਣੀ ਪੁੱਛਿਆ ਕਰਨਗੇ ।ਪਰ ਇਸ ਨੇ ਸਾਡੀ ਮਾਰਕੀਟ ਖਰਾਬ ਕਰ ਦੇਣੀ ਹੈ ਅਜਿਹੇ ਲੇਖਕ ਪਾਠਕ ਪੈਦਾ ਨਹੀਂ ਕਰਦੇ ਸਗੋਂ ਪਾਠਕ ਮਾਰਦੇ ਹਨ। ਸਾਨੂੰ ਪੈਸੇ ਦੇਣ ਵਾਲੇ ਲੇਖਕ ਨਹੀਂ ਚਾਹੀਦੇ ਸਾਨੂੰ ਪਾਠਕ ਦੇਣ ਵਾਲੇ ਲੇਖਕ ਚਾਹੀਦੇ। ਪੈਸੇ ਤਾਂ ਆਪਣੇ ਆਪ ਪਾਠਕ ਦੇ ਦੇਣਗੇ ।ਸੋਨੇ ਦੇ ਆਂਡੇ ਵਾਲੀ ਮੁਰਗੀ ਚਾਹੀਦੀ ਹੈ ਜੋ ਇੱਕ ਵਾਰ ਨਹੀਂ ਸਗੋਂ ਸਾਲੋਂ ਸਾਲ ਕਾਪੀਰਾਈਟ ਖਤਮ ਹੋਣ ਤੱਕ ਅੰਡੇ ਦੇਵੇ। ਉਹ ਲੇਖਕ ਨਹੀਂ ਚਾਹੀਦੇ ਜੋ ਇੱਕ ਵਾਰ ਪੈਸਾ ਦੇ ਜਾਣ ।ਅਸੀ ਮੁਰਗੀ ਮਾਰਕੇ ਇੱਕ ਆਂਡਾ ਸਿਰ ਮਾਰਨਾ। ਲੇਖਕ ਆਪਣੇ ਲਿਖੇ ਤੇ ਮਿਹਨਤ ਨਹੀਂ ਕਰਦੇ ,ਪਰੂਫ ਤੱਕ ਨਹੀਂ ਪੜ੍ਹਦੇ, ਸਾਡੇ ਕੋਈ ਪੇਸ਼ਾਵਰ ਐਡੀਟਰ ਨਹੀਂ ਹੈ । ਜੇ ਖਰੜਾ ਪੜ੍ਹ ਕੇ ਸੁਝਾਅ ਦੇ ਦੇਈਏ ਤਾਂ ਕੋਈ ਮੰਨਦਾ ਨਹੀਂ ।ਇੱਕ ਚੰਗਾ ਲੇਖਕ ਹਜ਼ਾਰਾਂ ਪਾਠਕ ਅਤੇ ਦਰਜਨਾਂ ਪ੍ਰਕਾਸ਼ਕ ਪੈਦਾ ਕਰਦਾ ਹੈ ।ਮਾੜਾ ਲੇਖਕ ਪਾਠਕਾਂ ਨੂੰ ਮਾਰਦੇ ਲੇਖਕ ਬਨਣ ਦੇ ਚਾਹਵਾਨਾਂ ਨੂੰ ਗੁਮਰਾਹ ਕਰਦੇ ਅਤੇ ਪ੍ਰਕਾਸ਼ਕਾਂ ਨੂੰ ਖਤਮ ਕਰ ਦਿੰਦਾ। ਯੂ ਜੀ ਸੀ ਨੇ ਤਾਂ ਜਵਾਂ ਬੇੜਾ ਗਰਕ ਕਰ ਦਿੱਤਾ ਹੈ ਏਪੀਆਈ ਸਕੋਰ ਦੇ ਚੱਕਰ ਵਿੱਚ ਤੁਹਾਡੇ ਵਿਦਵਾਨ ਕੀ ਲਿਖੀ ਜਾਂਦੇ ਹਨ ਜਿਹੜਾ ਛਾਪਣ ਨੂੰ ਤਾਂ ਕੀ ਵੇਖਣ ਨੂੰ ਵੀ ਜੀਅ ਨਹੀਂ ਕਰਦਾ। ਮੈਨੂੰ ਉਹਦੀਆਂ ਗੱਲਾਂ ਵਿੱਚ ਦਮ ਲੱਗਿਆ ਪਰ ਕੀ ਕਰਾਂ ਲੇਖਕ ਬਰਾਦਰੀ ਦਾ ਜੋ ਹੋਇਆ ਸੋ ਇਸ ਗੱਲ ਤੇ ਸਮਝੌਤਾ ਹੋ ਗਿਆ ਕਿ ਚੰਗੇ ਮਾੜੇ ਦੋਵੇਂ ਲੇਖਕ ਹਨ ।ਤੁਸੀਂ ਚੰਗੇ ਲੇਖਕਾਂ ਨੂੰ ਪੈਸੇ ਦਿਓ ਮਾੜੇ ਆਪੇ ਮਰ ਜਾਣਗੇ ਤੇ ਮਾੜਿਆਂ ਨੂੰ ਨਾ ਛਾਪੋ।

ਅਸੀਂ ਵਿਸ਼ਵ ਪੰਜਾਬੀ ਕਾਨਫਰੰਸ ਲਈ ਪਾਕਿਸਤਾਨ ਗਏ ਤਾਂ ਸਾਡੇ ਦੋਹਾਂ ਦਾ ਫਲੈਟੀ ਹੋਟਲ ਵਿੱਚ ਇੱਕੋ ਕਮਰਾ ਸੀ। ਇਹ ਕਮਰਾ ਵਾਈਨ ਸ਼ਾਪ ਦੇ ਉੱਪਰ। ਸਥਾਨਕ ਪਾਕਿਸਤਾਨੀ ਮਿੱਤਰ ਵਾਰ ਵਾਰ ਆਉਣ ਤੇ ਦਾਰੂ ਖਰੀਦਣ ਲਈ ਪਾਸਪੋਰਟ ਮੰਗਣ, ਇੱਕ ਪਾਸਪੋਰਟ ਤੇ ਹੱਦੋਂ ਵੱਧ ਦਾਰੂ ਚੜ੍ਹਦੀ ਦੇਖ, ਮੇਰੇ ਪਾਸਪੋਰਟ ਤੇ ਠੇਕੇ ਵਾਲੇ ਨੇ ਹੋਰ ਦਾਰੂ ਦੇਣ ਤੋਂ ਇਨਕਾਰ ਕਰ ਦਿੱਤਾ ।ਤਲਬੀ ਮਿੱਤਰ ਹਰੀਸ਼ ਜੈਨ ਵੱਲ ਝਾਕਣ ਲੱਗੇ ਜੈਨ ਸਾਹਿਬ ਨੇ ਪਾਸਪੋਰਟ ਫੜਾ ਦਿੱਤਾ ਮੈਂ ਕਿਹਾ ਤੁਸੀਂ ਤਾਂ ਪੀਂਦੇ ਨਹੀਂ, ਜੈਨੀ ਹੋ ਕਹਿੰਦੇ ਦਰ ਤੇ ਆਏ ਖਾਲੀ ਮੋੜਨੇ ਚੰਗੇ ਨਹੀਂ ਲਗਦੇ। ਸ਼ਾਮ ਨੂੰ ਅਵਾਰੀ ਹੋਟਲ ਵਿਚ ਡਿਨਰ ਸੀ ।ਖਾਣ ਪੀਣ ਦਾ ਮਾਹੌਲ ਸੀ ਪਾਕਿਸਤਾਨ ਵਿੱਚ ਆਮ ਬੰਦੇ ਲਈ ਸੌ ਬੰਦਸ਼ਾਂ ਹਨ ਪਰ ਵੱਡੇ ਹੋਟਲਾਂ ਵਿੱਚ ਸਭ ਚੱਲਦਾ ਹੈ । ਭਾਰਤੀ ਬੰਦੇ ਪਾਕਿਸਤਾਨੀ ਖਵਾਤੀਨ ਦੇ ਡੇਲੇ ਵੇਖਣ ਅਤੇ ਪਾਕਿਸਤਾਨੀ ਮਰਦ ਭਾਰਤੀ ਬੈਡ ਵੋਮੈਨਜ਼ ਨਾਲ ਡਾਂਸ ਕਰਨ ਦੇ ਚਾਹਵਾਨ ਸਨ। ਕਿਸੇ ਨੂੰ ਕੁਝ ਨਹੀਂ ਸੁੱਝ ਰਿਹਾ ਸੀ। ਮਿਊਜ਼ਿਕ ਦਾ ਸ਼ੋਰ ਭੰਗੜਾ,ਠੁਮਕਾ ਅਤੇ ਧਮਾਲ ਮਿਲੇ ਜੁਲੇ ਪਏ ਸੀ। ਮੈਂ ਦੇਖਾਂ ਹਰੀਸ਼ ਕਿਤੇ ਦਿਖ ਨਹੀਂ ਰਿਹਾ। ਫਿਰ ਮੈਂ ਦੇਖਿਆ ਦੂਰ ਬੈਠੇ ਬਰਿਆਨੀ ਖਾ ਰਿਹਾ ਹੈ ।ਮੈਂ ਪੁੱਛਿਆ ਆਨੰਦ ਲੈ ਰਹੇ ਹੋ । ਵੈਜੀਟੇਰੀਅਨ ਬਰਿਆਨੀ ਮਿਲਗੀ ।ਕਹਿੰਦੇ ਸਾਰੇ ਭਾਂਡੇ ਦੇਖਲੇ ਸਭ ਵਿੱਚ ਕੁਝ ਨਾ ਕੁਝ ਸੀ ।ਅਖੀਰ ਬਰਿਆਨੀ ਪਾਲੀ ਉਹਦੇ ਵਿੱਚ ਵੀ ਕੁਝ ਸੀ, ਪਰੇ ਕਰਤੇ ਹੁਣ ਤਾਂ ਖਾਲੀ ਚੌਲ਼ ਨੇ, ਮੈਂ ਕਿਹਾ ਰਸ ਤਾਂ ਵਿੱਚ ਹੀ ਹੋਊ। ਉਹ ਧਰਮ ਬਾਰੇ ਬਹਿਸ ਨਹੀਂ ਕਰਦਾ ਭਾਵੇਂ ਉਸ ਦੀਆਂ ਗੱਲਾਂ ਵਿੱਚ ਵੱਡਾ ਵਿਵਹਾਰਕ ਦਾਰਸ਼ਨਿਕ ਸੱਚ ਛੁਪਿਆ ਹੁੰਦਾ ਹੈ ।

ਸ਼ਾਹੂਕਾਰਾਂ ਬਾਰੇ ਮਸ਼ਹੂਰ ਹੈ ਕਿ ਉਹ ਦੋ ਚੀਜ਼ਾਂ ਤੇ ਖੂਬ ਪੈਸਾ ਖਰਚਦੇ ਹਨ ਇੱਕ ਮਕਾਨ ਉੱਪਰ ਅਤੇ ਦੂਜਾ ਵਿਆਹ ਉੱਪਰ। ਮੈਂ ਇਸ ਗੱਲ ਦਾ ਗਵਾਹ ਹਾਂ ਇਸ ਪੱਖੋਂ ਜੈਨ ਪੱਕਾ ਸ਼ਾਹੂਕਾਰ ਹੈ। ਚੰਡੀਗੜ੍ਹ ਕਾਰਨਰ ੫੦੦ ਗਜ਼ ਦਾ ਪਲਾਟ ਤੇ ਦੋਮੰਜ਼ਲੀ ਕੋਠੀ ਅਤੇ ਵਿਆਹਾਂ ਦੇ ਤਾਂ ਕੀ ਕਹਿਣੇ ਮੁੰਡਾ ਹੋਵੇ ਜਾਂ ਕੁੜੀ ਸ਼ਾਹਾਨਾ ਵਿਆਹ। ਕੁੜਮ ਐੱਨਆਰਆਈ ਟੱਕਰ ਗਏ ਤਾਂ ਸ਼ਗਨ ਵੀ ਡਾਲਰਾਂ ਵਿੱਚ ਪਾਉਂਦਾ ਹੈ ।ਮੁੰਡੇ ਦਾ ਵਿਆਹ ਦਾਰੂ ਪਾਣੀ ਵਾਂਗ ਵਹਾਉਂਦਾ ਹੈ । ਵਿਆਹ ਤੇ ਜਾ ਕੇ ਪਤਾ ਚੱਲਦਾ ਹੈ ਕਿ ਬਿਨਾਂ ਮੀਟ ਤੋਂ ਵੀ ਛੱਤੀ ਸੌ ਆਈਟਮਾਂ ਹੋ ਸਕਦੀਆਂ ਹਨ ।

ਜਿਨ੍ਹਾਂ ਦਿਨਾਂ ਵਿਚ ਮੈਂ ਹਰੀਸ਼ ਜੈਨ ਨੂੰ ਜਾਣਨ ਲੱਗਿਆ, ਉਨ੍ਹਾਂ ਦਿਨਾਂ ਵਿਚ ਲੋਕਗੀਤ ਪ੍ਰਕਾਸ਼ਨ ਹੁਣ ਵਾਂਗ ਪੂਰੀ ਤਰ੍ਹਾਂ ਚੜ੍ਹਿਆ ਹੋਇਆ ਨਹੀਂ ਸੀ। ਜਦੋਂ ਮੈਂ ਉਸ ਤੋਂ ਉਸ ਦੇ ਘਰ ਦਾ ਪਤਾ ਪੁੱਛਿਆ ਤਾਂ ਉਸ ਨੇ ਕਿਹਾ ਸਰਹਿੰਦ ਆਕੇ ਮੁਨੀਮੀ ਸਕੂਲ ਪੁੱਛ ਲਈਂ। ਮੈਂ ਕਿਹਾ ਇਹ ਮੁਨੀਮੀ ਸਕੂਲ ਕਿੱਥੇ ਹੈ? ਤਾਂ ਉਸ ਨੇ ਦੱਸਿਆ ਕਿ ਕਿਸੇ ਤੋਂ ਮਰਜੀ ਪੁੱਛ ਲਈਂ ਸਭ ਨੂੰ ਪਤੈ। ਮੈਂ ਆਲੇ-ਦੁਆਲੇ ਤੋ ਹੋਰ ਨਿਸ਼ਾਨੀਆਂ ਵੀ ਪੁੱਛੀਆਂ ਤਾਂ ਉਨ੍ਹਾਂ ਦੱਸਿਆ ਕਿ ਰੇਲ ਲਾਈਨ ਤੋਂ ਪਾਰ ਡਾਕਖਾਨੇ ਕੋਲ ਚਲਾ ਜਾਈਂ। ਜਦੋਂ ਮੈਂ ਸਰਹਿੰਦ ਗਿਆ ਤਾਂ ਜਿਸ ਤੋਂ ਵੀ ਡਾਕਖਾਨਾ ਪੁੱਛਿਆ ਤਾਂ ਉਸ ਨੇ ਮੁਨੀਮੀ ਸਕੂਲ ਕੋਲ ਦੱਸਿਆ ਤੇ ਜੇ ਮੁਨੀਮੀ ਸਕੂਲ ਪੁੱਛਿਆ ਤਾਂ ਡਾਕਖਾਨੇ ਕੋਲ ਦੱਸਿਆ। ਅਜਿਹੀ ਪ੍ਰਸਿੱਧੀ ਸੀ, ਸ਼੍ਰੀ ਚਰਨਦਾਸ ਜੈਨ ਦਾ ਹਰੀਸ਼ ਬਾਪ ਸੀ ਜਿਸ ਨੂੰ ਸਾਰੇ ਬਾਈ ਜੀ ਕਿਹਾ ਕਰਦੇ ਸਾਂ। ਸੋ ਪਹਿਲੀ ਵਾਰ ਬਾਈ ਜੀ ਨੂੰ ਮਿਲਣ ਤੋਂ ਪਹਿਲਾਂ ਮੈਨੂੰ ਉਨ੍ਹਾਂ ਦਾ ਸਕੂਲ ਮਿਲਿਆ। ਫੇਰ ਬਾਈ ਜੀ ਅਤੇ ਉਨ੍ਹਾਂ ਦੀ ਚਾਹ ਵਾਲੀ ਪਰੰਪਰਿਕ ਗੜਬੀ। ਉਹ ਮੇਰੇ ਸਾਹਮਣੇ ਬੈਠ ਕੇ ਗੜਬੀ ਵਿਚੋਂ ਕੌਲੀ ਵਿਚ ਥੋੜ੍ਹੀ ਥੋੜ੍ਹੀ ਚਾਹ ਪਾ ਕੇ ਪੀ ਰਹੇ ਸਨ। ਮੈਨੂੰ ਉਨ੍ਹਾਂ ਦੇ ਇਸ ਅੰਦਾਜ ਤੋਂ ਉਨ੍ਹਾਂ ਦੇ ਸਨਾਤਨੀ ਸੁਭਾਅ ਦਾ ਅੰਦਾਜਾ ਹੋ ਗਿਆ। ਸਨਾਤਨੀ ਸੁਭਾਅ ਦੇ ਉਹ ਸਾਰੇ ਗੁਣ ਸਹਿਜਮਤਾ, ਆਪਣੀ ਗੱਲ ਤੇ ਅਡੋਲ ਰਹਿਣਾ, ਕਹਿਣੀ ਅਤੇ ਕਥਨੀ ਦਾ ਪੂਰਾ ਹੋਣਾ ਉਨ੍ਹਾਂ ਦੇ ਸੁਭਾਅ ਵਿਚ ਸੀ। ਦੇਖਣੀ ਪਾਖਣੀ ਵਿਚ ਆਪਣੀ ਉਮਰ ਤੋਂ ਉਹ ਛੋਟੇ ਲਗਦੇ ਸਨ,ਅਸੀ ਹਾਸੇ ਵਿਚ ਆਖਦੇ ਕਿ ਉਹ ਹਰੀਸ਼ ਜੈਨ ਦੇ ਵੱਡੇ ਅਤੇ ਸਤੀਸ਼ ਜੈਨ ਦੇ ਛੋਟੇ ਭਰਾ ਹਨ। ਖ਼ੂਬਸੂਰਤ, ਦਰਸ਼ਨੀ ਦਿੱਖ ਵਾਲੇ ਸਿਹਤਮੰਦ ਸ਼੍ਰੀ ਜੈਨ ਦੀ ਚੰਗੀ ਸਿਹਤ ਦਾ ਰਾਜ ਸ਼ਾਇਦ ਉਨ੍ਹਾਂ ਦੀ ਵੈਦਗਿਰੀ ਵਿਚ ਰੁਚੀ ਹੋਣਾ ਸੀ। ਉਹ ਆਏ ਗਏ ਨਾਲ ਗੱਲਾਂ ਗੱਲਾਂ ਵਿਚ ਹੀ ਕਈ ਅਹਿਮ ਨੁਕਤੇ ਸਿਹਤ ਬਾਰੇ ਦਸਦੇ। ਉਨ੍ਹਾਂ ਦੀ ਬਿਰਤੀ ਵਿਚ ਅਸੂਲਾਂ ਤੇ ਪਾਬੰਦ ਰਹਿਣਾ ਤੇ ਆਪਣੇ ਪੈਰਾਂ ਸਿਰ ਖੜੇ ਹੋਣਾ ਸ਼ਾਇਦ ਪਰਜਾ ਮੰਡਲੀ ਪਿਛੋਕੜ ਵਿਚੋਂ ਸੀ। ਹਰ ਗੱਲ ਨੂੰ ਸਮਝਣਾ ਅਤੇ ਫੇਰ ਸਮਝਾਉਣਾ ਉਨ੍ਹਾਂ ਦੇ ਅਧਿਆਪਕੀ ਕਿੱਤੇ ਦੀ ਦੇਣ ਸੀ। ਆਖ਼ਰੀ ਸਮੇਂ ਤਕ ਉਨ੍ਹਾਂ ਨੇ ਮੁਨੀਮੀ ਸਕੂਲ ਚਲਾਇਆ ਜਿਸ ਵਿਚ ਛੋਟੇ ਬੱਚਿਆਂ ਨੂੰ ਲਿਖਣਾ ਪੜ੍ਹਨਾ ਵੀ ਸਿਖਾਇਆ ਜਾਂਦਾ ਸੀ ਅਤੇ ਵੱਡਿਆਂ ਨੂੰ ਪਰੰਪਰਿਕ ਲੇਖਾਕਾਰੀ ਵੀ ਸਿਖਾਈ ਜਾਂਦੀ ਸੀ। ਬਿਜਨਸਮੈਨ ਪੁੱਤਰ ਹਰੀਸ਼ ਜੈਨ, ਪੋਤਰੇ ਰੋਹਿਤ ਜੈਨ ਅਤੇ ਰਾਹੁਲ ਜੈਨ ਕੋਲ ਚੰਗੇ ਭਲੇ ਸਕੂਲ ਨੂੰ ਵੱਡੇ ਪੈਸਾ ਕਮਾੳੂ ਪਬਲਿਕ ਸਕੂਲ ਵਿਚ ਬਦਲਣ ਦੀ ਸਮਰਥਾ ਸੀ ਪਰ ਸ਼੍ਰੀ ਚਰਨਦਾਸ ਜੈਨ ਇਸ ਨੂੰ ਪਰੰਪਰਿਕ ਸਿੱਖਿਆ ਸੇਵੀ ਸੰਸਥਾ ਵਜੋਂ ਹੀ ਰੱਖਣਾ ਚਾਹੁੰਦੇ ਸਨ ਜਿਸ ਵਿਚ ਮੁਹੱਲੇ ਦੇ ਆਮ ਬੱਚੇ ਵੀ ਪੜ੍ਹ ਸਕਣ। ਉਨ੍ਹਾਂ ਦੀ ਇਸ ਇੱਛਾ ਤੇ ਛੋਟੇ ਜੈਨਾਂ ਨੇ ਵੀ ਫੁੱਲ ਚੜ੍ਹਾਈ ਰੱਖੇ।ਜੈਨ ਸਾਹਿਬ ਦੇਸੀ ਆਯੁਰਵੈਦਿਕ ਵੈਦਗਿਰੀ ਦੇ ਜਾਣਕਾਰ ਹੀ ਨਹੀਂ ਸਗੋਂ ਰਜਿਸਟਰਡ ਵੈਦ ਵੀ ਸਨ। ਉਹ ਉੱਲ ਦੇ (ਮਾਈਗਰੇਨ)ਇਲਾਜ ਦੇ ਮਾਹਿਰ ਸਨ। ਉਹ ਉੱਲ ਦੇ ਇਲਾਜ ਲਈ ਵਿਸ਼ੇਸ਼ ਨਾੜੀ ਕੱਟ ਕੇ ਸ਼ੱਲਯ ਚਕਿਤਸਾ(ਦੇਸੀ ਸਰਜਰੀ) ਵੀ ਕਰਦੇ ਸਨ। ਮੇਰੀ ਪਤਨੀ ਚਰਨਜੀਤ ਨੂੰ ਉਨ੍ਹਾਂ ਨੇ ਮਾਈਗ੍ਰੇਨ ਤੋਂ ਬਚਾਓ ਲਈ ਹਮੇਸ਼ਾ ਦਾਲ-ਸਬਜੀ ਵਿਚ ਹਿੰਗ ਪਾਉਣ ਦਾ ਨੁਸਖਾ ਦੱਸਿਆ ਜੋ ਸਾਡੇ ਘਰ ਅੱਜ ਤਕ ਲਾਗੂ ਹੈ। ਉਹ ਭਲਿਆਂ ਸਮਿਆਂ ਵਿਚ ਸਰਹੰਦ ਨਾਲ ਲਗਦੇ ਪਿੰਡ ਹਮਾਯੂੰਪੁਰ ਦੇ ਸਰਪੰਚ ਰਹੇ ਅਤੇ ਸਰਪੰਚ ਵੀ ਅਜਿਹੇ ਕਿ ਜਿਨ੍ਹਾਂ ਦਾ ਮੰਤਵ ਹੀ ਸਾਰੇ ਪਿੰਡ ਦੀ ਭਲਾਈ ਸੋਚਣਾ ਹੋਵੇ। ਹਮਾਯੂੰਪੁਰ ਦੇ ਪੁਰਾਣੇ ਬਸਿ਼ੰਦੇ ਅਜੇ ਵੀ ਇਹ ਗੱਲ ਸੁਣਾਉਂਦੇ ਹਨ ਕਿ ਇਕ ਵਾਰ ਜਦੋਂ ਦੇਸ਼ ਵੰਡ ਤੋਂ ਬਾਅਦ ਖਾਲੀ ਹੋਈ ਜ਼ਮੀਨ ਮੁੜ ਵੰਡੀ ਜਾਣ ਲੱਗੀ ਤਾਂ ਉਸ ਸਮੇਂ ਉਨ੍ਹਾਂ ਨੇ ਖਾਲੀ ਜ਼ਮੀਨ ਤੇ ਵਸੇਬਾ ਕਰੀ ਬੈਠਿਆਂ ਨੂੰ ਸਰਕਾਰੀ ਬੋਲੀ ਦੇ ਰੇਟ ਤੇ ਸਾਰੀ ਜ਼ਮੀਨ ਪੱਕੀ ਨਾਂ ਕਰਵਾਈ ਸੀ। ਉਨ੍ਹਾਂ ਇਹ ਐਲਾਨ ਕਰ ਦਿੱਤਾ ਸੀ ਕਿ ਕੋਈ ਵੀ ਬੰਦਾ ਹੱਕੀ ਬੰਦੇ ਦੇ ਉਤੋਂ ਦੀ ਬੋਲੀ ਨਹੀਂ ਦੇਵੇਗਾ ਅਤੇ ਬੋਲੀ ਵੀ ਸਰਕਾਰੀ ਰੇਟ ਤੋਂ ਇਕ ਰੁਪਏ ਤੋਂ ਵੱਧ ਵਧਾਈ ਨਹੀਂ ਜਾਵੇਗੀ। ਅੱਜ ਹਰ ਕੋਈ ਗੱਲੀਂਬਾਤੀਂ ਦੇਸ਼ ਭਗਤ ਬਣਿਆ ਫਿਰਦਾ ਹੈ ਪਰ ਬਹੁਤ ਸਾਰੇ ਅਜਿਹੇ ਲਾਲ ਵੀ ਸਨ ਜਿਨ੍ਹਾਂ ਨੇ ਆਪਣੇ ਸਮੇਂ ਵਿਚ ਆਜ਼ਾਦੀ ਲਈ ਫਰਜ਼ ਸਮਝ ਕੇ ਘੋਲ ਕਮਾਈ ਪਰ ਮੁੜ ਇਸ ਨੂੰ ਧੰਦਾ ਨਹੀਂ ਬਣਾਇਆ। ਸ਼੍ਰੀ ਚਰਨਦਾਸ ਜੈਨ ਵੀ ਅਜਿਹੇ ਹੀ ਦੇਸ਼ ਭਗਤ ਸਨ। ਉਹ ਪੰਜਾਹਵਿਆਂ ਤੋਂ ਬਾਅਦ ਭਾਵੇਂ ਸਰਹਿੰਦ ਆ ਕੇ ਵਸ ਗਏ ਸਨ ਪਰ ਉਨ੍ਹਾਂ ਦਾ ਜੱਦੀ ਪਿੰਡ ਸੁਨਾਮ ਨੇੜੇ ਛਾਹਟ ਛਾਜਲੀ ਸੀ ਅਤੇ ਪਿੱਛੋਂ ਉਹ ਬਠਿੰਡੇ ਇਲਾਕੇ ਵਿਚ ਵੀ ਕੁਝ ਦੇਰ ਰਹੇ। ਇਸ ਤਰ੍ਹਾਂ ਉਹ ਰਿਆਸਤੀ ਇਲਾਕੇ ਵਿਚ ਵਿਚਰਦੇ ਰਹੇ ਸਨ ਤੇ ਇਸ ਇਲਾਕੇ ਦੀ ਰਾਜਸੀ ਲਹਿਰ ਪਰਜਾ ਮੰਡਲ ਦੇ ਪੱਕੇ ਵਰਕਰ ਸਨ।

ਅਜਿਹੇ ਪਰਿਵਾਰ ਵਿਚ ਪਹਿਲੀ ਵਾਰੀ ਪਰਿਵਾਰ ਸਮੇਤ ਸਰਹੰਦ ਗਏ ਤਾਂ ਸਾਂਝਾ ਟੱਬਰ ਪਤਾ ਨਾ ਚੱਲੇ ਸਾਰੇ ਘਰ ਦੇ ਜੀਅ ਨੇ ਜਾਂ ਕੋਈ ਬਾਹਰੋਂ ਆਇਆ। ਹਰੀਸ਼ ਦੀ ਬੀਵੀ ਅਤੇ ਛੋਟਾ ਭਰਾ ਸਤੀਸ਼ ਦੀ ਬੀਵੀ ਸਕੀਆਂ ਭੈਣਾਂ ਹਨ। ਸਤੀਸ਼ ਦਾ ਬੇਟਾ ਰਾਹੁਲ,ਹਰੀਸ਼ ਦਾ ਬੇਟਾ ਰੋਹਿਤ ਚਾਰ ਬੇਟੀਆ ਰਾਸ਼ੀ,ਰਿਤੂ,ਰੂਪੀ,ਸ਼ਰੁਤੀ ਅਤੇ ਬਾਈ ਜੀ ਚਰਨ ਦਾਸ। ਹਰੀਸ਼ ਨੇ ਮਿਹਨਤ ਵੀ ਖੂਬ ਕੀਤੀ ਅੱਸੀਵਿਆਂ ਵਿੱਚ ਖ਼ੁਦ ਮਰੂਤੀ ਵੈਨ ਤੇ ਸਟਾਲ ਲਾਉਂਦਾ ਰਿਹਾ। ਪ੍ਰਕਾਸ਼ਨ ਵਿੱਚ ਬੜਾ ਘੁਮ ਫਿਰ ਕੇ ਆਇਆ ਹੈ ।ਪਹਿਲਾਂ ਫੂਡ ਸਪਲਾਈ ਵਿੱਚ ਕੁਆਲਟੀ ਇੰਸਪੈਕਟਰ ਸੀ,ਕੁਝ ਦੇਰ ਬੈਂਕ ਵਿੱਚ ਕਲਰਕ ਰਿਹਾ, ਘਰ ਦੇ ਸਕੂਲ ਪੜ੍ਹਾਇਆ ਵੀ, ਫਿਰ ਹੋਰ ਕਈ ਪਾਪੜ ਵੇਲੇ ਇੰਨਾ ਪਾਪੜਾਂ ਵਿੱਚ ਲੋਹੇ ਦਾ ਸਕਰੈਪ ਖਰੀਦਣ ਵੇਚਣ ਤੋਂ ਲੈ ਕੇ ਦਵਾਈਆਂ ਵੇਚਣ ਕਈ ਕੁਝ ਸ਼ਾਮਿਲ ਹੈ । ਕਰਿਆਨਾ ਤਾਂ ਖੈਰ ਹੁੰਦਾ ਹੀ ਸਭ ਦਾ ਬਾਪ ਹੈ,ਉਹ ਵੀ ਕੀਤਾ ।ਅਖੀਰ ਸਪੀਕਰਾਂ ਵਿੱਚ ਵੱਜਦੇ ਗੀਤਾਂ ਦੀਆਂ ਕਿਤਾਬਾਂ ਛਾਪਣੀਆਂ ਸ਼ੁਰੂ ਕਰ ਦਿੱਤੀਆਂ, ਕਾਪੀ ਰਾਈਟ ਦੇ ਮੁਕੱਦਮੇ ਵੀ ਚੱਲੇ, ਇਸੇ ਕਰਕੇ ਮੁੱਢਲੇ ਦੌਰ ਤੇ ਪ੍ਰਕਾਸ਼ਨ ਦਾ ਨਾਂ ਲੋਕ ਗੀਤ ਸੀ। ਉਹ ਅੱਜ ਯੂਨੀਸਟਾਰ ਬਣ ਕੇ ਚਮਕ ਰਿਹਾ ਹੈ। ਕਈ ਸਿਸਟਰ ਕਨਸਰਨ ਵੀ ਹਨ ਜਿਵੇਂ ਬਿਜ਼ਨਸ ਵਾਲੇ ਆਖਦੇ ਹਨ ਸ਼ਰੂਤੀ ਪਾਕਟ ਬੁੱਕਸ।ਸਮਾਣੇ ਵਾਲਾ ਸੰਗਮ ਪ੍ਰਕਾਸ਼ਨ ਉਸ ਦੇ ਸਾਲੇ ਦਾ ਹੀ ਹੈ। ਉਹ ਸਹੀ ਮਾਅਨਿਆਂ ਵਿੱਚ ਸਿਸਟਰ ਕਰਨਸਰਨ ਹੀਂ ਹੈ ।

ਅੱਜ ਸੁੱਖ ਨਾਲ ਪੋਤਰਿਆਂ ਦੋਹਤਰਿਆਂ ਵਾਲਾ ਸਾਰੀਆਂ ਧੀਆਂ ਵਿਆਹੀਆਂ ਨੇ, ਕਾਰੋਬਾਰ ਰੋਹਿਤ ਹਵਾਲੇ ਕਰਕੇ ਬੈਠਾ ਹੈ। ਪੜ੍ਹਦਾ ਲਿਖਦਾ ਰਹਿੰਦਾ ਹੈ ਜੇਕਰ ਕਿਤਾਬ ਚੰਗੀ ਲੱਗੇ ਤਾਂ ਰੀਝ ਨਾਲ ਛਾਪ ਦਿੰਦਾ ਹੈ ਨਹੀਂ ਤਾਂ ਕੰਪਿਊਟਰ ਤੇ ਬੈਠੇ ਮੁੰਡੇ ਅੱਖਰ ਟਾਈਪ ਕਰੀ ਜਾਂਦੇ ਆ, ਟਾਈਟਲ ਬਣੀ ਜਾਂਦੇ ਆਂ, ਮਸ਼ੀਨਾਂ ਘੁੰਮੀ ਜਾਂਦੀਆਂ ਨੇ, ਜਿਲਦਾਂ ਬੰਨਣ ਵਾਲੇ ਬੰਨ੍ਹੀ ਜਾਂਦੇ ਨੇ,ਕਈਆਂ ਦਾ ਰੁਜ਼ਗਾਰ ਤੁਰਿਆ ਹੋਇਆ ਹੈ । ਰੋਹਿਤ ਦਾ ਵਧੇਰੇ ਧਿਆਨ ਬਲਕ ਪ੍ਰਿੰਟਿੰਗ ਵਿੱਚ ਹੈ ਦਵਾਈਆਂ ਦੇ ਡੱਬੇ ਛਾਪਤੇ,ਵੱਡਾ ਕੰਮ ਲੈਕੇ ਖੁਸ਼ ਹੈ, ਜਿਸ ਵਿਚ ਬਹੁਤਾ ਕੁਝ ਕਰਨਾ ਨਾ ਪਵੇ। ਕੰਮ ਕੀਤਾ ਪੈਸੇ ਹੱਥ ਹੇਠ। ਕਿਤਾਬਾਂ ਦਾ ਖਲਜਗਣ ਦਾ ਕੰਮ ਹੈ। ਪਰ ਹਰੀਸ਼ ਆਪਣੇ ਮਨ ਦਾ ਕੀ ਕਰੇ ,ਹਰ ਵੇਲੇ ਚੰਗੀ ਕਿਤਾਬ ਦੀ ਉਡੀਕ ਵਿੱਚ ਬੈਠਾ ਰਹਿੰਦਾ ਹੈ ਜਿਹਨੂੰ ਉਹ ਰੀਝ ਨਾਲ ਛਾਪ ਸਕੇ । ਸਰਹਿੰਦ ਸਨਾਤਨੀ ਸੀ ਚੰਡੀਗੜ੍ਹ ਸਭ ਕੁਝ ਮਾਡਰਨ ਹੋ ਗਿਆ ਸਰਹਿੰਦ ਬਾਈ ਜੀ ਦੀ ਚੱਲਦੀ ਸੀ ਚੰਡੀਗੜ੍ਹ ਬੱਚਿਆਂ ਦੀ ਚੱਲਦੀ ਹੈ ਹਰੀਸ਼ ਦੀ ਤਾਂ ਵਿੱਚ ਵਿਚਾਲੇ ਹੀ ਰਹੀ। ਹਰ ਹਾਲਤ ਵਿੱਚ ਖੁਸ਼ ਮਾਪਿਆਂ ਦੀਆਂ ਬੰਦਸ਼ਾਂ ਵੀ ਕਬੂਲ, ਬੱਚਿਆਂ ਦੀਆਂ ਖੁੱਲ੍ਹਾਂ ਵੀ ਕਬੂਲ ,ਆਖਰ ਬੱਚੇ ਵੀ ਤਾਂ ਹਰੀਸ਼ ਦੇ ਹੀ ਹਨ ਖੁੱਲ੍ਹਾਂ ਵੀ ਬੰਧਨ ਵਿੱਚ ਹੀ ਮਾਣਦੇ ਨੇ ਵੱਧ ਤੋਂ ਵੱਧ ਕੰਧ ਜਿੱਡਾ ਟੀ ਵੀ ਲੈ ਲਿਆ ਜਾਂ ਕਦੇ ਘਰ ਵਿੱਚ ਨਿਉ ਈਅਰ ਦੀ ਪਾਰਟੀ ਕਰ ਲਈ ।